ਗਰਮੀ ਵਧਣ ਮਗਰੋਂ ਪਾਵਰਕਾਮ ਨੇ ਸਰਕਾਰੀ ਥਰਮਲ ਪਲਾਂਟਾਂ ਦੇ ਯੂਨਿਟ ਕੀਤੇ ਚਾਲੂ

03/14/2018 7:36:42 AM

ਪਟਿਆਲਾ (ਪ. ਪ.) - ਪੰਜਾਬ ਵਿਚ ਮੌਸਮ ਤਬਦੀਲ ਹੋਣ ਮਗਰੋਂ ਬਿਜਲੀ ਦੀ ਮੰਗ ਵਿਚ ਹੋਰ ਰਹੇ ਵਾਧੇ ਦੇ ਮੱਦੇਨਜ਼ਰ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਹੁਣ ਆਪਣੇ ਸਰਕਾਰੀ ਥਰਮਲ ਪਲਾਂਟਾਂ ਦੇ ਯੂਨਿਟ ਵੀ ਚਾਲੂ ਕਰਨੇ ਸ਼ੁਰੂ ਕਰ ਦਿੱਤੇ ਹਨ। ਭਾਵੇਂ ਬਠਿੰਡਾ ਸਥਿਤ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ ਪਰ ਹੁਣ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਤੇ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਯੂਨਿਟ ਚਾਲੂ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਲਹਿਰਾ ਮੁਹੱਬਤ ਸਥਿਤ ਪਲਾਂਟ ਦੇ ਚਾਰੋਂ ਯੂਨਿਟ ਇਸ ਵੇਲੇ ਚਾਲੂ ਕਰ ਦਿੱਤੇ ਗਏ ਹਨ। ਇਸ ਪਲਾਂਟ ਦੇ ਪਹਿਲਾਂ ਦੋ ਯੂਨਿਟ ਚਲ ਰਹੇ ਸਨ, ਜਦਕਿ ਬਾਕੀ ਦੇ 2 ਯੂਨਿਟ ਦੋ ਦਿਨ ਪਹਿਲਾਂ ਚਾਲੂ ਕੀਤੇ ਗਏ ਹਨ। ਰੋਪੜ ਪਲਾਂਟ ਦੇ 6 ਵਿਚੋਂ 3 ਯੂਨਿਟ ਸ਼ਾਮ ਵੇਲੇ ਦੇ ਚਾਲੂ ਹਨ। ਇਨ੍ਹਾਂ ਵਿਚੋਂ ਦੋ ਯੂਨਿਟ ਪਹਿਲਾਂ ਚਾਲੂ ਸਨ, ਜਦਕਿ ਤੀਜਾ ਯੂਨਿਟ ਅੱਜ ਚਾਲੂ ਕੀਤਾ ਗਿਆ ਹੈ। ਇਨ੍ਹਾਂ ਵੱਲੋਂ ਤਕਰੀਬਨ 1325 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਪ੍ਰਾਈਵੇਟ ਸੈਕਟਰ ਵਿਚ ਰਾਜਪੁਰਾ ਪਲਾਂਟ ਦੇ ਦੋਵੇਂ ਯੂਨਿਟ ਚਾਲੂ ਹਨ, ਤਲਵੰਡੀ ਸਾਬੋ ਪਲਾਂਟ ਦੇ ਤਿੰਨ ਵਿਚੋਂ ਯੂਨਿਟ ਇਕ ਨੰਬਰ ਤੇ ਤਿੰਨ ਨੰਬਰ ਇਸ ਵੇਲੇ ਬਿਜਲੀ ਪੈਦਾਵਾਰ ਕਰ ਰਹੇ ਹਨ। ਜਦਕਿ ਗੋਇੰਦਵਾਲ ਸਾਹਿਬ ਪਲਾਂਟ ਦੇ ਦੋ ਵਿਚੋਂ ਇਕ ਯੂਨਿਟ ਇਸ ਵੇਲੇ ਰਾਜ ਲਈ ਬਿਜਲੀ ਉਤਪਾਦਨ ਕਰ ਰਹੇ ਹਨ। ਇਨ੍ਹਾਂ ਤਿੰਨਾਂ ਪਲਾਂਟਾਂ ਤੋਂ ਤਕਰੀਬਨ 2500 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਨ੍ਹਾਂ ਤੋਂ ਇਲਾਵਾ ਪਣ ਬਿਜਲੀ ਪ੍ਰਾਜੈਕਟਾਂ ਤੋਂ ਵੀ ਇਸ ਵੇਲੇ ਤਕਰੀਬਨ 450 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ।