ਜਰਮਨ ਬੈਠੇ ਅੱਤਵਾਦੀ ਬੱਗਾ ਨੇ ਸੋਸ਼ਲ ਮੀਡੀਆ ''ਤੇ ਲਾਈਵ ਹੋ ਕੇ ਪੰਜਾਬ ਪੁਲਸ ਨੂੰ ਦਿੱਤੀ ਧਮਕੀ

09/26/2019 11:55:32 PM

ਅੰਮ੍ਰਿਤਸਰ,(ਸੰਜੀਵ): ਪੰਜਾਬ ਦੇ ਖੁਫੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਲੰਧਰ ਦੇ ਪੀ. ਏ. ਪੀ. ਚੌਕ ਤੋਂ ਅੱਤਵਾਦੀ ਗੁਰਦੇਵ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਜਰਮਨ 'ਚ ਬੈਠੇ ਉਸ ਦੇ ਭਰਾ ਖਤਰਨਾਕ ਅੱਤਵਾਦੀ ਗੁਰਮੀਤ ਸਿੰਘ ਬੱਗਾ ਉਰਫ ਡਾਕਟਰ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਪੂਰੀ ਪੰਜਾਬ ਪੁਲਸ ਨੂੰ ਧਮਕੀ ਦਿੱਤੀ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਦਿਨਾਂ 'ਚ ਪੰਜਾਬ ਪੁਲਸ ਜੋ ਸਿੱਖਾਂ ਦੇ ਪਰਿਵਾਰਾਂ ਨੂੰ ਤੰਗ ਕਰ ਰਹੀ ਹੈ, ਦੇਸ਼ ਭਗਤੀ ਦਿਖਾ ਰਹੀ ਹੈ, ਉਹ ਜਲਦ ਹੀ ਉਸ ਨੂੰ ਦੇਖ ਲੈਣਗੇ। ਇਹ ਖੁਲਾਸਾ ਆਪਣਾ ਨਾਮ ਨਾ ਛਾਪਣ ਦੀ ਸੂਰਤ 'ਚ ਪੰਜਾਬ ਪੁਲਸ ਦੇ ਇਕ ਅਧਿਕਾਰੀ ਨੇ ਕੀਤਾ।

ਉਨ੍ਹਾਂ ਦੱਸਿਆ ਕਿ ਸਟੇਟ ਆਪ੍ਰੇਸ਼ਨ ਸੈੱਲ ਵੱਲੋਂ ਪੰਜਾਬ ਨੂੰ ਦਹਿਲਾਉਣ ਦੀ ਰਚੀ ਗਈ ਸਾਜ਼ਿਸ਼ ਨੂੰ ਦਰੁਸਤ ਕਰ ਕੇ ਤਰਨਤਾਰਨ ਸੈਕਟਰ ਤੋਂ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਵਿਚ ਬਲਵੰਤ ਸਿੰਘ ਉਰਫ ਬਾਬਾ ਉਰਫ ਨਿਹੰਗ, ਅਰਸ਼ਦੀਪ ਸਿੰਘ ਉਰਫ ਅਕਾਸ਼ ਰੰਧਾਵਾ, ਹਰਭਜਨ ਸਿੰਘ ਤੇ ਬਲਬੀਰ ਸ਼ਾਮਿਲ ਹਨ। ਚਾਰੇ ਅੱਤਵਾਦੀਆਂ ਨਾਲ ਜੇਲ 'ਚ ਬੈਠ ਸਾਜ਼ਿਸ਼ ਰਚਣ ਵਾਲੇ ਮਾਨ ਸਿੰਘ ਨੂੰ ਵੀ ਰਿਮਾਂਡ 'ਤੇ ਲਿਆ ਗਿਆ ਸੀ। ਪੁੱਛਗਿੱਛ ਦੌਰਾਨ ਪੰਜਾਂ ਅੱਤਵਾਦੀਆਂ ਤੋਂ ਖਤਰਨਾਕ ਗੁਰਦੇਵ ਸਿੰਘ ਦੀ ਸੂਚਨਾ ਮਿਲਣ ਤੋਂ ਬਾਅਦ ਉਸ ਨੂੰ ਬੀਤੇ ਦਿਨ ਜਲੰਧਰ ਤੋਂ 3 ਲੱਖ ਰੁਪਏ ਦੀ ਜਾਅਲੀ ਕਰੰਸੀ ਨਾਲ ਗ੍ਰਿਫਤਾਰ ਕਰ ਲਿਆ ਗਿਆ ਸੀ। ਗੁਰਦੇਵ ਸਿੰਘ ਜਰਮਨ 'ਚ ਬੈਠੇ ਅੱਤਵਾਦੀ ਗੁਰਮੀਤ ਸਿੰਘ ਬੱਗਾ ਉਰਫ ਡਾਕਟਰ ਦਾ ਭਰਾ ਹੈ, ਜਦ ਇਹ ਖਬਰ ਗੁਰਮੀਤ ਸਿੰਘ ਤੱਕ ਪਹੁੰਚੀ ਤਾਂ ਉਹ ਅੱਜ ਸੋਸ਼ਲ ਮੀਡੀਆ 'ਤੇ ਲਾਈਵ ਹੋਇਆ ਅਤੇ ਉਸ ਨੇ ਪੰਜਾਬ ਪੁਲਸ ਨੂੰ ਇਸ ਕਾਰਵਾਈ 'ਤੇ ਸਿੱਧੀ ਧਮਕੀ ਦੇ ਦਿੱਤੀ।

ਐੱਸ. ਐੱਸ. ਓ. ਸੀ. ਅੱਜ ਪ੍ਰੋਡਕਸ਼ਨ ਵਾਰੰਟ 'ਤੇ ਲਿਆਏਗੀ ਸ਼ੁਭਦੀਪ ਨੂੰ
ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਇਨ੍ਹਾਂ ਨਾਲ ਜੁੜੇ ਸ਼ੁਭਦੀਪ ਨੂੰ ਪੰਜਾਬ ਦੀ ਆਰਗੇਨਾਈਜ਼ੇਸ਼ਨ ਕ੍ਰਾਈਮ ਕੰਟਰੋਲ ਯੂਨਿਟ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਸ਼ੁੱਕਰਵਾਰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਜਾਂਚ ਲਈ ਪ੍ਰੋਡਕਸ਼ਨ ਵਾਰੰਟ 'ਤੇ ਲੈਣ ਜਾ ਰਹੀ ਹੈ। ਸ਼ੁਭਦੀਪ ਪੁਲਸ ਨੂੰ ਵੱਡੇ ਖੁਲਾਸੇ ਕਰ ਸਕਦਾ ਹੈ। ਇਸ ਦੌਰਾਨ ਪੁਲਸ ਕਈ ਲੁਕਾਏ ਹਥਿਆਰ ਬਰਾਮਦ ਕਰਨ ਦੀ ਵੀ ਸੰਭਾਵਨਾ ਜਤਾ ਰਹੀ ਹੈ।

ਗ੍ਰਿਫਤਾਰੀ ਤੋਂ ਬਾਅਦ ਜਰਮਨ ਤੇ ਪਾਕਿਸਤਾਨ 'ਚ ਬੈਠੇ ਅੱਤਵਾਦੀ ਤੜਫੇ
ਪਾਕਿਸਤਾਨ 'ਚ ਬੈਠੇ ਖਤਰਨਾਕ ਅੱਤਵਾਦੀ ਰਣਜੀਤ ਸਿੰਘ ਨੀਟਾ ਤੇ ਜਰਮਨ 'ਚ ਬੈਠੇ ਗੁਰਮੀਤ ਸਿੰਘ ਬੱਗਾ ਉਰਫ ਡਾਕਟਰ ਵੱਲੋਂ ਪੰਜਾਬ ਵਿਚ ਬਣਾਈ ਗਈ ਅੱਤਵਾਦੀ ਸਾਜ਼ਿਸ਼ ਦਾ ਖੁਲਾਸਾ ਹੋਣ ਤੋਂ ਬਾਅਦ ਦੋਵੇਂ ਬੁਰੀ ਤਰ੍ਹਾਂ ਤੜਫ ਉਠੇ ਹਨ। ਗੁਰਮੀਤ ਸਿੰਘ ਬੱਗਾ ਨੇ ਲਾਈਵ ਹੋ ਕੇ ਪੰਜਾਬ ਪੁਲਸ ਨੂੰ ਧਮਕੀ ਦੇ ਦਿੱਤੀ ਹੈ ਤੇ ਰਣਜੀਤ ਸਿੰਘ ਨੀਟਾ ਪੰਜਾਬ ਵਿਚ ਆਪਣੇ ਕੁਝ ਸਲਿੱਪਰ ਸੈੱਲ ਨੂੰ ਐਕਟਿਵ ਕਰਨ ਵਿਚ ਜੁੱਟ ਗਿਆ ਹੈ।