ਕੁਝ ਲੋਕਾਂ ਵੱਲੋਂ ਕੀਤੇ ਕਾਰੇ ਨੂੰ ਸਾਰੀ ਸਿੱਖ ਕੌਮ ਨਾਲ ਨਾ ਜੋੜਿਆ ਜਾਵੇ : ਸਿਰਸਾ

04/12/2020 10:17:13 PM

ਪਟਿਆਲਾ/ਸਨੌਰ, (ਜੋਸਨ)- ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਨੌਰ ਰੋਡ 'ਤੇ ਸਥਿਤ ਸਬਜ਼ੀ ਮੰਡੀ ਵਿਚ ਕੁਝ ਲੋਕਾਂ ਵੱਲੋਂ ਪੁਲਸ 'ਤੇ ਕੀਤੇ ਹਮਲੇ ਦੀ ਤਿੱਖੀ ਨਿੰਦਾ ਕਰਦਿਆਂ ਆਖਿਆ ਕਿ ਇਸ ਮਸਲੇ ਨੂੰ ਸਾਰੀ ਸਿੱਖ ਕੌਮ ਨਾਲ ਨਾ ਜੋੜ ਕੇ ਦੇਖਿਆ ਜਾਵੇ। ਸਿਰਸਾ ਨੇ ਕਿਹਾ ਕਿ ਨਿਹੰਗ ਜਥੇਬੰਦੀਆਂ 'ਤੇ ਸਿੱਖਾਂ ਨੂੰ ਹਮੇਸ਼ਾ ਮਾਣ ਰਿਹਾ ਹੈ। ਇਹ ਹਮਲਾਵਰ ਨਿਹੰਗ ਨਹੀਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਹਮਲਾ ਕੀਤਾ, ਉਨ੍ਹਾਂ 'ਤੇ ਪਹਿਲਾਂ ਹੀ ਕੇਸ ਦਰਜ ਹਨ। ਸਿਰਸਾ ਨੇ ਕਿਹਾ ਕਿ ਇਹ ਕਿਸੇ ਸੰਸਥਾ ਨਾਲ ਨਹੀਂ ਜੁੜੇ ਹੋਏ ਸਨ, ਇਸ ਲਈ ਹਰ ਕਿਸੇ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਕਿਸੇ ਧਰਮ ਨਾਲ ਨਾ ਜੋੜਿਆ ਜਾਵੇ। ਸਿਰਸਾ ਨੇ ਕਿਹਾ ਕਿ ਇਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਪੁਲਸ 'ਤੇ ਹਮਲਾ ਕਰਨ ਵਾਲਿਆਂ ਦਾ ਨਿਹੰਗ ਸਿੰਘ ਦਲਾਂ ਨਾਲ ਕੋਈ ਸਬੰਧ ਨਹੀਂ : ਬਾਬਾ ਬਲਬੀਰ ਸਿੰਘ, ਭਾਈ ਘਨੱਈਆ
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਅਤੇ ਨਿਹੰਗ ਸਿੰਘ ਜਥੇਬੰਦੀ ਬਾਬਾ ਬੁੱਢਾ ਦਲ ਦੇ ਹੈੱਡ ਪ੍ਰਚਾਰਕ ਭਾਈ ਸੁਖਜੀਤ ਸਿੰਘ ਘਨੱਈਆ ਨੇ ਸਬਜ਼ੀ ਮੰਡੀ ਪਟਿਆਲਾ ਵਿਖੇ ਦੇਸ਼-ਵਿਰੋਧੀ, ਬਦਮਾਸ਼ ਅਤੇ ਬਹੁ-ਰੂਪੀਏ ਬਿਰਤੀ ਵਾਲੇ ਲੋਕਾਂ ਵੱਲੋਂ ਪੁਲਸ ਅਧਿਕਾਰੀਆਂ ਤੇ ਮੰਡੀ ਬੋਰਡ ਦੇ ਮੁਲਾਜ਼ਮਾਂ ਉੱਪਰ ਹਮਲਾ ਕੀਤੇ ਜਾਣ ਵਾਲੀ ਮੰਦਭਾਗੀ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਕਰਨ ਵਾਲੇ ਨਿਹੰਗ ਸਿੰਘ ਹੋ ਹੀ ਨਹੀਂ ਸਕਦੇ। ਨਿਹੰਗ ਸਿੰਘ ਅਕਾਲ ਪੁਰਖ ਦਾ ਸਾਜਿਆ ਹੋਇਆ ਖਾਲਸਾ ਹੈ। ਇਹ ਕਿਸੇ 'ਤੇ ਅਣਕਿਆਸੇ ਹਮਲੇ ਬਾਰੇ ਸੋਚ ਵੀ ਨਹੀਂ ਸਕਦਾ। ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼-ਵਿਰੋਧੀ ਲੋਕਾਂ ਦੀ ਇਸ ਘਟਨਾ ਨੇ ਸਿੱਖ ਕੌਮ ਅਤੇ ਖਾਸਕਰ ਨਿਹੰਗ ਸਿੰਘ ਜਥੇਬੰਦੀਆਂ ਦੇ ਅਕਸ ਨੂੰ ਖਰਾਬ ਕਰਨ ਦਾ ਯਤਨ ਕੀਤਾ ਹੈ। ਇਨ੍ਹਾਂ ਨੇ ਨਿਹੰਗ ਬਾਣੇ ਦਾ ਅਪਮਾਨ ਅਤੇ ਨਿਰਾਦਰ ਕੀਤਾ ਹੈ। ਇਨ੍ਹਾਂ ਦੀ ਇਸ ਘਟਨਾ ਨੇ ਸਮੁੱਚੇ ਸਿੱਖ-ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਭਾਈ ਘਨੱਈਆ ਨੇ ਕਿਹਾ ਕਿ ਇਹ ਭੇਖੀ ਹਮਲਾਵਰ ਹਨ। ਇਨ੍ਹਾਂ ਨੂੰ ਨਿਹੰਗ ਸਿੰਘਾਂ ਨਾਲ ਨਾ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਸਰਬੱਤ ਦਾ ਭਲਾ ਮੰਗਿਆ ਹੈ ਅਤੇ ਮੰਗਦੇ ਰਹਾਂਗੇ।

ਪੁਲਸ 'ਤੇ ਹਮਲਾ ਬੇਹੱਦ ਨਿੰਦਣਯੋਗ : ਚੰਦੂਮਾਜਰਾ
ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੁਲਸ 'ਤੇ ਹਮਲਾ ਬੇਹੱਦ ਨਿੰਦਣਯੋਗ ਹੈ। ਇਨ੍ਹਾਂ ਨੂੰ ਨਿਹੰਗ ਸਿੰਘ ਕਹਿਣਾ ਬੇਹੱਦ ਗਲਤ ਹੈ। ਚੰਦੂਮਾਜਰਾ ਨੇ ਕਿਹਾ ਕਿ ਪੁਲਸ ਅੱਜ 'ਕੋਰੋਨਾ' ਦੀ ਮਾਰੂ ਸਥਿਤੀ ਵਿਚ ਸਾਡੀ ਰੱਖਿਆ ਕਰ ਰਹੀ ਹੈ। ਇਨ੍ਹਾਂ ਲੋਕਾਂ ਨੁੰ ਸਿੱਖ ਕੌਮ ਨਾਲ ਨਾ ਜੋੜਿਆ ਜਾਵੇ। ਇਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।

ਨਿਹੰਗ ਸਿੰਘ ਜਥੇਬੰਦੀਆਂ ਦਾ ਸਿੱਖ ਕੌਮ 'ਚ ਵੱਡਾ ਮਾਣ-ਸਤਿਕਾਰ : ਡਾ. ਉਦੋਕੇ
ਸਿੱਖ ਵਿਦਵਾਨ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਇਸ ਕਾਂਡ ਸਬੰਧੀ ਕਿਹਾ ਕਿ ਨਿਹੰਗ ਸਿੰਘ ਜਥੇਬੰਦੀਆਂ ਦਾ ਸਿੱਖ ਕੌਮ ਵਿਚ 18ਵੀਂ ਸਦੀ ਤੋਂ ਹੀ ਵੱਡਾ ਮਾਣ-ਸਤਿਕਾਰ ਹੈ। ਹਮਲਾਵਰ ਕਦੇ ਵੀ ਨਿਹੰਗ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਅੱਜ ਵੀ ਇਹ ਜਥੇਬੰਦੀਆਂ ਸਿੱਖ ਕੌਮ ਦਾ ਮਾਣ ਹਨ। ਪੁਲਸ ਅਤੇ ਪ੍ਰਸ਼ਾਸਨ ਨੂੰ ਵੀ ਜੋ ਅਸਲੀਅਤ ਵਿਚ ਹੋਇਆ ਹੈ, ਉਸ 'ਤੇ ਕਾਰਵਾਈ ਕਰਨੀ ਚਾਹੀਦੀ ਹੈ।


Bharat Thapa

Content Editor

Related News