ਕਰਜ਼ਾ ਮੁਆਫੀ ਦੀਆਂ ਸੂਚੀਆਂ ''ਚ ਹੇਰਾ-ਫੇਰੀ ਦਾ ਦੋਸ਼

01/05/2018 1:20:55 AM

ਭਵਾਨੀਗੜ੍ਹ, (ਸੰਜੀਵ)- ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਚੋਣ ਵਾਅਦਾ ਹੁਣ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਨਜ਼ਰ ਆ ਰਿਹਾ ਹੈ। ਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫੀ ਵਾਲੀਆਂ ਜਨਤਕ ਕੀਤੀਆਂ ਗਈਆਂ ਸੂਚੀਆਂ 'ਚ ਯੋਗ ਲਾਭਪਾਤਰੀਆਂ ਦੇ ਨਾਂ ਨਾ ਆਉਣ ਕਾਰਨ ਭੜਕੇ ਕਿਸਾਨਾਂ ਨੇ ਪਿੰਡ ਬਖੋਪੀਰ ਵਿਖੇ ਕੋਆਪ੍ਰੇਟਿਵ ਸੁਸਾਇਟੀ ਦੇ ਅਧਿਕਾਰੀਆਂ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਿਸਾਨਾਂ ਰਾਏ ਸਿੰਘ, ਮੇਹਰ ਸਿੰਘ, ਗੁਰਨਾਮ ਸਿੰਘ, ਪਰਮਜੀਤ ਸਿੰਘ, ਧਰਮਪਾਲ ਸਿੰਘ, ਅਮਰਜੀਤ ਸਿੰਘ, ਭਰਪੂਰ ਸਿੰਘ, ਜਬਰ ਸਿੰਘ, ਨੇਤਰ ਸਿੰਘ, ਪਵਿੱਤਰ ਸਿੰਘ, ਧਰਮ ਪਾਲ ਸਿੰਘ, ਗਮਦੂਰ ਸਿੰਘ, ਕੇਬਲ ਸਿੰਘ, ਕਿਰਨ ਕੁਮਾਰ, ਤਰਸੇਮ ਸਿੰਘ, ਕਿਸ਼ਨ ਸਿੰਘ, ਸਵਰਨ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੀ ਸਕੀਮ ਅਧੀਨ ਜਿਹੜੇ ਪਿੰਡਾਂ ਦੇ ਕਿਸਾਨਾਂ ਦੀਆਂ ਸੂਚੀਆਂ ਬਣਾਈਆਂ ਗਈਆਂ ਹਨ, ਉਨ੍ਹਾਂ 'ਚੋਂ ਯੋਗ ਲਾਭਪਾਤਰੀਆਂ ਦੇ ਨਾਂ ਗਾਇਬ ਹਨ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਕਰਜ਼ਾ ਮੁਆਫੀ ਦੀਆਂ ਬਣਾਈਆਂ ਗਈਆਂ ਸੂਚੀਆਂ 'ਚ ਵੱਡੇ ਪੱਧਰ 'ਤੇ ਹੇਰ-ਫੇਰ ਕੀਤਾ ਗਿਆ ਹੈ। ਇਨ੍ਹਾਂ ਸੂਚੀਆਂ 'ਚ ਧਨਾਢ ਕਿਸਾਨਾਂ ਦੇ ਨਾਂ ਹਨ, ਜਿਸ ਕਾਰਨ ਯੋਗ ਤੇ ਲੋੜਵੰਦ ਕਿਸਾਨ ਸਰਕਾਰੀ ਰਾਹਤ ਤੋਂ ਵਾਂਝੇ ਰਹਿ ਜਾਣਗੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰਜ਼ਾ ਮੁਆਫੀ ਵਾਲੀਆਂ ਸੂਚੀਆਂ 'ਚ ਸੋਧ ਕੀਤੀ ਜਾਵੇ ਤਾਂ ਜੋ ਇਸ ਸਰਕਾਰੀ ਸਕੀਮ ਦਾ ਲੋੜਵੰਦ ਕਿਸਾਨਾਂ ਨੂੰ ਲਾਭ ਮਿਲ ਸਕੇ।
ਮੂਨਕ (ਵਰਤੀਆ)- ਕਰਜ਼ਾ ਮੁਆਫੀ ਨਾਲ ਸੰਬੰਧਤ ਪਹਿਲੀ ਸੂਚੀ, ਜੋ ਸਹਿਕਾਰੀ ਸੁਸਾਇਟੀਆਂ 'ਚ ਭੇਜੀ ਗਈ, 'ਚ ਸਰਕਾਰੀ ਅਧਿਕਾਰੀਆਂ ਦੀ ਵੱਡੀ ਅਣਗਹਿਲੀ ਦੇਖਣ ਨੂੰ ਮਿਲੀ ਕਿਉਂਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਸੀ ਕਿ ਪਹਿਲਾਂ ਢਾਈ ਏਕੜ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ ਪਰ ਜਦੋਂ ਢਾਈ ਏਕੜ ਵਾਲੇ ਕਿਸਾਨਾਂ ਨੇ ਕਰਜ਼ਾ ਮੁਆਫੀ ਦੀ ਸੂਚੀ ਦੇਖੀ ਤਾਂ ਉਸ ਵਿਚ ਬਹੁਤ ਸਾਰੇ ਢਾਈ ਏਕੜ ਵਾਲੇ ਕਿਸਾਨਾਂ ਦੇ ਨਾਂ ਹੀ ਨਹੀਂ ਸਨ ਤੇ 5 ਜਾਂ ਉਸ ਤੋਂ ਵੱਧ ਏਕੜ ਜ਼ਮੀਨ ਵਾਲੇ ਕਿਸਾਨਾਂ ਦੇ ਨਾਂ ਸ਼ਾਮਲ ਸਨ।
ਇਸ ਸਭ ਕਰਕੇ ਛੋਟੇ ਕਿਸਾਨਾਂ 'ਚ ਰੋਸ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਵੱਡੇ ਜ਼ਿਮੀਂਦਾਰਾਂ ਨੇ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਆਪਣੇ ਨਾਂ ਕਰਜ਼ਾ ਮੁਆਫੀ ਵਾਲੀ ਸੂਚੀ 'ਚ ਦਰਜ ਕਰਵਾ ਲਏ ਹਨ।
ਜਦੋਂ ਇਸ ਸੰਬੰਧੀ ਤਹਿਸੀਲਦਾਰ ਮੂਨਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।