ਲਰਨਿੰਗ ਲਾਇਸੰਸ ਲਈ ਵੀ ਟੈਬ ਟੈਸਟ, ਘੱਟੋ-ਘੱਟ 5 ਸਵਾਲਾਂ ਦੇ ਦੇਣੇ ਪੈਣਗੇ ਸਹੀ ਜਵਾਬ

05/04/2016 2:47:41 PM

ਜਲੰਧਰ : ਜੇਕਰ ਤੁਸੀਂ ਵੀ ਲਰਨਿੰਗ ਲਾਇਸੰਸ ਲੈਣਾ ਹੈ ਤਾਂ ਟੈਬ ਟੈਸਟ ਦੇਣ ਦੀ ਤਿਆਰੀ ਕਰੋ ਕਿਉਂਕਿ ਹੁਣ ਲਰਨਿੰਗ ਲਾਇੰਸਸ ਲਈ ਟੈਬ ਟੈਸਟ ਜਰੂਰੀ ਹੋ ਗਿਆ ਹੈ। ਇਸ ਸਬੰਧੀ ਗੱਲ ਕਰਦਿਆਂ ਡੀ. ਟੀ. ਓ. ਸ਼੍ਰੀ ਆਰ. ਪੀ. ਸਿੰਘ ਨੇ ਦੱਸਿਆ ਕਿ ਹੁਣ ਲਰਨਿੰਗ ਲਾਇਸੰਸ ਲੈਣ ਵਾਲਿਆਂ ਨੂੰ ਵੀ ਟੈਬ ਟੈਸਟ ਦੇਣਾ ਪਵੇਗਾ। ਟੈਸਟ ਦੌਰਾਨ ਪ੍ਰਾਰਥੀ ਨੂੰ ਕੁੱਲ 10 ਟ੍ਰੈਫਿਕ ਚਿੰਨ੍ਹ ਵਿਖਾਏ ਜਾਣਗੇ ਜੇਕਰ ਉਹ ਘੱਟੋ-ਘੱਟ 5 ਚਿੰਨ੍ਹਾਂ ਸਬੰਧੀ ਸਹੀ ਉੱਤਰ ਦਿੰਦਾ ਹੈ ਤਾਂ ਉਸਨੂੰ ਲਾਇਸੰਸ ਜਾਰੀ ਕੀਤਾ ਜਾਵੇਗਾ। 
 ਉਨ੍ਹਾਂ ਦੱਸਿਆ ਕਿ ਟੈਸਟ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਮੋਹਾਲੀ ਤੋਂ ਟੈਬ ਮੰਗਵਾਏ ਗਏ ਹਨ, ਜੋ ਇਕ-ਦੋ ਦਿਨਾਂ ਤੱਕ ਇਥੇ ਪੁੱਜ ਜਾਣਗੇ। ਇਸਤੋਂ ਬਾਅਦ ਇਹ ਟੈਸਟ ਸ਼ੁਰੂ ਕਰ ਦਿੱਤਾ ਜਾਵੇਗਾ।  
ਡੀ. ਟੀ. ਓ ਨੇ ਦੱਸਿਆ ਕਿ ਸਾਲ 2014 ਵਿਚ ਵੀ ਲਰਨਿੰਗ ਲਾਇਸੰਸ ਲਈ ਇਹ ਟੈਸਟ ਸ਼ੁਰੂ ਕੀਤਾ ਗਿਆ ਸੀ, ਜੋ ਬਾਅਦ ਵਿਚ ਬੰਦ ਕਰ ਦਿੱਤਾ ਗਿਆ ਪਰ ਹੁਣ ਇਸਨੂੰ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਲਾਇਸੰਸ ਫੀਸ ਤੋਂ ਇਲਾਵਾ ਇਸ ਟੈਸਟ ਲਈ 50 ਰੁਪਏ ਵੱਖਰੀ ਫੀਸ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਕ ਵਾਰ ਅਸਫਲ ਹੋਣ ''ਤੇ ਬੇਨਤੀਕਰਤਾ ਦੁਬਾਰਾ ਇਹ ਟੈਸਟ ਦੇ ਸਕੇਗਾ।