ਜ਼ੀਰਕਪੁਰ 'ਚ ਵੱਡੀ ਅੱਤਵਾਦੀ ਸਾਜਿਸ਼ ਨਾਕਾਮ, ਭਾਰੀ ਅਸਲੇ ਸਣੇ ਮੁਲਜ਼ਮ ਗ੍ਰਿਫਤਾਰ

03/16/2020 11:12:54 AM

ਮੋਹਾਲੀ (ਰਾਣਾ) : ਵੱਡੀ ਅੱਤਵਾਦੀ ਸਾਜਿਸ਼ ਨੂੰ ਖੁਫੀਆ ਏਜੰਸੀ ਨੇ ਨਾਕਾਮ ਕਰਦਿਆਂ ਜ਼ੀਰਕਪੁਰ ਐਮੀਨੈਂਸ ਸੁਸਾਇਟੀ ਤੋਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ ਏਜੰਸੀ ਨੂੰ ਏ. ਕੇ.-47 ਅਤੇ ਸਨਾਈਪਰ ਸਮੇਤ ਭਾਰੀ ਮਾਤਰਾ 'ਚ ਅਸਲਾ ਅਤੇ ਤਿੰਨ ਬੈਗ ਨਕਦੀ ਬਰਾਮਦ ਹੋਈ ਹੈ।  ਜ਼ੀਰਕਪੁਰ ਥਾਣੇ ਕੋਲ ਸਥਿਤ ਪਿੰਡ ਸਿੰਘਪੁਰਾ ਰੋਡ 'ਤੇ ਐਮੀਨੈਂਸ ਸੁਸਾਇਟੀ 'ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਸ਼ਨੀਵਾਰ ਦੇਰ ਰਾਤ ਢਾਈ ਵਜੇ ਹਥਿਆਰਾਂ ਨਾਲ ਲੈਸ ਅੱਧਾ ਦਰਜਨ ਵਿਅਕਤੀ ਟਾਵਰ ਨੰਬਰ ਬੀ-4 ਦੇ ਫਲੈਟ ਨੰਬਰ 913 'ਚ ਦਾਖਲ ਹੋਏ ਅਤੇ ਉਥੇ ਰਹਿਣ ਵਾਲੇ ਸੁਰਿੰਦਰ ਸਿੰਘ ਉਰਫ਼ ਸਿਕੰਦਰ ਨਾਮ ਦੇ ਵਿਅਕਤੀ ਨੂੰ ਆਪਣੇ ਨਾਲ ਲੈ ਗਏ। ਇਹ ਖੁਫੀਆ ਏਜੰਸੀ ਦੀ ਰੇਡ ਸੀ। ਹਾਲਾਂਕਿ ਅਜੇ ਤੱਕ ਕਿਸੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।  ਜਾਣਕਾਰੀ ਅਨੁਸਾਰ ਖੁਫੀਆ ਏਜੰਸੀ ਦੇ ਮੈਂਬਰ ਸਿਕੰਦਰ ਨੂੰ ਉਸ ਦੇ ਘਰੋਂ ਏ. ਕੇ.-47, ਸਨਾਈਪਰ ਰਾਇਫਲਸ, ਪਿਸਟਲ ਅਤੇ ਤਿੰਨ ਬੈਗ ਨਕਦੀ ਸਮੇਤ ਨਾਲ ਲੈ ਕੇ ਗਏ ਹਨ। ਸਿਕੰਦਰ ਕਿਸੇ ਵੱਡੀ ਅੱਤਵਾਦੀ ਸਾਜਿਸ਼ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸੀ। ਇਹ ਵੀ ਪੜ੍ਹੋ : ਬਡਗਾਮ 'ਚ ਜੈਸ਼ ਦੇ 3 ਅੱਤਵਾਦੀ ਗ੍ਰਿਫਤਾਰ

ਸਿਕੰਦਰ ਦੇ ਫਲੈਟ ਦੇ ਸਾਹਮਣੇ ਦੇ ਫਲੈਟ 'ਚ ਰਹਿਣ ਵਾਲੇ ਵਿਜੇ ਨੇ ਪੂਰੇ ਘਟਨਾਕ੍ਰਮ ਦੀ ਵੀਡੀਓ ਬਣਾਈ। ਫੁਟੇਜ ਦੇ ਮੁਤਾਬਕ ਰਾਤ ਢਾਈ ਵਜੇ ਸਿਵਲ ਵਰਦੀ 'ਚ ਚਾਰ ਨੌਜਵਾਨ ਆਏ, ਜਿਨ੍ਹਾਂ ਨੇ ਸਿਕੰਦਰ ਦੇ ਫਲੈਟ ਦੀ ਘੰਟੀ ਵਜਾਈ। ਜਿਵੇਂ ਹੀ ਦਰਵਾਜਾ ਖੁੱਲ੍ਹਿਆ ਇਕ ਹਥਿਆਰਬੰਦ ਵਿਅਕਤੀ ਨੂੰ ਛੱਡ ਕੇ ਬਾਕੀ ਸਾਰੇ ਫਲੈਟ 'ਚ ਦਾਖਲ ਹੋ ਗਏ ਅਤੇ ਕਮਰਾ ਅੰਦਰੋਂ ਬੰਦ ਕਰ ਦਿੱਤਾ। ਇਕ ਵਿਅਕਤੀ ਬਾਹਰ ਖੜ੍ਹਾ ਰਿਹਾ। ਖੁਫ਼ੀਆ ਏਜੰਸੀ ਵਾਲੇ ਕਰੀਬ ਤਿੰਨ ਘੰਟੇ ਫਲੈਟ 'ਚ ਰੁਕੇ ਅਤੇ ਜਦੋਂ ਬਾਹਰ ਨਿਕਲੇ ਤਾਂ ਸਿਕੰਦਰ ਉਨ੍ਹਾਂ ਦੇ ਨਾਲ ਸੀ ਅਤੇ ਹਥਿਆਰਬੰਦ ਲੋਕਾਂ ਦੇ ਹੱਥਾਂ 'ਚ ਤਿੰਨ ਵੱਡੇ ਬੈਗ ਸਨ।
ਪਤਨੀ ਅਤੇ ਦੋ ਛੋਟੇ ਬੱਚਿਆਂ ਨਾਲ ਰਹਿੰਦਾ ਸੀ ਸਿਕੰਦਰ 
ਜਾਣਕਾਰੀ ਮੁਤਾਬਿਕ ਸਿਕੰਦਰ ਫਲੈਟ 'ਚ ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ ਨਾਲ ਰਹਿ ਰਿਹਾ ਸੀ। ਖੁਫੀਆ ਏਜੰਸੀ ਨੂੰ ਸੂਚਨਾ ਮਿਲੀ ਸੀ ਕਿ ਸਿਕੰਦਰ ਕਿਸੇ ਵੱਡੀ ਅੱਤਵਾਦੀ ਸਾਜਿਸ਼ ਨੂੰ ਅੰਜਾਮ ਦੇਣ ਵਾਲਾ ਹੈ। ਰੇਡ 'ਚ ਦੋ ਸਪੈਸ਼ਲ ਟੀਮਾਂ ਦਾ ਜੁਆਂਇੰਟ ਆਪ੍ਰੇਸ਼ਨਸੀ, ਜਿਸ ਬਾਰੇ ਲੋਕਲ ਪੁਲਸ ਨੂੰ ਵੀ ਸੂਚਨਾ ਨਹੀਂ ਦਿੱਤੀ ਗਈ ਸੀ। ਜ਼ੀਰਕਪੁਰ ਥਾਣਾ ਪੁਲਸ ਨੂੰ ਸਵੇਰੇ ਇਸ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਐੱਸ. ਐੱਚ. ਓ. ਗੁਰਬੰਤ ਆਪਣੀ ਟੀਮ ਲੈ ਕੇ ਮੌਕੇ 'ਤੇ ਪੁੱਜੇ। ਪਰ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ। 
ਖੁਫ਼ੀਆ ਰੇਡ ਦੀ ਵੀਡੀਓ ਵਾਇਰਲ
ਸਿਕੰਦਰ ਦੇ ਫਲੈਟ ਦੇ ਸਾਹਮਣੇ ਦੇ ਫਲੈਟ 'ਚ ਰਹਿਣ ਵਾਲੇ ਵਿਅਕਤੀ ਵਲੋਂ ਬਣਾਈ ਗਈ ਵੀਡੀਓ ਵਾਇਰਲ ਹੋ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋਈ ਵੀਡੀਓ ਰੇਡ ਦੇ ਦੌਰਾਨ ਦੀ ਹੈ। ਵੀਡੀਓ 'ਚ ਹਥਿਆਰਾਂ ਨਾਲ ਲੈਸ ਇਕ ਵਿਅਕਤੀ ਖੜ੍ਹਾ ਦਿਖਾਈ ਦੇ ਰਿਹਾ ਹੈ। ਫੁਟੇਜ ਮੁਤਾਬਿਕ ਰਾਤ ਢਾਈ ਵਜੇ ਸਿਵਲ ਵਰਦੀ 'ਚ ਚਾਰ ਵਿਅਕਤੀ ਆਏ ਸਨ, ਜਿਨ੍ਹਾਂ ਨੇ ਸਿਕੰਦਰ ਦੇ ਫਲੈਟ ਦੀ ਘੰਟੀ ਵਜਾਈ। ਜਿਵੇਂ ਹੀ ਦਰਵਾਜਾ ਖੁੱਲ੍ਹਿਆ ਇਕ ਹਥਿਆਰ ਬੰਦ ਵਿਅਕਤੀ ਨੂੰ ਛੱਡ ਕੇ ਬਾਕੀ ਫਲੈਟ 'ਚ ਦਾਖਲ ਹੋ ਗਏ ਅਤੇ ਕਮਰਾ ਬੰਦ ਕਰ ਲਿਆ।  ਇਸ ਬਾਰੇ ਮੋਹਾਲੀ ਦੇ ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਕਿਸੇ ਸਿਕੰਦਰ ਨਾਂ ਦੇ ਵਿਅਕਤੀ ਨੂੰ ਇੱਥੋਂ ਕੋਈ ਲੈ ਕੇ ਗਿਆ ਹੈ।

Babita

This news is Content Editor Babita