''ਸਵੱਛ ਭਾਰਤ'' ਮੁਹਿੰਮ ਨੂੰ ਸਿਵਲ ਹਸਪਤਾਲ ''ਚ ਲੱਗਾ ਗ੍ਰਹਿਣ

09/22/2017 12:56:40 AM

ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ)— ਭਾਰਤ ਸਰਕਾਰ ਨੇ ਪੂਰੇ ਦੇਸ਼ ਵਿਚ 'ਸਵੱਛ ਭਾਰਤ' ਮੁਹਿੰਮ ਵਿੱਢੀ ਹੋਈ ਹੈ ਪਰ ਮੁਹਿੰਮ ਪੂਰਨ ਰੂਪ 'ਚ ਤਾਂ ਹੀ ਕਾਮਯਾਬ ਹੋ ਸਕਦੀ ਹੈ, ਜੇ ਸਰਕਾਰੀ ਹਸਪਤਾਲਾਂ ਵਿਚ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਹਸਪਤਾਲਾਂ ਵਿਚ ਲੋਕਾਂ ਨੇ ਆਪਣਾ ਇਲਾਜ ਕਰਵਾਉਣਾ ਹੁੰਦਾ ਹੈ ਪਰ ਜੇ ਉਥੇ ਹੀ ਸਫਾਈ ਨਾ ਹੋਵੇ ਤਾਂ ਬੀਮਾਰੀਆਂ ਠੀਕ ਹੋਣ ਦੀ ਬਜਾਏ ਗੰਭੀਰ ਰੂਪ ਵੀ ਲੈ ਸਕਦੀਆਂ ਹਨ।  ਇਹੋ ਹਾਲ ਬਰਨਾਲਾ ਦੇ ਸਰਕਾਰੀ ਹਸਪਤਾਲ ਦਾ ਹੈ। ਜਗ੍ਹਾ-ਜਗ੍ਹਾ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਖਾਸ ਕਰ ਕੇ ਹਸਪਤਾਲ ਦੇ ਵਾਰਡਾਂ ਦੇ ਪਿਛਲੇ ਪਾਸੇ ਖਾਲੀ ਪਈ ਥਾਂ 'ਤੇ ਅਤੇ ਡਰੱਗ ਡੀ- ਅਡਿਕਸ਼ਨ ਹਸਪਤਾਲ ਅੱਗੇ ਕੂੜੇ ਦੇ ਢੇਰ ਲੱਗੇ ਹੋਏ ਹਨ। ਮੱਛਰ ਮੱਖੀਆਂ ਗੰਦਗੀ ਵਾਲੀ ਥਾਂ 'ਤੇ ਪੈਦਾ ਹੋਣੀਆਂ ਸੁਭਾਵਿਕ ਹਨ, ਜਿਸ ਕਾਰਨ ਹਜ਼ਾਰਾਂ ਮਰੀਜ਼ਾਂ ਨੂੰ ਜਾਨਲੇਵਾ ਬੀਮਾਰੀਆਂ ਹੋ ਸਕਦੀਆਂ ਹਨ। 
ਬਾਥਰੂਮਾਂ 'ਚ ਫੈਲੀ ਗੰਦਗੀ
ਸਿਵਲ ਹਸਪਤਾਲ ਦੇ ਬਾਥਰੂਮਾਂ ਵਿਚ ਬਦਬੂ ਆ ਰਹੀ ਸੀ, ਜਿਸ ਦਾ ਸਭ ਤੋਂ ਵੱਡਾ ਕਾਰਨ ਸਫਾਈ ਦੀ ਘਾਟ ਅਤੇ ਫਿਨਾਈਲ ਦੀਆਂ ਗੋਲੀਆਂ ਨਾ ਪਾਉਣਾ ਹੈ। ਫਿਨਾਈਲ ਦੀਆਂ ਗੋਲੀਆਂ ਨਾ ਪਾਉਣ ਕਰ ਕੇ ਬਦਬੂ ਕਾਰਨ ਬਾਥਰੂਮਾਂ ਵਿਚ ਜਾਣਾ ਤਾਂ ਦੂਰ ਦੀ ਗੱਲ ਉਸ ਦੇ ਅੱਗੋਂ ਲੰਘਣਾ ਵੀ ਮੁਸ਼ਕਲ ਹੈ ਜਦੋਂਕਿ ਮਰੀਜ਼ਾਂ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਇਨ੍ਹਾਂ ਬਾਥਰੂਮਾਂ ਨੂੰ ਹੀ ਇਸਤੇਮਾਲ ਕਰਨਾ ਹੁੰਦਾ ਹੈ। 
ਸਿਵਲ ਹਸਪਤਾਲ ਸੰਗਰੂਰ 'ਚ ਵੀ ਸਫਾਈ ਦਾ ਹਾਲ ਮਾੜਾ 
ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)— ਸਵੱਛ ਭਾਰਤ ਮੁਹਿੰਮ ਤਹਿਤ ਮਨਾਏ ਜਾ ਰਹੇ ਪੰਦਰਵਾੜੇ ਦਾ ਸਿਵਲ ਹਸਪਤਾਲ ਸੰਗਰੂਰ 'ਚ ਵੀ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਸਵੱਛਤਾ ਦੀ ਦੁਹਾਈ ਦੇ ਰਹੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਇਸ ਮਾਮਲੇ ਸੰਬੰਧੀ ਗੰਭੀਰ ਨਹੀਂ ਜਾਪ ਰਹੇ, ਜਿਸ ਦਾ ਖਮਿਆਜ਼ਾ ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ ਨੂੰ ਭੁਗਤਣਾ ਪੈ ਰਿਹਾ ਹੈ। 
'ਜਗ ਬਾਣੀ' ਟੀਮ ਨੇ ਅੱਜ ਜਦੋਂ ਹਸਪਤਾਲ ਦਾ ਦੌਰਾ ਕੀਤਾ ਤਾਂ ਸਵੱਛ ਭਾਰਤ ਮੁਹਿੰਮ ਦਾ ਮੂੰਹ ਚਿੜਾ ਰਹੀਆਂ ਕਈ ਖਾਮੀਆਂ ਸਾਹਮਣੇ ਆਈਆਂ। ਹਸਪਤਾਲ ਦੇ ਬਾਥਰੂਮਾਂ ਦਾ ਸਫਾਈ ਦਾ ਹਾਲ ਬਹੁਤ ਮਾੜਾ ਸੀ, ਜਿਥੇ ਸਫਾਈ ਪ੍ਰਬੰਧ ਨਾਕਾਫੀ ਸਨ, ਉਥੇ ਵਾਸ਼ਬੇਸਨ ਵੀ ਟੁੱਟੇ ਭੱਜੇ ਸਨ। ਕਈ ਟੂਟੀਆਂ ਹੀ ਗਾਇਬ ਸਨ। ਇਸ ਤੋਂ ਇਲਾਵਾ ਹਸਪਤਾਲ 'ਚ ਕਈ ਥਾਵਾਂ 'ਤੇ ਗੰਦਗੀ ਦੇ ਢੇਰ ਪਏ ਸਨ ਅਤੇ ਪਾਣੀ ਵੀ ਖੜ੍ਹਾ ਸੀ।
ਹਸਪਤਾਲ 'ਚ ਪਾਣੀ ਪੀਣ ਲਈ ਕਈ ਥਾਵਾਂ 'ਤੇ ਟੂਟੀਆਂ ਲਾਈਆਂ ਹੋਈਆਂ ਹਨ ਪਰ ਇਨ੍ਹਾਂ 'ਚੋਂ ਕਈ ਟੂਟੀਆਂ 'ਚੋਂ ਸਾਰਾ ਦਿਨ ਪਾਣੀ ਡਿੱਗਦਾ ਰਹਿੰਦਾ ਹੈ। ਇਸ ਤੋਂ ਇਲਾਵਾ ਸਾਫ ਪਾਣੀ ਪੀਣ ਲਈ ਵਾਟਰ ਕੂਲਰਾਂ ਦਾ ਪ੍ਰਬੰਧ ਤਾਂ ਹੈ ਪਰ ਉਪਰਲੀਆਂ ਮੰਜ਼ਿਲਾਂ 'ਚ ਕੋਈ ਵਾਟਰ ਕੂਲਰ ਨਾ ਹੋਣ ਕਰ ਕੇ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਜਪਾ ਮੀਡੀਆ ਸੈੱਲ ਦੇ ਇੰਚਾਰਜ ਗੁਰੀ ਨੇ ਮੰਗ ਕਰਦਿਆਂ ਕਿਹਾ ਕਿ ਹਸਪਤਾਲ 'ਚ ਸਫਾਈ ਪ੍ਰਬੰਧਾਂ ਵੱਲ ਧਿਆਨ ਦਿੱਤਾ ਜਾਵੇ।