ਅੱਤਵਾਦੀ ਮਿੰਟੂ ਦਾ ਖਾਲਿਸਤਾਨ ਕਾਇਮ ਕਰ ਕੇ ਮੁਖੀ ਬਣਨ ਦਾ ਸੁਪਨਾ ਰਹਿ ਗਿਆ ਅਧੂਰਾ

04/21/2018 7:49:25 AM

ਨਾਭਾ (ਜੈਨ) - ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ.) ਦੇ ਸੁਪਰੀਮੋ ਹਰਮਿੰਦਰ ਸਿੰਘ ਮਿੰਟੂ ਦੇ ਦਿਹਾਂਤ ਤੋਂ ਬਾਅਦ ਹੁਣ ਤੱਕ ਸਥਾਨਕ ਮੈਕਸੀਮਮ ਸਕਿਓਰਿਟੀ ਜੇਲ ਵਿਚ ਸੰਨਾਟਾ ਛਾਇਆ ਹੋਇਆ ਹੈ। ਉਹ 20 ਦਸੰਬਰ 2014 ਤੋਂ ਲੈ ਕੇ 27 ਨਵੰਬਰ 2016 ਬਰੇਕ ਕਾਂਡ ਤੱਕ ਇਸ ਜੇਲ ਵਿਚ ਰਿਹਾ ਸੀ। ਨਾਭਾ ਗੈਸ ਪਲਾਂਟ ਮਾਮਲੇ ਵਿਚ ਗ੍ਰਿਫ਼ਤਾਰੀ ਤੋਂ ਬਾਅਦ ਮਿੰਟੂ ਨੇ ਖੁਲਾਸਾ ਕੀਤਾ ਸੀ ਕਿ ਖਾਲਿਸਤਾਨ ਕਾਇਮ ਕਰਨਾ ਉਸ ਦੀ ਜ਼ਿੰਦਗੀ ਦਾ ਮੁੱਖ ਉਦੇਸ਼ ਹੈ ਅਤੇ ਖਾਲਿਸਤਾਨ ਬਣ ਕੇ ਹੀ ਰਹੇਗਾ। ਉਸ ਦੀ ਇੱਛਾ ਖਾਲਿਸਤਾਨ ਮੁਖੀ ਬਣਨ ਦੀ ਸੀ ਪਰ ਅਚਾਨਕ ਹੋਈ ਉਸ ਦੀ ਮੌਤ ਕਾਰਨ ਜਿਥੇ ਆਈ. ਐੱਸ. ਆਈ. ਦੇ ਸਾਰੇ ਮਨਸੂਬਿਆਂ 'ਤੇ ਪਾਣੀ ਫਿਰ ਗਿਆ ਹੈ, ਉਥੇ ਗ੍ਰਹਿ ਮੰਤਰਾਲਾ ਤੇ ਪੁਲਸ ਨੇ ਸੁਖ ਦਾ ਸਾਹ ਲਿਆ ਹੈ।
ਲਗਭਗ ਇਕ ਦਰਜਨ ਪੁਲਸ ਕੇਸਾਂ ਵਿਚੋਂ ਅਨੇਕ ਮਾਮਲਿਆਂ ਵਿਚ ਮਿੰਟੂ ਬਰੀ ਵੀ ਹੋ ਚੁੱਕਾ ਸੀ। ਉਹ 27 ਨਵੰਬਰ 2016 ਨੂੰ ਫਿਲਮੀ ਸਟਾਈਲ ਵਿਚ ਸਥਾਨਕ ਜੇਲ ਵਿਚੋਂ ਵਿੱਕੀ ਗੌਂਡਰ, ਕੁਲਪ੍ਰੀਤ ਨੀਟਾ, ਗੁਰਪ੍ਰੀਤ ਸੇਖੋਂ, ਅਮਨਦੀਪ ਸਿੰਘ ਤੇ ਕਸ਼ਮੀਰਾ ਸਿੰਘ ਨਾਲ ਫਰਾਰ ਹੋ ਗਿਆ ਸੀ। ਮਿੰਟੂ ਨੂੰ ਦਿੱਲੀ ਪੁਲਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਹੀ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਉਸ ਨੇ ਆਪਣੀ ਪਛਾਣ ਨੂੰ ਛੁਪਾਉਣ ਲਈ ਕੁਰੂਕਸ਼ੇਤਰ ਤੋਂ ਕੁੱਝ ਦੂਰੀ 'ਤੇ ਜਾ ਕੇ ਵਾਲ ਕਟਵਾ ਲਏ ਸਨ।
 ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਮਿੰਟੂ ਨੂੰ ਖਾਲਿਸਤਾਨ ਸੰਗਠਨ ਮਜ਼ਬੂਤ ਕਰਨ ਲਈ ਸੰਨ 2007 ਤੋਂ 2013 ਤੱਕ ਆਈ. ਐੱਸ. ਆਈ. ਵੱਲੋਂ 7 ਲੱਖ ਰੁਪਏ ਮਿਲੇ ਸਨ।  ਨਾਭਾ ਪੁਲਸ ਨੇ ਮਿੰਟੂ ਨੂੰ ਜੇਲ ਬਰੇਕ ਕਾਂਡ ਕੇਸ ਵਿਚ 15 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਮਿੰਟੂ ਦਾ ਸਥਾਨਕ ਸਕਿਓਰਿਟੀ ਜੇਲ ਵਿਚੋਂ ਖੁਫੀਆ ਏਜੰਸੀਆਂ ਅਤੇ ਜੇਲ ਪ੍ਰਬੰਧਕਾਂ ਦੀ ਕਥਿਤ ਨਾਲਾਇਕੀ ਕਾਰਨ ਵਿਦੇਸ਼ਾਂ ਵਿਚ ਨੈੱਟਵਰਕ ਸਰਗਰਮ ਸੀ। ਮਿੰਟੂ ਦੇ ਕੈਨੇਡਾ, ਇੰਗਲੈਂਡ, ਹਾਂਗਕਾਂਗ ਤੇ ਪਾਕਿਸਤਾਨ ਵਿਚ ਬੈਠੇ ਅੱਤਵਾਦੀਆਂ ਨਾਲ ਸਬੰਧ ਸਨ। ਇਹ ਸਾਰਾ ਨੈੱਟਵਰਕ ਨਾਭਾ ਜੇਲ ਵਿਚ ਕੰਮ ਕਰਦਾ ਸੀ ਅਤੇ ਹਿੰਦੂ ਆਗੂਆਂ ਦੇ ਕਤਲਾਂ ਲਈ ਵਿਦੇਸ਼ਾਂ ਤੋਂ ਫੰਡਿੰਗ ਹੁੰਦੀ ਸੀ।
ਜੇਲ ਬਰੇਕ ਕਾਂਡ ਤੋਂ ਬਾਅਦ ਦਿੱਲੀ ਪੁਲਸ ਅਤੇ ਪੰਜਾਬ ਪੁਲਸ ਦੀਆਂ ਜਾਂਚ ਟੀਮਾਂ ਦੀ ਇਨਵੈਸਟੀਗੇਸ਼ਨ ਦੌਰਾਨ ਮਿੰਟੂ ਸਰੀਰਕ ਤੌਰ 'ਤੇ ਟੁੱਟ ਚੁੱਕਾ ਸੀ ਪਰ ਉਸ ਨੇ ਕਦੇ ਵੀ ਹੌਸਲਾ ਨਹੀਂ ਹਾਰਿਆ। ਜੇਲ ਬਰੇਕ ਕਾਂਡ ਤੋਂ ਬਾਅਦ ਇਥੇ ਪੁਲਸ ਰਿਮਾਂਡ 'ਤੇ ਜੁਡੀਸ਼ੀਅਲ ਰਿਮਾਂਡ ਦੌਰਾਨ ਅਦਾਲਤ ਵਿਚ ਪੈਰਵੀ ਕਰਨ ਵਾਲੇ ਮਿੰਟੂ ਦੇ ਵਕੀਲ ਸਿਕੰਦਰਪ੍ਰਤਾਪ ਸਿੰਘ ਐਡਵੋਕੇਟ ਅਨੁਸਾਰ ਹਰਮਿੰਦਰ ਮਿੰਟੂ ਖਿਲਾਫ 19 ਪੁਲਸ ਕੇਸ ਦਰਜ ਹੋਏ ਸਨ, ਜਿਨ੍ਹਾਂ ਵਿਚੋਂ 5 ਕੇਸਾਂ ਵਿਚੋਂ ਉਹ ਬਰੀ ਹੋ ਗਿਆ ਸੀ। ਅੱਠ ਸਾਲ ਪਹਿਲਾਂ ਥਾਈਲੈਂਡ ਵਿਚ ਉਸ ਦੀ ਹਾਰਟ ਸਰਜਰੀ ਹੋਈ ਅਤੇ ਸਟੰਟ ਪਾਇਆ ਗਿਆ ਸੀ। ਪਿਛਲੇ ਚਾਰ ਸਾਲਾਂ ਦੌਰਾਨ ਵਾਰ-ਵਾਰ ਅਦਾਲਤੀ ਨਿਰਦੇਸ਼ਾਂ ਦੇ ਬਾਵਜੂਦ ਮਿੰਟੂ ਦਾ ਪੀ. ਜੀ. ਆਈ. ਤੋਂ ਸਹੀ ਢੰਗ ਨਾਲ ਇਲਾਜ ਨਹੀਂ ਕਰਵਾਇਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਉਸ ਨੂੰ ਹਾਈ ਪ੍ਰੋਫਾਈਲ ਬੰਦੀ ਐਲਾਨਿਆ ਗਿਆ ਸੀ।  ਮਿੰਟੂ ਨੂੰ ਚਾਰ ਸਾਲ ਪਹਿਲਾਂ ਥਾਈਲੈਂਡ ਵਿਚੋਂ ਭਾਰਤ ਆਉਣ ਸਮੇਂ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।