ਮੁਲਜ਼ਮਾਂ ਦੇ ਕਰਵਾਏ ਜਾਣਗੇ ਪਹਿਲਾਂ ਕੋਰੋਨਾ ਟੈਸਟ, ਰਿਪੋਰਟ ''ਤੋਂ ਬਾਅਦ ਜਾਣਗੇ ਜੇਲ੍ਹ

06/27/2020 11:06:56 PM

ਜਲੰਧਰ,(ਵਰੁਣ)– ਹਵਾਲਾਤ ਵਿਚ ਬੰਦ ਮੁਲਜ਼ਮਾਂ ਕਾਰਣ ਥਾਣਿਆਂ ਵਿਚ ਫੈਲ ਰਹੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਪੁਲਸ ਨੇ ਵੱਡੇ ਪੱਧਰ 'ਤੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਅਹਿਤਿਆਤ ਵਜੋਂ ਪਹਿਲੀ ਵਾਰ ਕਿਸੇ ਵੀ ਕੇਸ ਵਿਚ ਗ੍ਰਿਫਤਾਰ ਮੁਲਜ਼ਮ ਸਪੈਸ਼ਲ ਸੈੱਲ ਜਾਂ ਫਿਰ ਥਾਣੇ ਦੀ ਹਵਾਲਾਤ ਵਿਚ ਨਹੀਂ, ਬਲਕਿ ਸਿਵਲ ਹਸਪਤਾਲ ਵਿਚ ਨਵੇਂ ਬਣਾਏ ਗਏ ਵਾਰਡ ਵਿਚ ਰੱਖੇ ਜਾਣਗੇ। ਇਹ ਨਿਯਮ ਪੂਰੇ ਪੰਜਾਬ ਵਿਚ ਲਾਗੂ ਕਰ ਦਿੱਤਾ ਗਿਆ ਹੈ। ਹਾਲ ਹੀ ਵਿਚ ਸੀ. ਆਈ. ਏ. ਸਟਾਫ (ਕਮਿਸ਼ਨਰੇਟ ਅਤੇ ਦਿਹਾਤੀ), ਥਾਣਾ 4, ਥਾਣਾ ਬਸਤੀ ਬਾਵਾ ਖੇਲ ਅਤੇ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਕ੍ਰਿਮੀਨਲ ਕੇਸਾਂ ਵਿਚ ਮੁਲਜ਼ਮ ਫੜੇ ਸਨ ਜੋ ਕੋਰੋਨਾ ਪਾਜ਼ੇਟਿਵ ਸਨ ਅਤੇ ਇਸ ਕਾਰਣ ਪੁਲਸ ਮੁਲਾਜ਼ਮਾਂ ਵਿਚ ਕੋਰੋਨਾ ਫੈਲ ਰਿਹਾ ਸੀ। ਇੰਨਾ ਹੀ ਨਹੀਂ, ਥਾਣਾ ਨੰਬਰ 4 ਨੂੰ ਬੰਦ ਵੀ ਕਰਵਾਉਣਾ ਪਿਆ ਸੀ। ਇਸ ਤੋਂ ਬਾਅਦ ਪੁਲਸ ਮੁਲਾਜ਼ਮ ਕੋਰੋਨਾ ਦੇ ਖੌਫ ਵਿਚ ਸਨ। ਅਜਿਹੇ ਵਿਚ ਪੁਲਸ ਮੁਲਾਜ਼ਮਾਂ ਨੂੰ ਬਚਾਉਣ ਲਈ ਤੈਅ ਕੀਤਾ ਗਿਆ ਕਿ ਕਿਸੇ ਵੀ ਕੇਸ ਵਿਚ ਫੜੇ ਗਏ ਮੁਲਜ਼ਮ ਦੀ ਗ੍ਰਿਫਤਾਰੀ ਪਾਉਣ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਵਿਚ ਬਣਾਏ ਗਏ ਪ੍ਰੋਵੀਜ਼ਨਲ ਵਾਰਡ ਵਿਚ ਰੱਖਿਆ ਜਾਵੇਗਾ। ਵਾਰਡ ਵਿਚ ਭੇਜਣ ਤੋਂ ਪਹਿਲਾਂ ਮੁਲਜ਼ਮ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ। ਰਿਪੋਰਟ ਆਉਣ ਤੱਕ ਸਾਰੇ ਮੁਲਜ਼ਮ ਇਸੇ ਵਾਰਡ ਵਿਚ ਰਹਿਣਗੇ। ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਪੁਲਸ ਮੁਲਜ਼ਮਾਂ ਦਾ ਰਿਮਾਂਡ ਲੈ ਸਕਦੀ ਹੈ, ਨਹੀਂ ਤਾਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਜਾਵੇਗਾ। ਜੇਕਰ ਕੋਈ ਮੁਲਜ਼ਮ ਪਾਜ਼ੇਟਿਵ ਆਉਂਦਾ ਹੈ ਤਾਂ ਉਸ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰ ਦਿੱਤਾ ਜਾਵੇਗਾ।
ਇਸ ਕਦਮ ਨਾਲ ਕੋਰੋਨਾ ਵਾਇਰਸ ਨਾਲ ਲੜਨ ਲਈ ਫਰੰਟ 'ਤੇ ਖੜ੍ਹੇ ਪੁਲਸ ਜਵਾਨਾਂ ਨੂੰ ਕਾਫੀ ਰਾਹਤ ਮਿਲੇਗੀ ਜੋ ਪਹਿਲਾਂ ਡਰ ਦੇ ਮਾਹੌਲ ਵਿਚ ਰਹਿੰਦੇ ਸਨ। ਵਾਰਡ ਵਿਚ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਜਵਾਨਾਂ ਦੀ ਤਾਇਨਾਤੀ ਵੀ ਹੋਵੇਗੀ, ਜਦਕਿ ਵਾਰਡ ਵਿਚ ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਤਾਂ ਕਿ ਪਾਜ਼ੇਟਿਵ ਮਰੀਜ਼ ਕਾਰਣ ਕੋਈ ਹੋਰ ਮੁਲਜ਼ਮ ਕੋਰੋਨਾ ਦੀ ਲਪੇਟ ਵਿਚ ਨਾ ਆ ਜਾਵੇ।

ਪੂਰੇ ਪੰਜਾਬ 'ਚ ਇਹ ਨਿਯਮ : ਡੀ. ਸੀ. ਪੀ. ਹੈੱਡਕੁਆਰਟਰ
ਇਸ ਬਾਰੇ ਜਦੋਂ ਡੀ. ਸੀ. ਪੀ. ਹੈੱਡਕੁਆਰਟਰ ਅਰੁਣ ਸੈਣੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਨਿਯਮ ਜਲੰਧਰ ਹੀ ਨਹੀਂ, ਬਲਕਿ ਪੂਰੇ ਪੰਜਾਬ ਪੱਧਰ 'ਤੇ ਹੈ। ਉਨ੍ਹਾਂ ਕਿਹਾ ਕਿ ਥਾਣਿਆਂ ਦੀ ਹਵਾਲਾਤ ਵਿਚ ਬੰਦ ਗ੍ਰਿਫਤਾਰ ਕੀਤੇ ਗਏ ਲੋਕਾਂ ਕਾਰਣ ਥਾਣੇ ਵਿਚ ਕੋਰੋਨਾ ਵਾਇਰਸ ਫੈਲ ਰਿਹਾ ਸੀ, ਜਿਸ ਕਾਰਣ ਇਹ ਫੈਸਲਾ ਕੀਤਾ ਗਿਆ ਹੈ। ਡੀ. ਸੀ. ਪੀ. ਸੈਣੀ ਨੇ ਕਿਹਾ ਕਿ ਸਪੈਸ਼ਲ ਬਣਾਏ ਗਏ ਸੈੱਲ ਵਿਚ ਹਰ ਤਰ੍ਹਾਂ ਦੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਹੋਇਆ ਹੈ।

Bharat Thapa

This news is Content Editor Bharat Thapa