ਜੈਸ਼-ਏ-ਮੁਹੰਮਦ ਵੱਲੋਂ ਪੰਜਾਬ ''ਚ ਵੱਡੇ ਧਮਾਕੇ ਕਰਨ ਦੀ ਧਮਕੀ

09/19/2019 7:09:37 PM

ਫਿਰੋਜ਼ਪੁਰ/ਜਲੰਧਰ (ਸੰਨੀ, ਕੁਮਾਰ)— ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵੱਲੋਂ ਪੰਜਾਬ 'ਚ ਕਈ ਰੇਲਵੇ ਸਟੇਸ਼ਨਾਂ ਸਮੇਤ ਕਈ ਧਾਰਮਿਕ ਸੰਗਠਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਜੈਸ਼-ਏ-ਮੁਹੰਮਦ ਦੀ ਮਿਲੀ ਧਮਕੀ ਭਰੀ ਚਿੱਠੀ 'ਚ ਬਠਿੰਡਾ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਗੱਲ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਜੈਸ਼-ਏ-ਮੁਹੰਮਦ ਦੇ ਏਰੀਆ ਕਮਾਂਡੈਂਟ ਵੱਲੋਂ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਡੀ. ਆਰ. ਐੱਮ. ਨੂੰ ਧਮਕੀ ਭਰਿਆ ਪੱਤਰ ਭੇਜਿਆ ਗਿਆ ਹੈ, ਜਿਸ 'ਚ ਅੱਤਵਾਦੀ ਸੰਗਠਨ ਵੱਲੋਂ 8 ਅਕਤੂਬਰ ਯਾਨੀ ਕਿ ਦੁਸਹਿਰਾ ਦੇ ਤਿਉਹਾਰ ਅਤੇ 28 ਅਕਤੂਬਰ ਨੂੰ ਕਈ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ।

ਰੇਲਵੇ ਡਿਵੀਜ਼ਨ ਦੇ ਡੀ. ਆਰ. ਐੱਮ. ਨੂੰ ਮਿਲੇ ਇਸ ਧਮਕੀ ਭਰੇ ਪੱਤਰ ਤੋਂ ਬਾਅਦ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਨੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਦਿੱਤੇ ਹਨ। ਸਟੇਸ਼ਨਾਂ 'ਤੇ ਜੀ. ਆਰ. ਪੀ. ਐੱਫ. ਅਤੇ ਪੰਜਾਬ ਪੁਲਸ ਵੱਲੋਂ ਆਉਣ-ਜਾਣ ਵਾਲੇ ਲੋਕਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। 


ਬਰਾਮਦ ਕੀਤੀ ਗਈ ਧਮਕੀ ਭਰੀ ਚਿੱਠੀ 'ਚ 8 ਅਕਤੂਬਰ ਨੂੰ ਫਿਰੋਜ਼ਪੁਰ ਛਾਊਣੀ, ਬਠਿੰਡਾ, ਅੰਮ੍ਰਿਤਸਰ, ਪਟਿਆਲਾ, ਜਲੰਧਰ ਅਤੇ ਫਗਵਾੜਾ ਸਮੇਤ ਫਿਰੋਜ਼ਪੁਰ ਆਦਿ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਦੇ ਇਲਾਵਾ ਉਕਤ ਸੰਗਠਨ ਨੇ 28 ਅਕਤੂਬਰ ਨੂੰ ਵੀ ਬਠਿੰਡਾ 'ਚ ਸ਼੍ਰੀ ਦਮਦਮਾ ਸਾਹਿਬ, ਜਲੰਧਰ 'ਚ ਦੇਵੀ ਤਲਾਬ ਮੰਦਿਰ, ਪਟਿਆਲਾ 'ਚ ਕਾਲਾ ਮਾਤਾ ਮੰਦਿਰ, ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਲਿਖੀ ਹੈ।

ਇਥੇ ਦੱਸ ਦੇਈਏ ਕਿ ਪਹਿਲਾਂ ਵੀ ਕਈ ਵਾਰੀ ਅਜਿਹੇ ਧਮਕੀ ਭਰੇ ਪੱਤਰ ਰੇਲਵੇ ਵਿਭਾਗ ਨੂੰ ਮਿਲ ਚੁੱਕੇ ਹਨ ਅਤੇ ਉਨ੍ਹਾਂ ਦਾ ਅੱਜ ਤੱਕ ਕੋਈ ਖੁਫੀਆ ਏਜੰਸੀਆਂ ਇਹ ਪਤਾ ਨਹੀਂ ਲਗਾ ਸਕੀਆਂ ਹਨ ਕਿ ਇਹ ਪੱਤਰ ਕੌਣ ਭੇਜਦਾ ਹੈ ਪਰ ਫਿਰ ਵੀ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰੇਲ ਡਿਵੀਜ਼ਨ ਦੇ ਅਧਿਕਾਰੀਆਂ ਨੇ ਰੇਲਵੇ ਸਟੇਸ਼ਨਾਂ 'ਤੇ ਸੁਰੱਖਿਆ ਦੇ ਪ੍ਰਬੰਧ ਕਰਵਾ ਦਿੱਤੇ ਹਨ ਅਤੇ ਪੂਰੀ ਤਰ੍ਹਾਂ ਚੌਕਸੀ ਵਰਤੀ ਜਾ ਰਹੀ ਹੈ।  

shivani attri

This news is Content Editor shivani attri