ਅੰਗਰੇਜ਼ਾਂ ਨੂੰ ਡਰਾਉਣ ਵਾਲੇ ਬਟੁਕੇਸ਼ਵਰ ਦੱਤ ਨੂੰ ਸਰਕਾਰ ਤੇ ਸਮਾਜ ਭੁੱਲਿਆ

04/09/2018 3:34:05 AM

ਅੰਮ੍ਰਿਤਸਰ,   (ਜ. ਬ., ਨਵਦੀਪ)-  ਜਿਸ ਕ੍ਰਾਂਤੀਕਾਰੀ ਬਟੁਕੇਸ਼ਵਰ ਦੱਤ ਨੇ 8 ਅਪ੍ਰੈਲ 1929 ਨੂੰ ਭਗਤ ਸਿੰਘ ਨਾਲ ਮਿਲ ਕੇ ਅੰਗਰੇਜ਼ਾਂ ਦੀ ਸੰਸਦ ਦੇ ਬਾਹਰ ਬੰਬ ਚਲਾ ਕੇ ਅੰਗਰੇਜ਼ਾਂ ਨੂੰ ਕੰਬਣ ਲਾ ਦਿੱਤਾ ਤੇ ਪਰਚੇ ਵੰਡ ਕੇ ਦੇਸ਼ ਦੀ ਆਜ਼ਾਦੀ ਮੰਗੀ ਸੀ, ਉਸ ਕ੍ਰਾਂਤੀਕਾਰੀ ਨੂੰ ਉਹ ਲੋਕ ਭੁੱਲ ਗਏ ਹਨ ਜੋ ਉਨ੍ਹਾਂ ਦੇ ਨਾਂ ਦੀ ਸੜਕ 'ਤੇ ਚੱਲਦੇ ਹਨ ਅਤੇ ਜੋ ਉਨ੍ਹਾਂ ਦੇ ਨਾਂ ਦੇ ਮੁਹੱਲੇ ਵਿਚ ਰਹਿੰਦੇ ਹਨ। ਹੈਰਾਨੀ ਉਦੋਂ ਹੋਈ ਜਦੋਂ ਬਟੁਕੇਸ਼ਵਰ ਦੱਤ ਰਸਤੇ ਤੋਂ 10 ਕਦਮ ਦੂਰ ਸਥਿਤ ਦੁਕਾਨਦਾਰ ਵੀ ਬਟੁਕੇਸ਼ਵਰ ਦੱਤ ਬਾਰੇ ਅਣਜਾਣ ਦਿਸੇ। ਜਗ ਬਾਣੀ ਨੇ ਬਟੁਕੇਸ਼ਵਰ ਦੱਤ ਦੇ ਨਾਂ ਦੇ ਬੋਰਡ ਨਾਲ ਅਜਿਹੇ ਸ਼ਹਿਰਵਾਸੀਆਂ ਦੀ ਫੋਟੋ ਤੱਕ ਖਿੱਚੀ ਜੋ ਫੋਟੋ ਖਿਚਵਾਉਣ ਤੋਂ ਬਾਅਦ ਬੋਰਡ 'ਤੇ ਨਾਂ ਪੜ੍ਹ ਕੇ ਹੈਰਾਨ ਸਨ, ਉਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਬਟੁਕੇਸ਼ਵਰ ਦੱਤ ਕੌਣ ਹਨ ਅਤੇ ਉਨ੍ਹਾਂ ਨੇ ਦੇਸ਼ ਲਈ ਕੀ ਯੋਗਦਾਨ ਦਿੱਤਾ। ਉਨ੍ਹਾਂ ਦੇ ਬੁੱਤ ਦੀ ਸਾਂਭ-ਸੰਭਾਲ ਨੂੰ ਲੈ ਕੇ ਲੋਕ ਤੇ ਪ੍ਰਸ਼ਾਸਨ ਅਣਜਾਣ ਹਨ। ਪੇਸ਼ ਹੈ ਇਸ ਸਬੰਧੀ ਸਪੈਸ਼ਲ ਰਿਪੋਰਟ-
ਬੀ. ਕੇ. ਦੱਤ ਗੇਟ ਨਾਂ ਤਾਂ ਰੱਖਿਆ ਪਰ ਬਣਿਆ ਨਹੀਂ
ਸਰਕਾਰ ਨੇ ਆਜ਼ਾਦੀ ਤੋਂ ਬਾਅਦ ਬਟੁਕੇਸ਼ਵਰ ਦੱਤ ਦੀ ਯਾਦ 'ਚ ਬੀ. ਕੇ. ਦੱਤ ਗੇਟ ਨਾਂ ਤਾਂ ਰੱਖਿਆ ਪਰ ਅੱਜ ਤੱਕ ਗੇਟ ਨਹੀਂ ਬਣਿਆ। ਇਹ ਭਾਰਤ 'ਚ ਪਹਿਲਾ ਅਜਿਹਾ ਗੇਟ ਹੈ ਜੋ ਕਾਗਜ਼ਾਂ ਵਿਚ ਗੇਟ ਕਹਾਉਂਦਾ ਹੈ ਪਰ ਸੱਚਾਈ ਇਹ ਹੈ ਕਿ ਕਦੇ ਗੇਟ ਬਣਿਆ ਹੀ ਨਹੀਂ ਸੀ।