ਜੰਡਿਆਲਾ ਗੁਰੂ ਦੇ ਪਿੱਤਲ ਤੇ ਤਾਂਬੇ ਦੇ ਭਾਂਡਿਆਂ ਦੀ ਕਲਾ ਨੂੰ ਵਿਸ਼ਵ ਪੱਧਰ ''ਤੇ ਉਤਸ਼ਾਹਿਤ ਕਰਨ ਦੇ ਯਤਨ ਸ਼ੁਰੂ

10/14/2017 10:39:44 AM

ਅੰਮ੍ਰਿਤਸਰ (ਨੀਰਜ)- ਯੂਨੈਸਕੋ ਵੱਲੋਂ ਪੰਜਾਬ ਦੇ ਜੰਡਿਆਲਾ ਗੁਰੂ ਦੀ ਪਿੱਤਲ ਅਤੇ ਤਾਂਬੇ ਸਮੇਤ ਹੋਰ ਧਾਤਾਂ ਦੇ ਹੱਥੀਂ ਭਾਂਡੇ ਬਣਾਉਣ ਦੀ ਕਲਾ ਨੂੰ ਅਲੋਪ ਹੋ ਰਹੀਆਂ ਕਲਾਵਾਂ ਦੀ ਸੂਚੀ (ਯੂਨੈਸਕੋ ਇੰਟੈਨਜੀਬਲ ਕਲਚਰਲ ਹੈਰੀਟੇਜ ਲਿਸਟ) 'ਚ ਪਾਉਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਸ ਵਿਰਾਸਤੀ ਕਲਾ ਨੂੰ ਬਚਾਉਣ ਤੇ ਉਤਸ਼ਾਹਿਤ ਕਰਨ ਦੇ ਯਤਨ ਆਰੰਭੇ ਗਏ ਹਨ। ਯੂਨਾਈਟਿਡ ਸਿੱਖ ਸੰਸਥਾ ਅਤੇ ਦਿੱਲੀ ਦੇ ਸ੍ਰੀ ਰਾਮ ਕਾਲਜ ਦੇ ਸਹਿਯੋਗ ਨਾਲ ਸੂਬਾ ਸਰਕਾਰ ਵੱਲੋਂ ਜੰਡਿਆਲਾ ਗੁਰੂ ਦੇ ਹੱਥੀਂ ਭਾਂਡੇ ਬਣਾਉਣ ਵਾਲੇ ਮੰਦੀ ਦੀ ਮਾਰ ਝੱਲ ਰਹੇ ਠਠਿਆਰਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਯੋਜਨਾ ਉਲੀਕੀ ਹੈ।
ਜੰਡਿਆਲਾ ਗੁਰੂ ਦੇ ਠਠਿਆਰਾਂ ਨੂੰ ਮੰਦੀ ਦੀ ਮਾਰ 'ਚੋਂ ਬਾਹਰ ਕੱਢਣ ਅਤੇ ਉਨ੍ਹਾਂ ਦੀ ਕਲਾ ਨੂੰ ਪ੍ਰਫੁੱਲਿਤ ਕਰਨ ਲਈ ਸ਼ੁੱਕਰਵਾਰ ਸਥਾਨਕ ਸਰਕਟ ਹਾਊਸ ਵਿਖੇ ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ, ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦਿੱਲੀ ਦੇ ਚੇਅਰਮੈਨ ਐੱਸ. ਕੇ. ਮਿਸ਼ਰਾ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਰਾਮ ਕਾਲਜ ਦੇ ਨੁਮਾਇੰਦੇ ਮਿਸ ਕੀਰਤੀ ਤੇ ਕੰਵਰਜੀਤ ਕੌਰ ਅਤੇ ਸਹਾਇਕ ਕਮਿਸ਼ਨਰ ਵਿਕਾਸ ਹੀਰਾ ਵੱਲੋਂ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ ਕਿ ਜੰਡਿਆਲਾ ਦੇ ਠਠਿਆਰਾਂ ਦੀ ਕਲਾ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪ੍ਰਚਾਰਿਤ ਤੇ ਪ੍ਰਫੁੱਲਿਤ ਕੀਤਾ ਜਾਵੇ ਅਤੇ ਮਾਰਕੀਟ 'ਚ ਉਨ੍ਹਾਂ ਦਾ ਸਥਾਨ ਬਣਾ ਕੇ ਉਨ੍ਹਾਂ ਨੂੰ ਵੱਡੇ ਪੱਧਰ 'ਤੇ ਆਰਡਰ ਦਿਵਾਏ ਜਾਣ।
ਡਾਇਰੈਕਟਰ ਟੂਰਿਜ਼ਮ ਸ਼ਿਵਦੁਲਾਰ ਸਿੰਘ ਨੇ ਕਿਹਾ ਕਿ ਠਠਿਆਰਾਂ ਦੇ ਤਾਂਬੇ, ਕੈਂਹੇ ਤੇ ਪਿੱਤਲ ਦੇ ਨਵੇਂ ਡਿਜ਼ਾਈਨਾਂ ਦੇ ਹੱਥੀਂ ਬਣੇ ਭਾਂਡਿਆਂ, ਡਿਨਰ ਸੈੱਟ, ਸਜਾਵਟੀ ਵਸਤਾਂ ਨੂੰ ਆਰਡਰ 'ਤੇ ਬਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ ਵਪਾਰਕ ਮੇਲਿਆਂ 'ਚ ਜੰਡਿਆਲਾ ਦੇ ਬਰਤਨਾਂ ਦੀਆਂ ਨੁਮਾਇਸ਼ਾਂ ਲਾਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਹੱਥੀਂ ਭਾਂਡੇ ਬਣਾਉਣ ਦੀ ਇਸ ਕਲਾ ਨੂੰ ਖਤਮ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੋ ਵੀ ਉਪਰਾਲੇ ਕਰਨ ਦੀ ਲੋੜ ਹੋਈ, ਪ੍ਰਸ਼ਾਸਨ ਵੱਲੋਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਠਠਿਆਰਾਂ ਕੋਲ ਪਹੁੰਚ ਕਰ ਕੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਦੇ ਨਾਲ ਉਨ੍ਹਾਂ ਲਈ ਆਰਡਰ ਬੁੱਕ ਕਰਵਾ ਕੇ ਦਿੱਤੇ ਜਾ ਰਹੇ ਹਨ। ਜੰਡਿਆਲਾ ਦੇ ਬਰਤਨਾਂ ਨੂੰ ਵਿਸ਼ਵ ਪੱਧਰ ਦੇ ਬ੍ਰਾਂਡ ਵਜੋਂ ਪ੍ਰਚਾਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਨੂੰ ਖਰੀਦਣ ਲਈ ਲੋਕਾਂ 'ਚ ਰੁਚੀ ਪੈਦਾ ਹੋਵੇ।