ਅੱਤਵਾਦੀਆਂ ਤੇ ਵੱਖਵਾਦੀਆਂ ਨੂੰ ਮਹਿਬੂਬਾ ਮੁਫਤੀ ਦੀਆਂ ਖਰੀਆਂ-ਖਰੀਆਂ

08/26/2016 1:20:53 AM

ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਪਾਕਿਸਤਾਨੀ ਹਾਕਮਾਂ ਨੇ ਭਾਰਤ ਵਿਰੁੱਧ ਅਸਿੱਧੀ ਜੰਗ ਛੇੜੀ ਹੋਈ ਹੈ। ਇਸੇ ਕੜੀ ''ਚ ਜ਼ਿਆ-ਉਲ-ਹੱਕ ਨੇ 1988 ''ਚ ਭਾਰਤ ਵਿਰੁੱਧ ''ਘੱਟ ਤੀਬਰਤਾ ਵਾਲੀ ਜੰਗ'' (ਵਾਰ ਵਿਦ ਲੋਅ ਇੰਟੈਂਸਿਟੀ) ਛੇੜਨ ਲਈ ''ਆਪ੍ਰੇਸ਼ਨ ਟੋਪਾਕ'' ਸ਼ੁਰੂ ਕੀਤਾ ਜੋ ਅੱਜ ਵੀ ਜਾਰੀ ਹੈ।
ਉਦੋਂ ਤੋਂ ਹੀ ਪਾਕਿਸਤਾਨ ਨੇ ਆਪਣੇ ਪਾਲ਼ੇ ਹੋਏ ਅੱਤਵਾਦੀਆਂ ਅਤੇ ਵੱਖਵਾਦੀਆਂ ਦੇ ਜ਼ਰੀਏ ਜੰਮੂ-ਕਸ਼ਮੀਰ ''ਚ ਅੱਤਵਾਦ ਭੜਕਾਉਣ, ਬਗਾਵਤ ਲਈ ਲੋਕਾਂ ਨੂੰ ਉਕਸਾਉਣ, ਪੱਥਰਬਾਜ਼ੀ ਤੇ ਹਿੰਸਾ ਕਰਵਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ।
ਇਨ੍ਹਾਂ ਲੋਕਾਂ ਨੂੰ ਪਾਕਿਸਤਾਨ ਤੋਂ ਭਾਰੀ ਆਰਥਿਕ ਮਦਦ ਮਿਲਦੀ ਹੈ ਜਿਸ ਦੇ ਦਮ ''ਤੇ ਇਹ ਐਸ਼ ਕਰਦੇ ਹਨ। ਇਹ ਗਰੀਬਾਂ ਦੇ ਬੱਚਿਆਂ ਨੂੰ ਤਾਂ ਪੱਥਰਬਾਜ਼ ਅਤੇ ਅੱਤਵਾਦੀ ਬਣਾਉਂਦੇ ਹਨ ਪਰ ਆਪਣਾ ਇਲਾਜ, ਬੱਚਿਆਂ ਦੀ ਪੜ੍ਹਾਈ ਤੇ ਵਿਆਹ ਆਦਿ ਸਭ ਕਸ਼ਮੀਰ ਤੋਂ ਬਾਹਰ ਸੁਰੱਖਿਅਤ ਥਾਵਾਂ ''ਤੇ ਕਰਵਾਉਂਦੇ ਹਨ।
ਹਾਲਾਂਕਿ ਸ਼੍ਰੀ ਵਾਜਪਾਈ ਦੇ ਪ੍ਰਧਾਨ ਮੰਤਰੀ ਹੁੰਦਿਆਂ ਵਾਦੀ ''ਚ ਸਰਗਰਮ ਅੱਤਵਾਦੀ ਤੇ ਵੱਖਵਾਦੀ ਅਨਸਰਾਂ ਵੱਲੋਂ ਚੋਣਾਂ ਦੇ ਬਾਈਕਾਟ ਦੀਆਂ ਦਿੱਤੀਆਂ ਧਮਕੀਆਂ ਦੇ ਬਾਵਜੂਦ ਉਥੇ ਪਹਿਲੀ ਵਾਰ ਨਿਰਪੱਖ ਚੋਣਾਂ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਬਾਅਦ ''ਚ ਵੀ ਜਾਰੀ ਰਿਹਾ ਪਰ ਕੁਝ ਸਮੇਂ ਤੋਂ ਇਕ ਵਾਰ ਫਿਰ ਉਥੇ ਸਰਗਰਮ ਭਾਰਤ ਵਿਰੋਧੀ ਅਨਸਰਾਂ ਨੇ ਮਾਹੌਲ ਵਿਗਾੜਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।
ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੀ 8 ਜੁਲਾਈ ਨੂੰ ਹੋਈ ਮੌਤ ਤੋਂ ਬਾਅਦ 48 ਦਿਨਾਂ ਤੋਂ ਜਾਰੀ ਝੜਪਾਂ ''ਚ ਕਸ਼ਮੀਰ ਵਾਦੀ ''ਚ 70 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਕਰਫਿਊ ਕਾਰਨ ਜਨ-ਜੀਵਨ ਠੱਪ ਹੈ, 2 ਲੱਖ ਬੱਚਿਆਂ ਦੀ ਪੜ੍ਹਾਈ ਬੰਦ ਹੈ, ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ, ਘੱਟੋ-ਘੱਟ 6000 ਕਰੋੜ ਰੁਪਏ ਦੇ ਕਾਰੋਬਾਰ ਦਾ ਨੁਕਸਾਨ ਹੋ ਚੁੱਕਾ ਹੈ, ਸੈਰ-ਸਪਾਟਾ ਤਬਾਹ ਹੋ ਰਿਹਾ ਹੈ ਤੇ ਵੱਡੀ ਗਿਣਤੀ ''ਚ ਸੈਲਾਨੀਆਂ ਨੇ ਹੋਟਲਾਂ ''ਚ ਆਪਣੀ ਬੁਕਿੰਗ ਰੱਦ ਕਰ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12 ਅਗਸਤ ਨੂੰ ਇਕ ਸਰਵ ਪਾਰਟੀ ਮੀਟਿੰਗ ਸੱਦੀ ਤੇ 22 ਅਗਸਤ  ਨੂੰ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਇਸ ਸਮੱਸਿਆ ਦਾ ਸਥਾਈ ਹੱਲ ਕੱਢਣ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। 
ਗ੍ਰਹਿ ਮੰਤਰੀ ਰਾਜਨਾਥ ਸਿੰਘ ਇਕ ਮਹੀਨੇ ''ਚ ਦੂਜੀ ਵਾਰ 24 ਅਗਸਤ ਨੂੰ ਸ਼੍ਰੀਨਗਰ ਪਹੁੰਚੇ ਤੇ ਉਨ੍ਹਾਂ ਨੇ ਸਾਰੀਆਂ ਧਿਰਾਂ ਦੇ 300 ਵਿਅਕਤੀਆਂ ਤੇ ਮਹਿਬੂਬਾ ਮੁਫਤੀ ਨਾਲ ਗੱਲਬਾਤ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ ''ਚ ਨੌਜਵਾਨਾਂ ਨੂੰ ਪੱਥਰਬਾਜ਼ ਨਾ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ''ਪ੍ਰਧਾਨ ਮੰਤਰੀ ਨੂੰ ਕਸ਼ਮੀਰ ਦੀ ਚਿੰਤਾ ਹੈ ਅਤੇ ਅਸੀਂ ਲੋਕਤੰਤਰ ''ਚ ਯਕੀਨ ਰੱਖਣ ਵਾਲਿਆਂ ਨਾਲ  ਗੱਲਬਾਤ ਕਰਨ ਲਈ ਤਿਆਰ ਹਾਂ।''
ਇਸ ਮੌਕੇ ਮਹਿਬੂਬਾ ਨੇ ਕਿਹਾ ਕਿ ''ਪਥਰਾਅ ਅਤੇ ਸੁਰੱਖਿਆ ਬਲਾਂ ਦੇ ਕੈਂਪਾਂ ''ਤੇ ਹਮਲਾ ਕਰ ਕੇ ਕਿਸੇ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਸਕਦਾ। ਸੂਬੇ ਦੇ 95 ਫੀਸਦੀ ਲੋਕ ਗੱਲਬਾਤ ਰਾਹੀਂ ਸਮੱਸਿਆ ਦਾ ਸ਼ਾਂਤਮਈ ਹੱਲ ਚਾਹੁੰਦੇ ਹਨ...ਸਿਰਫ 5 ਫੀਸਦੀ ਲੋਕ ਹੀ ਇਸ ''ਚ ਅੜਿੱਕਾ ਡਾਹ ਰਹੇ ਹਨ ਅਤੇ ਆਪਣੇ ਹਿਤਾਂ ਲਈ ਗਲਤ ਰਾਹ ''ਤੇ ਚੱਲ ਰਹੇ ਹਨ। ਹਿੰਸਾ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।''
''ਮਿਸਕ੍ਰਿਐਂਟ ਸਾਡੇ ਬੱਚਿਆਂ ਤੇ ਔਰਤਾਂ ਨੂੰ ਢਾਲ ਬਣਾ ਕੇ ਕੈਂਪਾਂ ''ਤੇ ਹਮਲਾ ਕਰਵਾਉਂਦੇ ਹਨ...ਕੁਝ ਲੋਕਾਂ ਨੇ ਆਪਣੇ ਨਾਜਾਇਜ਼ ਮਕਸਦ ਲਈ ਬੱਚਿਆਂ ਨੂੰ ਭੱਠੀ ''ਚ ਸੁੱਟ ਦਿੱਤਾ ਹੈ.... ਅਸੀਂ ਕਸ਼ਮੀਰ ਨੂੰ ਜਹੱਨੁਮ ਨਹੀਂ ਬਣਨ ਦਿਆਂਗੇ। ਜੋ ਲੋਕ ਮਾਰੇ ਗਏ ਹਨ ਉਨ੍ਹਾਂ ''ਚ 90 ਫੀਸਦੀ ਬੱਚੇ ਹਨ... ਗਰੀਬਾਂ ਦੇ ਬੱਚੇ ਹਨ...।''
ਇਕ ਪੱਤਰਕਾਰ ਦੇ ਇਹ ਕਹਿਣ ''ਤੇ ਕਿ ਉਹ ਵਿਖਾਵਾਕਾਰੀਆਂ ਵਿਰੁੱਧ ਸੁਰੱਖਿਆ ਬਲਾਂ ਦੀ ਭਾਰੀ ਵਰਤੋਂ ਨੂੰ ਕਿਵੇਂ ਜਾਇਜ਼ ਠਹਿਰਾ ਸਕਦੀ ਹੈ ਜਦਕਿ 2010 ''ਚ ਵਿਰੋਧੀ ਧਿਰ ''ਚ ਹੁੰਦਿਆਂ ਉਨ੍ਹਾਂ ਨੇ ਲੋਕਾਂ ਦੇ ਮਾਰੇ ਜਾਣ ਦਾ ਵਿਰੋਧ ਕੀਤਾ ਸੀ?
ਇਸ ''ਤੇ ਮਹਿਬੂਬਾ ਨੇ ਕਿਹਾ, ''ਮਛੀਲ ''ਚ ਜਾਅਲੀ ਐਨਕਾਊਂਟਰ ਹੋਇਆ ਸੀ ਜਿਸ ''ਚ ਤਿੰਨ ਸਿਵਲੀਅਨ ਮਾਰੇ ਗਏ ਸਨ ਪਰ ਇਸ ਵਾਰ ਐਨਕਾਊਂਟਰ ''ਚ ਤਿੰਨ ਅੱਤਵਾਦੀ ਮਾਰੇ ਗਏ ਹਨ। ਸਰਕਾਰ ਨੂੰ ਇਸ ਦੇ ਲਈ ਕਿਵੇਂ ਦੋਸ਼ੀ ਠਹਿਰਾਇਆ ਜਾ ਸਕਦਾ ਹੈ? ਜੋ ਸੁਰੱਖਿਆ ਬਲਾਂ ਦੀਆਂ ਗੋਲੀਆਂ ਜਾਂ ਪੈਲੇਟਗੰਨਾਂ ਨਾਲ ਮਾਰੇ ਗਏ ਹਨ, ਉਹ ਦੁੱਧ ਜਾਂ ਟਾਫੀਆਂ ਖਰੀਦਣ ਨਹੀਂ ਗਏ ਸਨ।''
ਇਸ ਤੋਂ ਪਹਿਲਾਂ 22 ਅਗਸਤ ਨੂੰ ਵੀ ਮਹਿਬੂਬਾ ਨੇ ਕਿਹਾ ਸੀ ਕਿ ''ਕੁਝ ਮੁੱਠੀ ਭਰ ਲੋਕ ਵਾਦੀ ''ਚ ਅਸ਼ਾਂਤੀ ਫੈਲਾ ਰਹੇ ਹਨ ਅਤੇ ਅਜਿਹੀ ਚੰਗਿਆੜੀ ਦੀ ਭਾਲ ''ਚ ਹਨ ਜਿਸ ਨਾਲ ਸਮੁੱਚਾ ਕਸ਼ਮੀਰ ਸਾੜ ਸਕਣ। ਸੁਰੱਖਿਆ ਬਲਾਂ ਵੱਲੋਂ ਸੰਜਮ ਵਰਤਿਆ ਜਾ ਰਿਹਾ ਹੈ ਪਰ ਜਦੋਂ ਨੌਜਵਾਨ ਉਨ੍ਹਾਂ ਦੇ ਕੈਂਪਾਂ ''ਤੇ ਹਮਲੇ ਕਰਨਗੇ ਤਾਂ ਉਹ ਗੋਲੀ ਚਲਾਉਣਗੇ ਹੀ।''
''ਕਸ਼ਮੀਰ ਦੇ ਲੋਕ ਆਜ਼ਾਦੀ ਦਾ ਮਤਲਬ ਸਮਝ ਗਏ ਹਨ। ਉਹ ਜਾਣਦੇ ਹਨ ਕਿ ਇਸ ਦੇਸ਼ ''ਚ ਉਨ੍ਹਾਂ ਨੂੰ ਜਿਹੋ ਜਿਹੀ ਆਜ਼ਾਦੀ ਹਾਸਿਲ ਹੈ, ਉਹ ਸੀਰੀਆ, ਅਫਗਾਨਿਸਤਾਨ, ਤੁਰਕੀ ਤੇ ਪਾਕਿਸਤਾਨ ਵਰਗੇ ਦੇਸ਼ਾਂ ''ਚ ਨਸੀਬ ਨਹੀਂ ਹੈ। ਉਥੇ ਬੰਦੂਕ ਨੇ ਆਜ਼ਾਦੀ ਖੋਹ ਲਈ ਹੈ।''
ਰਾਜਨਾਥ ਸਿੰਘ ਅਤੇ ਮਹਿਬੂਬਾ ਮੁਫਤੀ ਦੇ ਬਿਆਨਾਂ ''ਚ ਕਸ਼ਮੀਰ ਪ੍ਰਤੀ ਚਿੰਤਾ ਸਪੱਸ਼ਟ ਹੈ ਅਤੇ ਇਹ ਗੱਲ ਕਿਸੇ ਤੋਂ ਲੁਕੀ ਹੋਈ ਵੀ ਨਹੀਂ ਹੈ ਕਿ ਇਨ੍ਹਾਂ ਸਾਰੀਆਂ ਘਟਨਾਵਾਂ ''ਚ ਕਸ਼ਮੀਰੀਆਂ ਦਾ ਹੀ ਨੁਕਸਾਨ ਹੋ ਰਿਹਾ ਹੈ।
ਇਸ ਲਈ ਉਮੀਦ ਕਰਨੀ ਚਾਹੀਦੀ ਹੈ ਕਿ ਛੇਤੀ ਹੀ ਇਸ ਅਸ਼ਾਂਤ ਸੂਬੇ ਦੇ ਹਾਲਾਤ ਸੁਧਰਨਗੇ ਜਿਸ ਨਾਲ ਇਥੋਂ ਦੇ ਲੋਕਾਂ ਦੀ ਜ਼ਿੰਦਗੀ ''ਚ ਇਕ ਵਾਰ ਫਿਰ ਖੁਸ਼ਹਾਲੀ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਹੋਵੇਗੀ, ਜਿਸ ਦੇ ਲਈ ਉਹ ਤਰਸ ਰਹੇ ਹਨ।                                                           
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra