ਬਲਾਕ ਪੱਧਰੀ ਸੀ. ਡੀ. ਪੀ. ਓ. ਦਫਤਰ ਚੱਲ ਰਿਹਾ ਅਣਸੇਫ ਇਮਾਰਤ ''ਚ

11/21/2017 7:35:10 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ, ਜਗਸੀਰ)- ਨਿਹਾਲ ਸਿੰਘ ਵਾਲਾ ਵਿਖੇ ਸਬ-ਡਵੀਜ਼ਨ ਮੈਜਿਸਟ੍ਰੇਟ ਦਫਤਰ ਦੇ ਨਜ਼ਦੀਕ ਬਣਿਆ ਬਲਾਕ ਪੱਧਰੀ ਸੀ. ਡੀ. ਪੀ. ਓ. ਦਫਤਰ ਐੱਸ. ਡੀ. ਐੱਮ. ਦੇ ਹੁਕਮ ਦੇ ਬਾਵਜੂਦ ਅੱਜ ਵੀ ਅਣਸੇਫ ਇਮਾਰਤ 'ਚ ਚੱਲ ਰਿਹਾ ਹੈ। ਅਣਸੇਫ ਇਮਾਰਤ 'ਚ ਚੱਲ ਰਹੇ ਇਸ ਦਫਤਰ ਸਬੰਧੀ 'ਪੰਜਾਬ-ਕੇਸਰੀ', 'ਜਗ ਬਾਣੀ' ਅਖਬਾਰ 'ਚ 8 ਜੂਨ ਨੂੰ ਵਿਸ਼ੇਸ਼ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ, ਜਿਸ ਦਾ ਨੋਟਿਸ ਲੈਂਦਿਆਂ ਐੱਸ. ਡੀ. ਐੱਮ. ਨਿਹਾਲ ਸਿੰਘ ਵਾਲਾ ਨੇ ਇਸ ਸੀ. ਡੀ. ਪੀ. ਓ. ਦਫਤਰ ਨੂੰ ਤੁਰੰਤ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਇਸ ਦਫਤਰ ਨੂੰ ਕਿੱਥੇ ਸ਼ਿਫਟ ਕੀਤਾ ਜਾਣਾ ਹੈ, ਇਹ ਨਾ ਤਾਂ ਦਫਤਰ ਦੇ ਅਧਿਕਾਰੀਆਂ ਨੂੰ ਪਤਾ ਸੀ ਅਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ। 
ਐੱਸ. ਡੀ. ਐੱਮ. ਦਫਤਰ ਵੱਲੋਂ 5 ਜੁਲਾਈ, 2017 ਨੂੰ ਸੀ. ਡੀ. ਪੀ. ਓ. ਦਫਤਰ ਨੂੰ ਨੋਟਿਸ ਦਿੱਤਾ ਗਿਆ ਸੀ ਕਿ ਇਹ ਦਫਤਰ ਤੁਰੰਤ ਖਾਲੀ ਕੀਤਾ ਜਾਵੇ ਕਿਉਂਕਿ ਇਹ ਦਫਤਰ ਪਿਛਲੇ 3 ਸਾਲਾਂ ਤੋਂ ਅਣਸੇਫ ਇਮਾਰਤ 'ਚ ਚੱਲ ਰਿਹਾ ਸੀ। ਸੀ. ਡੀ. ਪੀ. ਓ. ਦਫਤਰ 'ਚ ਜੂਨ ਮਹੀਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਛਾਪਾ ਮਾਰ ਕੇ ਦਫਤਰ ਖਿਲਾਫ ਬਿਜਲੀ ਚੋਰੀ ਕਰਨ ਦਾ ਮਾਮਲਾ ਦਰਜ ਕਰ ਲਿਆ ਸੀ ਅਤੇ ਦਫਤਰ ਨੂੰ 35117 ਰੁਪਏ ਦਾ ਜੁਰਮਾਨਾ ਵੀ ਕੀਤਾ ਸੀ। ਇਸ ਤੋਂ ਬਾਅਦ ਪੰਜਾਬ ਕੇਸਰੀ, ਜਗ ਬਾਣੀ ਵੱਲੋਂ ਕੀਤੀ ਗਈ ਪੜਤਾਲ 'ਚ ਇਹ ਤੱਥ ਸਾਹਮਣੇ ਆਇਆ ਕਿ ਇਹ ਦਫਤਰ ਵਿਭਾਗ ਵੱਲੋਂ ਅਣਸੇਫ ਕਰਾਰ ਦਿੱਤੀ ਇਮਾਰਤ 'ਚ ਚੱਲ ਰਿਹਾ ਹੈ, ਜਿਸ ਸਬੰਧੀ ਪ੍ਰਮੁੱਖਤਾ ਨਾਲ ਰਿਪੋਰਟ ਪ੍ਰਕਾਸ਼ਿਤ ਕਰਨ 'ਤੇ ਜ਼ਿਲਾ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਅਧਿਕਾਰੀਆਂ ਵੱਲੋਂ ਇਸ ਦਫਤਰ ਨੂੰ ਤੁਰੰਤ ਖਾਲੀ ਕਰਨ ਦੇ ਹੁਕਮ ਦੇਣੇ ਪਏ ਸਨ।

ਬੱਚਿਆਂ ਦੀ ਕੀ ਸੇਫਟੀ ਕਰਨਗੇ ਖੁਦ ਅਣਸੇਫ ਦਫਤਰ
ਇਕ ਪਾਸੇ ਜਿੱਥੇ ਤੇਜ਼ ਤਰੱਕੀ ਦੇ ਦਾਅਵੇ ਕਰਦੇ ਦੇਸ਼ 'ਚ ਪੰਜ ਸਾਲ ਦੀ ਉਮਰ ਤੋਂ ਘੱਟ ਬੱਚਿਆਂ ਦੀ ਮੌਤ ਦਰ ਵਿਚ ਪਹਿਲੇ ਪੰਜ ਮੁਲਕਾਂ 'ਚ ਭਾਰਤ ਦਾ ਨਾਂ ਬੋਲਦਾ ਹੈ, ਉੱਥੇ ਹੀ ਦੇਸ਼ ਦੀ ਗਰੀਬ ਆਬਾਦੀ ਨੂੰ ਲੋੜੀਂਦਾ ਪੌਸ਼ਟਿਕ ਭੋਜਨ, ਸਾਫ-ਸੁਥਰਾ ਪਾਣੀ ਨਾ ਮਿਲਣਾ, ਟੀਕਾਕਰਨ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਹੈ ਪਰ ਸੰਨ 2020 ਤੱਕ ਦੇਸ਼ ਦਾ ਮੁੱਖ ਨਿਸ਼ਾਨਾ 12 ਲੱਖ ਨਵਜਾਤ ਬੱਚਿਆਂ ਦੀ ਮੌਤ ਦੇ ਸਾਲਾਨਾ ਅੰਕੜੇ ਨੂੰ ਘਟਾਉਣ ਦਾ ਮਿੱਥਿਆ ਟੀਚਾ ਸਰ ਕਰਨਾ ਫਿਲਹਾਲ ਮੁਸ਼ਕਿਲ ਜਾਪਦਾ ਹੈ ਕਿਉਂਕਿ 21ਵੀਂ ਸਦੀ 'ਚ ਵੀ ਬੱਚਿਆਂ ਅਤੇ ਔਰਤਾਂ ਲਈ ਸਹੂਲਤਾਂ ਦੇਣ ਵਾਲੇ ਜਿਨ੍ਹਾਂ ਸੀ. ਡੀ. ਪੀ. ਓ. ਦਫਤਰਾਂ ਕੋਲ ਆਪਣੇ ਰੈਣ-ਬਸੇਰੇ ਲਈ ਕੋਈ ਜਗ੍ਹਾ ਨਹੀਂ, ਉਨ੍ਹਾਂ ਤੋਂ ਸਹੂਲਤਾਂ ਦੀ ਕੀ ਆਸ ਕੀਤੀ ਜਾ ਸਕਦੀ ਹੈ? 
ਇਸ ਦਫਤਰ ਅਧੀਨ 39 ਪਿੰਡਾਂ ਦੇ 12,493 ਬੱਚਿਆਂ, 530 ਗਰਭਵਤੀ ਔਰਤਾਂ ਅਤੇ 599 ਨਰਸਿੰਗ ਮਾਤਾਵਾਂ ਨੂੰ ਵਿਭਾਗ ਵੱਲੋਂ ਪੌਸ਼ਟਿਕ ਖੁਰਾਕ ਦਿੱਤੀ ਜਾ ਰਹੀ ਹੈ। ਇਸ ਪੌਸ਼ਟਿਕ ਖੁਰਾਕ 'ਚ ਪੰਜੀਰੀ, ਕਣਕ, ਚੌਲ, ਖੰਡ, ਦੁੱਧ ਅਤੇ ਘਿਉ ਦਿੱਤਾ ਜਾਂਦਾ ਹੈ। ਬੱਚਿਆਂ ਨੂੰ ਤਿੰਨ ਦਿਨ ਦੁੱਧ ਅਤੇ ਤਿੰਨ ਦਿਨ ਹਲਵਾ ਦਿੱਤਾ ਜਾਂਦਾ ਹੈ। ਵਿਭਾਗ ਦੇ ਰਿਕਾਰਡ ਅਨੁਸਾਰ ਇਕ ਸਾਲ ਦੀ 200 ਕੁਇੰਟਲ ਕਣਕ, 135 ਕੁਇੰਟਲ ਚੌਲ, 80 ਕੁਇੰਟਲ ਖੰਡ, 476 ਗੱਟੇ ਪੰਜੀਰੀ ਅਤੇ ਘਿਉ ਦੇ ਟੀਨ ਇਕ ਸਾਲ ਦੇ ਰਾਸ਼ਨ 'ਚ ਖਪਤ ਹੁੰਦੇ ਹਨ, ਜਿਨ੍ਹਾਂ ਨੂੰ ਰੱਖਣ ਲਈ ਵੱਡੇ ਸਟੋਰ ਦੀ ਲੋੜ ਹੈ ਪਰ ਸਟੋਰ ਤਾਂ ਕੀ ਵਿਭਾਗ ਦੇ ਅਧਿਕਾਰੀਆਂ ਕੋਲ ਤਾਂ ਆਪਣੇ ਬੈਠਣ ਲਈ ਵੀ ਸੇਫ ਦਫਤਰ ਨਹੀਂ ਹੈ।