ਜ਼ਮੀਨੀ ਵਿਵਾਦ ਨੂੰ ਲੈ ਕੇ 2 ਗੁੱਟਾਂ ''ਚ ਖੂਨੀ ਝੜਪ, 8 ''ਤੇ ਮਾਮਲਾ ਦਰਜ

10/30/2017 11:15:50 AM

ਤਪਾਮੰਡੀ (ਗਰਗ, ਸ਼ਾਮ) — ਪਿੰਡ ਮੇਹਤਾ 'ਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ 2 ਗੁੱਟਾਂ 'ਚ ਝਗੜਾ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮਾਮਲੇ 'ਚ ਕਾਬਜ਼ ਪੱਖ ਦੇ ਇਕ ਪ੍ਰਾਈਵੇਟ ਵੈਟਰਨਰੀ ਡਾਕਟਰ ਦੇ ਗੰਭੀਰ ਜ਼ਖਮੀ ਹੋਣ ਦੇ ਕਾਰਨ 8 ਲੋਕਾਂ 'ਤੇ ਮਾਮਲਾ ਦਰਜ ਹੋਣ ਬਾਰੇ ਜਾਣਕਾਰੀ ਮਿਲੀ ਹੈ।
ਹਸਪਤਾਲ ਤਪਾ 'ਚ ਇਲਾਜ ਅਧੀਨ ਜਗਸੀਰ ਸਿੰਘ ਨੇ ਪੁਲਸ ਦੇ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਉਹ ਪ੍ਰਾਈਵੇਟ ਵੈਟਰਨਰੀ ਡਾਕਟਰ ਹੋਣ ਦੇ ਨਾਲ-ਨਾਲ ਖੇਤੀਬਾੜੀ ਦਾ ਕੰਮ ਕਰਦਾ ਹੈ, ਉਸ ਦੇ ਦਾਦਾ ਮੰਗਲ ਸਿੰਘ ਦੇ ਭਰਾ ਜੰਗੀਰ ਸਿੰਘ ਦਾ ਵਿਆਹ ਨਾ ਹੋਣ ਕਾਰਨ ਉਸ ਦੇ ਕੋਈ ਔਲਾਦ ਨਹੀਂ ਸੀ, ਜਿਸ ਕਾਰਨ ਉਸ ਦੇ ਹਿੱਸੇ ਦੀ ਜ਼ਮੀਨ 'ਤੇ ਉਹ ਖੇਤੀ ਕਰਦਾ ਸੀ ਤੇ ਬੀਤੇ ਦਿਨ ਕੁਝ ਵਿਅਕਤੀਆਂ ਕੁਲਦੀਪ ਸਿੰਘ, ਗੁਰਮੀਤ ਸਿੰਘ, ਗੁਰਦਿੱਤ ਸਿੰਘ, ਸੌਦਾਗਰ ਸਿੰਘ, ਨਿੰਮਾ ਸਿੰਘ, ਰਮਨਦੀਪ ਕੌਰ, ਗੁਰਜੀਤ ਕੌਰ ਵਾਸੀਆਨ ਮੇਹਤਾ, ਬਾਰਾ ਸਿੰਘ ਨਿਵਾਸੀ ਰੁੜੇਕੇ ਕਲਾਂ ਜਿਨ੍ਹਾਂ ਦੇ ਹੱਥਾਂ 'ਚ ਦਾਤੀਆਂ ਤੇ ਲਾਠੀਆਂ ਸਨ, ਜ਼ਮੀਨ ਤੇ ਝੋਨੇ ਦੀ ਕਟਾਈ ਕਰਨ ਲੱਗ ਪਏ, ਜਦ ਉਸ ਨੂੰ ਪਤਾ ਲੱਗਾ ਤਾਂ ਉਹ ਖੇਤ ਗਿਆ ਤੇ ਉਕਤ ਲੋਕਾਂ ਨੂੰ ਰੋਕਣ ਲੱਗਾ, ਉਸ ਸਮੇਂ ਉਨ੍ਹਾਂ ਵਲੋਂ ਕੀਤੇ ਹਮਲੇ 'ਚ ਉਹ ਜ਼ਖਮੀ ਹੋ ਗਿਆ।
ਉਸ ਦੇ ਰੌਲਾ ਪਾਉਣ 'ਤੇ ਗੁਆਂਢੀ ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਜਾਂਚ ਅਧਿਕਾਰੀ ਗੁਰਸੇਵਕ ਸਿੰਘ ਸਹਾਇਕ ਥਾਣੇਦਾਰ ਨੇ ਦੱਸਿਆ ਕਿ ਉਕਤ ਸਾਰਿਆਂ ਦੇ ਖਿਲਾਫ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।