ਜਿੱਤ ਦੇ ਜਸ਼ਨ 'ਚ ਬਠਿੰਡਾ ਸ਼ਹਿਰੀ ਕਾਂਗਰਸ ਉੱਚ ਅਦਾਲਤ ਦੇ ਨਿਰਦੇਸ਼ਾਂ ਨੂੰ ਭੁੱਲੀ

Monday, Oct 16, 2017 - 07:11 AM (IST)

ਬਠਿੰਡਾ, (ਵਰਮਾ)- ਗੁਰਦਾਸਪੁਰ ਵਿਚ ਉਪ ਚੋਣ ਵਿਚ ਸੰਸਦੀ ਸੀਟ 'ਤੇ ਕਾਂਗਰਸ ਦੇ ਸੁਨੀਲ ਜਾਖੜ ਨੇ ਭਾਰੀ ਗਿਣਤੀ ਵੋਟਾਂ ਨਾਲ ਜਿੱਤ ਹਾਸਲ ਕੀਤੀ, ਜਿਸ ਦੀ ਖੁਸ਼ੀ ਵਿਚ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਦੀ ਅਗਵਾਈ ਵਿਚ ਕਾਰਜਕਾਰੀਆਂ ਨੇ ਖੂਬ ਪਟਾਕੇ ਚਲਾਏ ਤੇ ਅਦਾਲਤ ਦੇ ਨਿਰਦੇਸ਼ ਯਾਦ ਨਾ ਰਹੇ। ਦੁਪਹਿਰ 12.30 ਵਜੇ ਤੋਂ ਬਾਅਦ ਜਿਵੇਂ ਹੀ ਜਿੱਤ ਦੀ ਘੋਸ਼ਣਾ ਹੋਈ ਤਾਂ ਸ਼ਹਿਰੀ ਪ੍ਰਧਾਨ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਨੇ ਕਾਂਗਰਸ ਦਫਤਰ ਦੇ ਬਾਹਰ ਇਕੱਠੇ ਹੋ ਕੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਆਸ-ਪਾਸ ਦੇ ਲੋਕ ਡਰ ਗਏ। ਪੁਲਸ ਵੀ ਮੂਕਦਰਸ਼ਕ ਬਣ ਕੇ ਦੇਖਦੀ ਰਹੀ। ਯਾਦ ਰਹੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਏ. ਕੇ. ਮਿੱਤਲ ਅਤੇ ਜਸਟਿਸ ਅਮਿਤ ਰਾਵਤ ਦੀ ਬੈਂਚ ਨੇ ਸਿਰਫ ਦੀਵਾਲੀ ਦੇ ਦਿਨ ਹੀ ਸ਼ਾਮ 6.30 ਤੋਂ ਰਾਤ 9.30 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਇਸ ਦੇ ਬਾਵਜੂਦ ਸ਼ਹਿਰੀ ਕਾਂਗਰਸੀ ਪ੍ਰਧਾਨ ਨੇ ਕਿਸ ਤਰ੍ਹਾਂ ਪਟਾਕੇ ਖਰੀਦੇ ਦੇ ਚਲਾਏ।
ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਰਫ ਦੀਵਾਲੀ 'ਤੇ ਹੀ ਉੱਚ ਅਦਾਲਤ ਨੇ ਪਾਬੰਦੀ ਲਾਈ ਹੈ। ਉਨ੍ਹਾਂ ਨੂੰ ਉਸ ਤੋਂ ਪਹਿਲਾਂ ਪਟਾਕੇ ਚਲਾਉਣ ਤੋਂ ਰੋਕਣ ਦੇ ਕੋਈ ਨਿਰਦੇਸ਼ ਨਹੀਂ ਮਿਲੇ। ਜੇਕਰ ਮਾਣਯੋਗ ਅਦਾਲਤ ਵੱਲੋਂ ਅਜਿਹਾ ਕੋਈ ਨਿਰਦੇਸ਼ ਜਾਰੀ ਕੀਤਾ ਗਿਆ ਹੈ ਤਾਂ ਪਟਾਕੇ ਚਲਾਉਣ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇਗੀ। ਦੀਵਾਲੀ ਸਮੇਂ ਪਟਾਕਿਆਂ ਕਾਰਨ ਇੰਨਾ ਪ੍ਰਦੂਸ਼ਣ ਫੈਲਦਾ ਹੈ ਕਿ ਰਾਤ 10 ਵਜੇ ਤੋਂ ਬਾਅਦ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ। ਦੀਵਾਲੀ 'ਤੇ ਵਧਦੇ ਪ੍ਰਦੂਸ਼ਣ ਤਹਿਤ ਇਕ ਫੈਸਲਾ ਲੈਂਦਿਆਂ ਹਾਈ ਕੋਰਟ ਨੇ ਪਟਾਕੇ ਵੇਚਣ ਤੇ ਚਲਾਉਣ 'ਤੇ ਪਾਬੰਦੀ ਲਾਈ ਹੈ, ਇਥੋਂ ਤੱਕ ਕਿ ਪਟਾਕੇ ਵੇਚਣ ਵਾਲਿਆਂ ਦੇ ਲਾਇਸੈਂਸ ਵੀ ਰੱਦ ਕਰ ਕੇ ਸਿਰਫ 20 ਫੀਸਦੀ ਲੋਕਾ ਨੂੰ ਹੀ ਇਜਾਜ਼ਤ ਦਿੱਤੀ ਹੈ ਅਤੇ ਉਨ੍ਹਾਂ ਦੇ ਨਾਂ ਵੀ ਲਾਟਰੀ ਵਾਂਗ ਕੱਢਣ ਦੇ ਆਦੇਸ਼ ਦਿੱਤੇ ਹਨ। ਹਾਈ ਕੋਰਟ ਨੇ ਦੀਵਾਲੀ ਦੇ ਅਗਲੇ ਦਿਨ ਪਟਾਕੇ ਚਲਾਉਣ 'ਤੇ ਪਾਬੰਦੀ ਬਰਕਰਾਰ ਰੱਖੀ ਹੈ।


Related News