ਸਾਈਬਰ ਸੈਲ ਸੁਵਿਧਾ ਦੇ ਬਾਵਜੂਦ ਅੱਤਵਾਦੀਆਂ ਦੇ ਫੇਸਬੁੱਕ ਅਕਾਊਂਟ ਖੋਲਣ ''ਚ ਅਸਮਰੱਥ ਮੋਹਾਲੀ ਪੁਲਸ

06/10/2017 2:18:55 PM

ਮੋਹਾਲੀ — ਖਾਲਿਸਤਾਨ ਜ਼ਿੰਦਾਬਾਦ ਦੇ ਫੜੇ ਗਏ ਅੱਤਵਾਦੀਆਂ ਨੂੰ ਸ਼ੁੱਕਰਵਾਰ ਪੁਲਸ ਨੇ ਅਦਾਲਤ 'ਚ ਪੇਸ਼ ਕੀਤਾ। ਇਸ ਦੌਰਾਨ ਦੋਸ਼ੀਆਂ ਦਾ ਰਿਮਾਂਡ ਲੈਣ ਲਈ ਪੁਲਸ ਨੇ ਅਦਾਲਤ 'ਚ ਦਲੀਲ ਦਿੱਤੀ ਕਿ ਦੋ ਅੱਤਵਾਦੀਆਂ ਤਰਮਿੰਦਰ ਸਿੰਘ ਤੇ ਰਮਨਦੀਪ ਸਿੰਘ ਦੇ ਅਕਾਊਂਟ ਨਹੀਂ ਖੁੱਲ ਰਹੇ। ਜਿਸ ਕਾਰਨ ਜਾਂਚ ਅੱਗੇ ਨਹੀਂ ਵੱਧ ਰਹੀ। 
ਪੁਲਸ ਮੁਤਾਬਕ ਦੋਸ਼ੀਆਂ ਨੇ ਸੋਸ਼ਲ ਮੀਡੀਆ 'ਚ ਕੁਝ ਗੱਲਬਾਤ ਖਾਸ ਕੋਡ 'ਚ ਕੀਤੀ ਹੈ, ਜਿਸ ਨੂੰ ਡੀਕੋਟ ਕਰਨ 'ਚ ਦਿੱਕਤ ਆ ਰਹੀ ਹੈ। ਜਿਸ 'ਤੇ ਅਦਾਲਤ ਦਾ ਤਰਕ ਸੀ ਕਿ ਅਜਿਹੇ 'ਚ ਦੋਸ਼ੀਆਂ ਨੂੰ ਛੱਡ ਕੇ ਹੋਰ ਪੰਜ ਦੋਸ਼ੀਆਂ ਨੂੰ ਹਿਰਾਸਤ 'ਚ ਭੇਜ ਦਿੱਤਾ ਜਾਵੇ। ਉਥੇ ਹੀ ਪੁਲਸ ਨੇ ਅਦਾਲਤ 'ਚ ਸਪਸ਼ੱਟ ਕੀਤਾ ਹੈ ਕਿ ਅੱਤਵਾਦੀਆਂ ਦੀ ਫੇਸਬੁੱਕ ਖੁੱਲਣ 'ਤੇ ਹੀ ਹੋਰ ਜਾਣਕਾਰੀ ਹਾਸਲ ਹੋ ਸਕਦੀ ਹੈ। ਅਜਿਹੇ 'ਚ ਜਾਣਕਾਰੀ ਹਾਸਲ ਕਰਨ ਲਈ ਅਦਾਲਤ ਨੇ ਮੁਲਜ਼ਮਾਂ ਨੂੰ ਹੋਰ ਦੋ ਦਿਨ ਲਈ ਰਿਮਾਂਡ 'ਤੇ ਭੇਜ ਦਿੱਤਾ ਹੈ। 
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮੋਹਾਲੀ ਤੋਂ ਫੜੇ ਗਏ ਖਾਲਿਸਤਾਨ ਜ਼ਿੰਦਾਬਾਦ ਦੇ ਇਨ੍ਹਾਂ ਅੱਤਵਾਦੀਆਂ 'ਚ ਤਰਮਿੰਦਰ ਸਿੰਘ, ਜਰਨੈਲ ਸਿੰਘ, ਸਤਨਾਮ ਸਿੰਘ, ਰਮਨਦੀਪ ਸਿੰਘ, ਰਣਦੀਪ ਸਿੰਘ, ਹਰਵਿੰਦਰ ਸਿੰਘ ਤੇ ਅੰਮ੍ਰਿਤਪਾਲ ਕੌਰ ਸ਼ਾਮਲ ਹਨ। ਇਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਵੱਖ-ਵੱਖ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਹੈ। ਪੁਲਸ ਦੇ ਮੁਤਾਬਕ ਇਹ ਦੋਸ਼ੀ ਪੰਜਾਬ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ 'ਚ ਸਨ। ਇੰਨਾ ਹੀ ਨਹੀਂ ਦੇਸ਼ ਦੀਆਂ ਕਈ ਸੁਰੱਖਿਆ ਏਜੰਸੀਆਂ ਵੀ ਦੋਸ਼ੀਆਂ ਕੋਲੋਂ ਪੁੱਛਗਿੱਛ ਕਰ ਚੁੱਕੀਆਂ ਹਨ। 
ਉਥੇ ਹੀ ਇਨ੍ਹਾਂ ਮੁਲਜ਼ਮਾਂ ਦੇ ਬਚਾਅ ਪੱਖ ਦੇ ਵਕੀਲਾਂ ਨੇ ਅਦਾਲਤ 'ਚ ਆਪਣਾ ਤਰਕ ਰੱਖਦੇ ਹੋਏ ਕਿਹਾ ਕਿ ਪੁਲਸ ਨੇ 30 ਮਈ ਨੂੰ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਫਿਰ ਵੀ ਅਜੇ ਤਕ ਉਹ ਇਨ੍ਹਾਂ ਦੇ ਫੇਸਬੁੱਕ ਅਕਾਊਂਟ ਕਿਉਂ ਨਹੀਂ ਖੋਲ ਸਕੀ? ਜਦ ਕਿ ਪੁਲਸ ਕੋਲ ਖੁਦ ਦਾ ਸਾਈਬਰ ਸੈਲ ਹੈ। ਵਕੀਲਾਂ ਮੁਤਾਬਕ ਪੁਲਸ ਸਿਆਸੀ ਦਬਾਅ ਕਾਰਨ ਇਨ੍ਹਾਂ ਲੋਕਾਂ ਨੂੰ ਝੂਠੇ ਕੇਸ 'ਚ ਫਸਾ ਰਹੀ ਹੈ।