ਬਿਕਰਮੀ ਸੰਮਤ ਅਤੇ ਮਹਾਰਾਜਾ ਬਿਕ੍ਰਮਾਦਿੱਤ

03/18/2018 7:37:30 AM

ਜਲੰਧਰ - ਬਿਕਰਮੀ ਸੰਮਤ ਦਾ ਆਰੰਭ ਚੇਤ ਸੁਦੀ ਏਕਮ ਤੋਂ ਮੰਨਿਆ ਜਾਂਦਾ ਹੈ। ਇਸ ਦਿਨ ਹੀ ਨਵੇਂ ਸੰਮਤ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ ਬਾਰੇ ਬ੍ਰਹਮ ਪੁਰਾਣ ਅਨੁਸਾਰ ਕਿਹਾ ਜਾਂਦਾ ਹੈ ਕਿ ਅੱਜ ਦੇ ਦਿਨ ਹੀ ਸ੍ਰਿਸ਼ਟੀ ਦੀ ਰਚਨਾ ਹੋਈ ਸੀ ਅਤੇ ਅੱਜ ਦੇ ਦਿਨ ਤੋਂ ਹੀ ਦੇਵੀ-ਦੇਵਤਿਆਂ ਨੇ ਸ੍ਰਿਸ਼ਟੀ ਚਲਾਉਣ ਦਾ ਕੰਮ ਸੰਭਾਲਿਆ ਸੀ। ਅਥਰਵਵੇਦ ਵਿਚ ਵੀ ਇਸ ਦਾ ਵਰਣਨ ਮਿਲਦਾ ਹੈ ਅਤੇ ਇਹ ਦਰਜ ਹੈ ਕਿ ਅੱਜ ਦੇ ਦਿਨ ਪਰਜਾਪਤੀ ਦੀ ਸੋਨੇ ਦੀ ਮੂਰਤੀ ਦੀ ਪੂਜਾ ਕਰਨੀ ਚਾਹੀਦੀ ਹੈ।
ਇਨ੍ਹਾਂ ਸਭ ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਇਹ ਨਵੇਂ ਸੰਮਤ ਦਾ ਤਿਉਹਾਰ ਅਤਿਅੰਤ ਪੁਰਾਣਾ ਹੈ। ਇਕ ਜਗ੍ਹਾ ਇਹ ਵਰਣਨ ਵੀ ਮਿਲਦਾ ਹੈ ਕਿ ਚੇਤਰ ਸੁਦੀ ਏਕਮ ਨੂੰ ਰੇਵਤੀ ਨਕਸ਼ੱਤਰ ਦੇ ਨਿਸ਼ਕੰਭ ਯੋਗ ਵਿਚ ਦਿਨ ਦੇ ਸਮੇਂ ਭਗਵਾਨ ਨੇ ਮਤੱਸਿਆ ਰੂਪ ਦਾ ਅਵਤਾਰ ਲਿਆ ਸੀ। ਸਮਰਾਟ ਬਿਕ੍ਰਮਾਦਿੱਤ ਦੇ ਸੰਮਤਸਰ ਦੇ ਇਸ ਪਹਿਲੇ ਦਿਨ ਤੋਂ ਹੀ ਰਾਤ ਦੇ ਮੁਕਾਬਲੇ ਦਿਨ ਵੱਡਾ ਹੋਣ ਲੱਗਦਾ ਹੈ। ਅੱਜ ਦੇ ਦਿਨ ਤੋਂ ਹੀ ਗ੍ਰਹਿ, ਨਕਸ਼ੱਤਰ ਮਹੀਨਾ ਅਤੇ ਪਖਵਾੜੇ ਦੀ ਗਿਣਤੀ ਵੀ ਸ਼ੁਰੂ ਕੀਤੀ ਜਾਂਦੀ ਹੈ।
ਨਵੇਂ ਸਾਲ ਦੇ ਇਸ ਸ਼ੁਰੂ ਦੇ ਦਿਨ ਨੂੰ ਤਿਉਹਾਰ ਦੇ ਰੂਪ ਵਿਚ ਮਨਾਏ ਜਾਣ ਦੀ ਪਰੰਪਰਾ ਅਥਰਵਵੇਦ, ਸਤਪੱਥ ਬ੍ਰਾਹਮਣ ਜਿਹੇ ਕਈ ਪੁਰਾਣਾਂ ਵਿਚ ਮਿਲਦੀ ਹੈ। ਅੱਜ ਦੇ ਦਿਨ ਵਰਤ ਕਲਸ਼ ਸਥਾਪਨਾ, ਜੰਤਰੀ ਤੇ ਜਲਪਾਤਰ ਦਾਨ ਕਰਨ, ਪੂਜਾ ਕਰਨ, ਸਾਲ ਦੀਆਂ ਘਟਨਾਵਾਂ ਦਾ ਜਾਇਜ਼ਾ ਲੈਣ ਤੋਂ ਇਲਾਵਾ ਆਉਣ ਵਾਲੇ ਸਾਲ ਲਈ ਮੰਗਲਕਾਮਨਾ ਵੀ ਕੀਤੀ ਜਾਂਦੀ ਹੈ। ਇਸ ਦਿਨ ਨਵੇਂ ਬਸਤੇ ਤੇ ਕਲਮ ਦਵਾਤ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਅਸ਼ਟਕਲਸ਼ ਬਣਾ ਕੇ ਉੱਪਰ ਬ੍ਰਹਮਾ ਜੀ ਦੀ ਮੂਰਤੀ ਬਣਾ ਕੇ 'ਓਮ ਬ੍ਰਹਮਟੇਂ ਨਮੈਂ' ਮੰਤਰ ਨਾਲ ਬ੍ਰਹਮਾ ਜੀ ਦੀ ਪੂਜਾ, ਗਾਇਤਰੀ ਮੰਤਰਾਂ ਨਾਲ ਹਵਨ ਕਰ ਕੇ ਆਉਣ ਵਾਲੇ ਸਾਲ ਦੀ ਮੰਗਲਕਾਮਨਾ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ।
ਭਾਰਤੀ ਸੰਸਕ੍ਰਿਤੀ ਵਿਚ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਪਹਿਲੀ ਤਿਥੀ ਨਵਾਂ ਸੰਮਤ ਜਿਹੜਾ ਕਿ ਬਿਕਰਮੀ ਸੰਮਤ ਦੇ ਨਾਂ ਨਾਲ ਪ੍ਰਸਿੱਧ ਹੈ, ਦਾ ਬੜਾ ਮਹੱਤਵ ਹੈ। 2074 ਸਾਲ ਪਹਿਲਾਂ ਇਸੇ ਦਿਨ ਮਹਾਨ ਪ੍ਰਤਾਪੀ ਮਹਾਰਾਜਾ ਬਿਕ੍ਰਮਾਦਿੱਤ ਦਾ ਰਾਜ ਤਿਲਕ ਹੋਇਆ ਸੀ ਅਤੇ ਰਾਜ ਗੱਦੀ 'ਤੇ ਬੈਠਦਿਆਂ ਹੀ ਉਨ੍ਹਾਂ ਇਸ ਸ਼ੁੱਭ ਦਿਨ 'ਤੇ ਬਿਕਰਮੀ ਸੰਮਤ ਦਾ ਸ਼ੁਭ ਆਰੰਭ ਕੀਤਾ ਸੀ। ਅੱਜ ਦੇ ਦਿਨ ਹੀ ਮਹਾਰਾਸ਼ਟਰ ਵਿਚ ਗੁੜੀ ਪਾੜਵਾ ਦਾ ਤਿਉਹਾਰ ਮਨਾਇਆ ਜਾਂਦਾ ਹੈ। ਅੱਜ ਦੇ ਦਿਨ ਹੀ ਮਹਾਰਿਸ਼ੀ ਦਯਾਨੰਦ ਸਰਸਵਤੀ ਨੇ ਆਰੀਆ ਸਮਾਜ ਦੀ ਸਥਾਪਨਾ ਕੀਤੀ ਸੀ। ਅੱਜ ਦੇ ਦਿਨ ਹੀ ਮਾਨਵ ਸ੍ਰਿਸ਼ਟੀ ਦੀ ਰਚਨਾ ਹੋਈ ਸੀ। ਇਸ ਤਰ੍ਹਾਂ ਸਾਡੇ ਦੇਸ਼ ਵਿਚ ਇਸ ਦਿਨ ਚਾਰ ਤਿਉਹਾਰ ਸ੍ਰਿਸ਼ਟੀ ਸੰਮਤ, ਬਿਕਰਮੀ ਸੰਮਤ, ਗੁੜੀ ਪਾੜਵਾ ਅਤੇ ਆਰੀਆ ਸਮਾਜ ਸਥਾਪਨਾ ਦਿਵਸ ਮਨਾਏ ਜਾਂਦੇ ਹਨ। ਇਸ ਤਰ੍ਹਾਂ ਭਾਰਤੀਆਂ ਲਈ ਬਿਕਰਮੀ ਸੰਮਤ ਦਾ ਇਹ ਦਿਨ ਬੜਾ ਗੌਰਵ ਪੂਰਨ ਹੈ।
ਇਤਿਹਾਸ ਅਨੁਸਾਰ 2074 ਸਾਲ ਪਹਿਲਾਂ ਭਾਰਤ ਪੂਰਨ ਤੌਰ 'ਤੇ ਖੁਸ਼ਹਾਲ ਸੀ, ਧਨ-ਸੰਪਤੀ ਨਾਲ ਭਰਪੂਰ ਸੀ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਲੋਕ ਚੋਰੀ ਨਹੀਂ ਕਰਦੇ ਸਨ, ਬੇਈਮਾਨੀ ਨਹੀਂ ਸੀ ਅਤੇ ਨਾ ਹੀ ਰਿਸ਼ਵਤਖੋਰੀ। ਉਹ ਭਾਰਤ ਲਈ ਇਕ ਸੁਨਹਿਰੀ ਯੁੱਗ ਸੀ—ਇਸ ਸਮੇਂ ਮਹਾਨ ਚੱਕਰਵਰਤੀ ਸਮਰਾਟ ਮਹਾਰਾਜ ਭਰਤਰੀ ਹਰੀ ਨੇ ਆਪਣੀ ਜੋਬਨ ਉਮਰ ਵਿਚ ਹੀ ਰਾਜ ਭਾਗ ਤਿਆਗ ਕੇ ਸੰਨਿਆਸ ਧਾਰਨ ਕਰ ਲਿਆ ਸੀ ਤੇ ਪਰਜਾ ਦੇ ਕੁਝ ਲੋਕ ਵੀ ਉਨ੍ਹਾਂ ਦੇ ਨਾਲ ਸੰਨਿਆਸੀ ਹੋ ਗਏ ਸਨ। ਇਸ ਮਗਰੋਂ ਉਨ੍ਹਾਂ ਦੇ ਛੋਟੇ ਭਰਾ ਬਿਕ੍ਰਮਾਦਿੱਤ (ਸੂਰਯਵੰਸ਼ੀ) ਗੱਦੀ 'ਤੇ ਬਿਰਾਜਮਾਨ ਹੋਏ। ਜਿਸ ਦਿਨ ਉਨ੍ਹਾਂ ਨੂੰ ਰਾਜ ਤਿਲਕ ਕੀਤਾ ਗਿਆ, ਉਹ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਏਕਮ ਦਾ ਦਿਨ ਸੀ—ਇਸੇ ਦਿਨ ਤੋਂ ਹੀ ਬਿਕਰਮੀ ਸੰਮਤ ਦੀ ਸ਼ੁਰੂਆਤ ਹੋਈ, ਜਿਹੜੀ ਕਿ ਪ੍ਰਚੱਲਿਤ ਈਸਵੀ ਸੰਨ ਤੋਂ 57 ਸਾਲ ਪਹਿਲਾਂ ਹੋਈ ਹੈ।  ਰਾਜਾ ਬਿਕ੍ਰਮਾਦਿੱਤ ਨੇ 12 ਜਯੋਤਿਰਲਿੰਗਾਂ ਦਾ ਪੁਨਰ ਨਿਰਮਾਣ ਕਰਵਾਇਆ— ਰਾਮ ਰਾਜ ਦੀ ਯਾਦ ਤਾਜ਼ਾ ਕਰਾਉਣ ਲਈ ਇਕ ਵਿਸ਼ਾਲ ਰਾਜ ਮੰਦਿਰ ਦਾ ਨਿਰਮਾਣ ਕਰਵਾਇਆ। ਇਹ ਬਿਕਰਮੀ ਸੰਮਤ ਉਸ ਸਵਰਨ ਯੁੱਗ ਦੇ ਗੌਰਵਮਈ ਇਤਿਹਾਸ ਦੀ ਪਵਿੱਤਰ ਯਾਦ ਵਿਚ ਹਰ ਸਾਲ ਚੇਤ ਸ਼ੁਕਲ ਪੱਖ ਦੀ ਪਹਿਲੀ ਤਿਥੀ ਨੂੰ ਮਨਾਇਆ ਜਾਂਦਾ ਹੈ।
ਜੇਕਰ ਇਸ ਇਤਿਹਾਸ ਦੇ ਬਿਕਰਮੀ ਸੰਮਤ ਵੱਲ ਦੇਖਿਆ ਜਾਵੇ ਤਾਂ ਭਾਰਤ ਦਾ ਅਸਲੀ ਸੰਮਤ ਇਹੋ ਹੀ ਹੈ, ਜਿਸ ਦੀ ਸ਼ੁਰੂਆਤ ਇਸ ਦਿਨ ਤੋਂ ਹੀ ਹੁੰਦੀ ਹੈ ਪਰ ਸਾਡੇ ਆਜ਼ਾਦ ਭਾਰਤ ਵਿਚ ਅੱਜ ਵੀ ਅੰਗਰੇਜ਼ੀ ਸੰਨ ਪ੍ਰਚੱਲਿਤ ਹਨ ਅਤੇ ਨਵਾਂ ਸਾਲ ਪਹਿਲੀ ਜਨਵਰੀ ਤੋਂ ਮਨਾਇਆ ਜਾਂਦਾ ਹੈ। ਇਹ ਇਕ ਕਾਲਾ ਯੁੱਗ ਸੀ, ਜਦਕਿ 2074 ਸਾਲ ਪਹਿਲਾਂ ਵਾਲਾ ਯੁੱਗ ਇਕ ਸੁਨਹਿਰੀ ਯੁੱਗ ਸੀ, ਜੋ ਸਾਡੇ ਦੇਸ਼ ਦਾ ਅਸਲੀ ਨਵਾਂ ਸੰਮਤ ਸੀ। ਅੱਜ ਲੋੜ ਹੈ ਕਿ ਅਸੀਂ ਇਸ ਬਿਕਰਮੀ ਸੰਮਤ ਤੋਂ ਪ੍ਰੇਰਣਾ ਲੈ ਕੇ ਸਰਕਾਰੀ ਤੌਰ 'ਤੇ ਇਹ ਸੰਮਤ ਸ਼ੁਰੂ ਕਰਨ ਬਾਰੇ ਸੋਚੀਏ।
—ਸੱਤ ਪ੍ਰਕਾਸ਼ ਸਿੰਗਲਾ