ਗੁਰਦੁਆਰਾ ਹਾਅ ਦਾ ਨਾਅਰਾ ਦੇ ਦਰਬਾਰ ਹਾਲ ’ਚ ਪ੍ਰਬੰਧਕ ਆਪਸ ’ਚ ਭਿਡ਼ੇ

08/08/2018 11:53:03 PM

ਮਾਲੇਰਕੋਟਲਾ, (ਮਹਿਬੂਬ)- ਛੋਟੇ ਸ਼ਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਮੌਕੇ ਨਵਾਬ ਮਾਲੇਰਕੋਟਲਾ ਵੱਲੋਂ ਬੁਲੰਦ ਕੀਤੇ ਹਾਅ ਦੇ ਨਾਅਰੇ ਦੀ ਮਹਾਨ ਇਤਿਹਾਸਕ ਯਾਦ ’ਚ ਮਾਲੇਰਕੋਟਲਾ ਵਿਖੇ ਸੁਸ਼ੋਭਿਤ ਇਕੋ-ਇਕ ਯਾਦਗਾਰ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਦੀ  ਪ੍ਰਬੰਧਕ ਕਮੇਟੀ ਦੇ ਮੈਂਬਰ ਅੱਜ ਸਵੇਰੇ ਅੰਮ੍ਰਿਤ ਵੇਲੇ ਦੀ ਅਰਦਾਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਆਪਸ ਵਿਚ ਭਿਡ਼ ਗਏ। ਇਸ ਝਗਡ਼ੇ ’ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੁਰਬਾਜ ਸਿੰਘ ਦੇ ਭਰਾ ਸਮੇਤ ਦੋ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ  ਸਿਵਲ ਹਸਪਤਾਲ ਵਿਖੇ  ਦਾਖਲ ਕਰਵਾਉਣਾ ਪਿਆ। ਹਸਪਤਾਲ ਵਿਚ ਜ਼ੇਰੇ ਇਲਾਜ ਜ਼ਖਮੀਆਂ ’ਚ ਅਮ੍ਰਿਤਬੀਰ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਪ੍ਰਿਤਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਸ਼ਾਮਲ ਹਨ। ਉਧਰ ਥਾਣਾ ਸਿਟੀ-1 ਦੇ ਮੁੱਖ ਅਫਸਰ ਇੰਸਪੈਕਟਰ ਦਵਿੰਦਰ ਸਿੰਘ ਅਨੁਸਾਰ  ਮੌਕੇ ਦੀ ਹਾਲਤ ਨੂੰ ਵੇਖਦਿਆਂ ਪੁਲਸ ਨੇ ਦੋਵਾਂ ਧਿਰਾਂ ਦੇ 18 ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਐੱਸ. ਡੀ. ਐੱਮ. ਮਾਲੇਰਕੋਟਲਾ  ਸਾਹਮਣੇ ਪੇਸ਼ ਕੀਤਾ, ਜਿਥੇ ਉਨ੍ਹਾਂ ਨੂੰ ਇਕ-ਇਕ ਲੱਖ ਰੁਪਏ ਦੇ ਜਾਤੀ ਮੁਚੱਲਕੇ ’ਤੇ ਜ਼ਮਾਨਤ ਦੇ ਦਿੱਤੀ ਗਈ। 
 ਜਾਣਕਾਰੀ ਮੁਤਾਬਕ ਅੱਜ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ’ਚ ਦਾਨ ਪਾਤਰ ਦੀ ਪਰਚੀ ਕੱਟਣ ਦੇ ਅਧਿਕਾਰ ਨੂੰ ਲੈ ਕੇ ਗੁਰਦੁਆਰਾ ਕਮੇਟੀ ਦੇ ਦੋ ਧਡ਼ਿਆਂ ਦਰਮਿਆਨ ਹੋਈ ਤੂੰ-ਤੂੰ ਮੈਂ-ਮੈਂ ਕੁਝ ਪਲਾਂ ’ਚ ਹੀ ਹੱਥੋਪਾਈ ’ਚ ਬਦਲ ਗਈ। ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ  ’ਚ ਰਿਕਾਰਡ ਹੋਈ ਇਸ ਘਟਨਾ ’ਚ ਇਕ ਵਿਅਕਤੀ ਦਾਨ ਪਾਤਰ ਵਾਲੀ ਲੋਹੇ ਦੀ ਸੰਦੂਕਡ਼ੀ ਨਾਲ ਹਮਲੇ ਕਰ ਰਿਹਾ ਸਪੱਸ਼ਟ ਦਿਖਾਈ ਦੇ ਰਿਹਾ ਹੈ। ਦੋਵੇਂ ਧਿਰਾਂ ਵੱਲੋਂ ਇਕ ਦੂਜੇ ਉਪਰ ਘਸੁੰਨ-ਮੁੱਕੀਆਂ ਦੀ ਖੁੱਲ੍ਹੇਆਮ ਵਰਤੋਂ ਕੀਤੀ ਗਈ। ਹੈਰਾਨੀ ਦੀ ਗੱਲ ਇਹ ਕਿ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਝਗਡ਼ਾ ਕਰਨ ਵੇਲੇ ਹੋ ਰਹੀ ਅਰਦਾਸ ਦਾ ਵੀ ਖਿਆਲ ਨਹੀਂ ਕੀਤਾ ਗਿਆ ਅਤੇ ਦਰਬਾਰ ਹਾਲ ਵਿਚ ਅਚਾਨਕ ਹੋਈ ਲਡ਼ਾਈ ਤੋਂ ਡਰ ਕੇ ਕਈ ਸ਼ਰਧਾਲੂ ਅਰਦਾਸ ਦੌਰਾਨ ਹੀ ਬਾਹਰ ਨਿਕਲ ਗਏ। ਝਗਡ਼ੇ ਦਾ ਪਤਾ ਲਗਦਿਆਂ ਥਾਣਾ ਸਿਟੀ -1 ਦੇ ਮੁੱਖ ਅਫਸਰ ਇੰਸਪੈਕਟਰ ਦਵਿੰਦਰ ਸਿੰਘ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਸਥਿਤੀ ਨੂੰ ਕਾਬੂ ਵਿਚ ਕੀਤਾ। 
ਥਾਣਾ ਮੁਖੀ  ਵੱਲੋਂ ਦੋਵੇਂ ਧਿਰਾਂ ਨੂੰ ਥਾਣੇ ਬੁਲਾ ਕੇ ਆਪਸੀ ਸਮਝੌਤਾ ਕਰਵਾਉਣ ਦੀ ਕੋਸ਼ਿਸ ਵੀ ਕੀਤੀ ਗਈ ਪਰ ਦੋਵਾਂ ਪਾਸਿਆਂ ਤੋਂ ਸਮਝੌਤੇ ਬਾਰੇ ਸਹਿਮਤ ਨਾ ਹੋਣ ’ਤੇ ਪੁਲਸ ਨੇ ਕਾਰਵਾਈ ਕਰਨ ਦਾ ਮਨ ਬਣਾ ਲਿਆ।  ਅੱਜ ਦੇਰ ਸ਼ਾਮ ਪੁਲਸ ਨੇ ਜਿਹਡ਼ੇ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਜ਼ਮਾਨਤ ਲਈ ਐੱਸ. ਡੀ. ਐੱਮ. ਮਾਲੇਰਕੋਟਲਾ  ਚਰਨਦੀਪ ਸਿੰਘ ਦੇ ਸਾਹਮਣੇ ਪੇਸ਼ ਕੀਤਾ,  ਉਨ੍ਹਾਂ ’ਚ ਪਹਿਲੀ ਧਿਰ ਦੇ ਰਮਨਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਪ੍ਰਧਾਨ ਗੁਰਬਾਜ ਸਿੰਘ, ਸਵਰਨ ਸਿੰਘ, ਗੁਰਮੁੱਖ ਸਿੰਘ, ਕੁਲਦੀਪ ਸਿੰਘ, ਮੋਹਣ ਸਿੰਘ (ਸਾਰੇ ਵਾਸੀ ਮਾਲੇਰਕੋਟਲਾ)  ਕੁਲਵਿੰਦਰ ਸਿੰਘ ਮੰਡਿਆਲਾ ਅਤੇ ਸੁਰਿੰਦਰ ਸਿੰਘ ਮੰਡਿਆਲਾ ਸ਼ਾਮਲ ਹਨ। ਦੂਜੀ ਧਿਰ ਦੇ ਪੇਸ਼ ਕੀਤੇ ਵਿਅਕਤੀਆਂ  ’ਚ   ਅਰਵਿੰਦਰਪਾਲ ਸਿੰਘ ਲਵਲੀ, ਅਮ੍ਰਿਤਬੀਰ ਸਿੰਘ, ਪ੍ਰੀਤਮ ਸਿੰਘ, ਪਿਆਰਾ ਸਿੰਘ, ਬਲਵਿੰਦਰ ਸਿੰਘ, ਜਗਬੀਰ ਸਿੰਘ, ਮਲਕੀਤ ਸਿੰਘ, ਜੋਰਾ ਸਿੰਘ ਅਤੇ ਮਲਕੀਤ ਸਿੰਘ ਕਿਲਾ ਰਹਿਮਤਗਡ਼੍ਹ ਸ਼ਾਮਲ ਹਨ। ਪਹਿਲੀ ਧਿਰ ਦਾ ਇਕ ਹੋਰ ਵਿਅਕਤੀ ਪ੍ਰਿਤਪਾਲ ਸਿੰਘ ਹਸਪਤਾਲ ਵਿਚ ਦਾਖਲ ਹੋਣ ਕਰਕੇ ਪੁਲਸ ਨੇ ਉਸ ਨੂੰ ਮਫਰੂਰ ਰੱਖਿਆ ਹੈ।