ਅੱਤਵਾਦੀ ਮੈਡਿਊਲ ਦੇ ਹੱਥਾਂ ''ਚ ਪਹੁੰਚੇ ਲਾਇਸੈਂਸੀ ਹਥਿਆਰ

07/20/2017 6:54:32 AM

ਜਲੰਧਰ(ਰਵਿੰਦਰ ਸ਼ਰਮਾ)-ਸੂਬੇ ਦੀ ਸੁਰੱਖਿਆ ਦੇ ਲਈ ਇਹ ਬੇਹੱਦ ਘਾਤਕ ਮਾਮਲਾ ਹੈ। ਸੂਬੇ ਵਿਚ ਸਰਗਰਮ ਅੱਤਵਾਦੀ ਮੈਡਿਊਲ ਅਤੇ ਗੈਂਗਸਟਰਾਂ ਦੇ ਹੱਥਾਂ ਵਿਚ ਲਾਇਸੈਂਸੀ ਹਥਿਆਰ ਤੱਕ ਪਹੁੰਚ ਚੁੱਕੇ ਹਨ। ਮਤਲਬ ਅੱਤਵਾਦ ਦਾ ਖੇਡ ਹੁਣ ਸਰਾਕਰ ਵੱਲੋਂ ਜਾਰੀ ਆਰਮਜ਼ ਲਾਇਸੈਂਸ ਦੇ ਜ਼ੋਰ 'ਤੇ ਖੇਡਿਆ ਜਾ ਰਿਹਾ ਹੈ। ਅਕਾਲੀ ਭਾਜਪਾ ਸਰਕਾਰ ਦੇ ਪਿਛਲੇ 10 ਸਾਲ ਦੇ ਕਾਰਜ ਕਾਲ ਵਿਚ ਆਰਮਜ਼ ਲਾਇਸੈਂਸ ਥੋਕ ਵਿਚ ਵੰਡੇ ਗਏ। ਅਕਾਲੀ ਭਾਜਪਾ ਨੇਤਾਵਾਂ ਦੇ ਦਬਾਅ ਵਿਚ ਪੁਲਸ ਅਧਿਕਾਰੀਆਂ ਨੇ ਆਰਮਜ਼ ਲਾਇਸੈਂਸ ਦੇਣ ਵਿਚ ਪੂਰੀ ਤਰ੍ਹਾਂ ਘਪਲੇਬਾਜ਼ੀ ਕੀਤੀ। ਹੁਣ ਪਿਛਲੇ 10 ਸਾਲਾਂ ਵਿਚ ਜਾਰੀ ਇਹ ਆਰਮਜ਼ ਲਾਇਸੈਂਸ ਦੀ ਜਾਂਚ ਕਾਂਗਰਸ ਸਰਕਾਰ ਨੇ ਬਿਠਾ ਦਿੱਤੀ ਹੈ। ਪਿਛਲੇ ਦਿਨੀਂ ਫੜੇ ਗਏ ਅੱਤਵਾਦੀ ਮੈਡਿਊਲ ਅਤੇ ਕੁਝ ਗੈਂਗਸਟਰਾਂ ਤੋਂ ਵੀ ਪੁਲਸ ਨੇ ਲਾਇਸੈਂਸੀ ਹਥਿਆਰ ਬਰਾਮਦ ਕੀਤੇ ਸਨ। 
ਇਸ ਤੋਂ ਬਾਅਦ ਇਨ੍ਹਾਂ ਲਾਇਸੈਂਸਾਂ ਦੀ ਜਾਂਚ ਵਿਚ ਸਰਕਾਰ ਨੇ ਤੇਜ਼ੀ ਕਰ ਦਿੱਤੀ ਹੈ। ਸੰਭਾਵਨਾ ਹੈ ਕਿ ਜਾਂਚ ਤੋਂ ਬਾਅਦ ਜ਼ਿਆਦਾਤਰ ਲਾਇਸੈਂਸ ਰੱਦ ਕੀਤੇ ਜਾ ਸਕਦੇ ਹਨ ਅਤੇ ਕ੍ਰਿਮੀਨਲ ਦੇ ਨਾਂ ਦੀ ਸਿਫਾਰਸ਼ ਕਰਨ ਵਾਲੇ ਕਈ ਨੇਤਾ ਵੀ ਫਸ ਸਕਦੇ ਹਨ। ਪੁਲਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਰਾਜਨੀਤਿਕ ਦਬਾਅ ਵਿਚ ਇਨ੍ਹਾਂ ਹਥਿਆਰਾਂ ਨੂੰ ਨਿਯਮਾਂ ਦੀ ਉਲੰਘਣਾ ਕਰਕੇ ਵੰਡਿਆ ਗਿਆ ਹੈ। 2007 ਵਿਚ 2 ਲੱਖ ਦੇ ਕਰੀਬ ਆਰਮਜ਼ ਲਾਇਸੈਂਸ ਸਨ। ਜੋ ਪਿਛਲੇ 10 ਸਾਲ ਦੇ ਦੌਰਾਨ ਦੁੱਗਣੇ ਹੋ ਗਏ। ਮਤਲਬ 10 ਸਾਲ ਦੇ ਅੰਦਰ ਆਰਮਜ਼ ਲਾਇਸੈਂਸ ਦੇਣ ਵਿਚ ਅਧਿਕਾਰੀਆਂ ਨੇ ਦੋਵੇਂ ਹੱਥ ਖੋਲ੍ਹ ਦਿੱਤੇ। ਇਨ੍ਹਾਂ ਵਿਚੋਂ ਜਾਰੀ ਜ਼ਿਆਦਾਤਰ ਆਰਮਜ਼ ਲਾਇਸੈਂਸ ਅਕਾਲੀ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੀਆਂ ਸਿਫਾਰਸ਼ਾਂ 'ਤੇ ਜਾਰੀ ਕੀਤੇ ਗਏ। ਇਕ ਸੀਨੀਅਰ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਪੁਲਸ ਨੇ ਦੋ ਅੱਤਵਾਦੀ ਮੈਡਿਊਲ ਨੂੰ ਫੜਿਆ ਸੀ। ਇਨ੍ਹਾਂ ਅੱਤਵਾਦੀ ਮੈਡਿਊਲ ਦੇ ਕੋਲੋਂ ਪੁਲਸ ਨੇ ਲਾਇਸੈਂਸੀ ਹਥਿਆਰ ਬਰਾਮਦ ਕੀਤੇ ਸਨ। ਅੱਤਵਾਦ ਫੈਲਾਉਣ ਦੇ ਲਈ ਆਰਮਜ਼ ਲਾਇਸੈਂਸ ਜਾਰੀ ਕਰਨਾ ਰਾਜ ਦੀ ਸੁਰੱਖਿਆ ਦੇ ਲਈ ਬੇਹੱਦ ਘਾਤਕ ਸਾਬਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਪੁਲਸ ਨੇ ਪਿਛਲੇ ਦਿਨੀਂ ਕੁਝ ਅਜਿਹੇ ਗੈਂਗਸਟਰ ਅਤੇ ਕ੍ਰਿਮੀਨਲ ਵੀ ਫੜੇ ਸਨ, ਜਿਨ੍ਹਾਂ ਕੋਲੋਂ ਲਾਇਸੈਂਸੀ ਹਥਿਆਰ ਬਰਾਮਦ ਕੀਤੇ ਗਏ ਸਨ। ਇਹ ਆਰਮਜ਼ ਲਾਇਸੈਂਸ ਰਾਜਨੇਤਾਵਾਂ ਦੀ ਸਿਫਾਰਸ਼ 'ਤੇ ਅਲਾਟ ਕੀਤੇ ਗਏ ਸਨ। 
ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਵਿਚ ਪਾਇਆ ਗਿਆ ਕਿ ਸਾਬਕਾ ਅਕਾਲੀ ਵਿਧਾਇਕਾਂ ਨੇ ਕਈ ਅਜਿਹੇ ਲੋਕਾਂ ਦੇ ਲਈ ਆਰਮਜ਼ ਲਾਇਸੈਂਸ ਜਾਰੀ ਕਰਨ ਦੀ ਸਿਫਾਰਸ਼ ਵੀ ਕੀਤੀ ਸੀ, ਜੋ ਕਿ ਅਪਰਾਧ ਵਿਚ ਸ਼ਾਮਲ ਰਹੇ ਹਨ। ਪਿਛਲੇ ਸਾਲ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਦਾ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਵਿਚ ਕਤਲ ਕਰਨ ਵਾਲੇ ਗੈਂਗਸਟਰ ਗੁਰਪ੍ਰੀਤ ਸਿੰਘ ਗੋਪੀ ਅਤੇ ਅਮਨਾ ਸੇਠ ਦੇ ਕੋਲੋਂ ਵੀ ਲਾਇਸੈਂਸੀ ਹਥਿਆਰ ਬਰਾਮਦ ਕੀਤੇ ਗਏ ਸਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਆਰਮਜ਼ ਲਾਇਸੈਂਸ ਕਿਸ ਦੀ ਸਿਫਾਰਸ਼ 'ਤੇ ਜਾਰੀ ਕੀਤੇ ਗਏ, ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਿਛਲੇ 10 ਸਾਲ ਵਿਚ ਜਿਸ ਤਰ੍ਹਾਂ ਨਾਲ ਨਿਯਮਾਂ ਦੀ ਉਲੰਘਣਾ ਕਰਕੇ ਧੜਾ ਧੜ ਆਰਮਜ਼ ਲਾਇਸੈਂਸ ਜਾਰੀ ਕੀਤੇ ਗਏ, ਉਨ੍ਹਾਂ ਸਾਰਿਆਂ ਨੂੰ ਅੰਡਰ ਸਕੈਨਰ ਲਿਆ ਜਾ ਰਿਹਾ ਹੈ। ਪੰਜਾਬ ਪੁਲਸ ਨੇ ਇਹ ਕਾਰਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਸ਼ੁਰੂ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕਿਹਾ ਸੀ ਕਿ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿਚ ਜਾਰੀ ਕੀਤੇ ਆਰਮਜ਼ ਲਾਇਸੈਂਸਾਂ ਨੂੰ ਰੀਵਿਊ ਕੀਤਾ ਜਾਵੇਗਾ।
ਨੇਤਾ ਅਤੇ ਗੈਂਗਸਟਰ ਗੱਠਜੋੜ ਹੋਇਆ ਬੇਨਕਾਬ
ਪੁਲਸ ਦੀ ਆਰਮਜ਼ ਲਾਇਸੈਂਸ ਨੂੰ ਲੈ ਕੇ ਜਾਰੀ ਜਾਂਚ ਵਿਚ ਇਹ ਗੱਲ ਸਾਬਿਤ ਹੋ ਸਕਦੀ ਹੈ ਕਿ ਰਾਜ ਵਿਚ ਰਾਜ ਨੇਤਾਵਾਂ ਅਤੇ ਗੈਂਗਸਟਰ ਗੱਠਜੋੜ ਪੂਰੀ ਤਰ੍ਹਾ ਨਾਲ ਬੇਨਕਾਬ ਹੋ ਚੁੱਕਾ ਹੈ। ਸਭ ਤੋਂ ਜ਼ਿਆਦਾ ਆਰਮਜ਼ ਲਾਇਸੈਂਸ ਬਾਰਡਰ ਜ਼ਿਲਿਆਂ ਵਿਚ ਰਾਜਨੇਤਾਵਾਂ ਦੀ ਸਿਫਾਰਸ਼ 'ਤੇ ਗੈਂਗਸਟਰਾਂ ਨੂੰ ਜਾਰੀ ਕੀਤੇ ਗਏ। ਪਿਛਲੇ 17 ਸਾਲਾਂ ਵਿਚ ਪੰਜਾਬ, ਰਾਜਸਥਾਨ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਹਜ਼ਾਰਾਂ ਅਜਿਹੇ ਲਾਇਸੈਂਸ ਜਾਰੀ ਕੀਤੇ ਗਏ, ਜੋ ਬਾਅਦ ਵਿਚ ਜਾਅਲੀ ਪਾਏ ਗਏ ਸਨ। ਹਰਿਆਣਾ ਪੁਲਸ ਨੇ ਵੀ ਪਿਛਲੇ ਸਾਲ ਅਜਿਹੇ ਗੈਂਗਸਟਰ ਕਾਬੂ ਕੀਤੇ ਸਨ, ਜਿਨ੍ਹਾਂ ਕੋਲੋਂ ਜਾਅਲੀ ਨਾਂ ਤੋਂ ਬਾਰਡਰ ਜ਼ਿਲਿਆਂ ਤੋਂ ਲਾਇਸੈਂਸ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕ ਮਹਿੰਦਰ ਰਿਣਵਾ ਤੇ ਹੰਸਰਾਜ ਜੋਸਨ ਨੇ ਰਿੱਟ ਪਟੀਸ਼ਨ ਦਾਖਲ ਕਰਕੇ ਸੀ. ਬੀ. ਆਈ. ਜਾਂਚ ਦਾ ਮੰਗ ਕੀਤੀ ਸੀ। ਸੀ. ਬੀ. ਆਈ. ਜਾਂਚ ਵਿਚ 27188 ਆਰਮਜ਼ ਲਾਇਸੈਂਸਾਂ ਨੂੰ ਸਕੈਨ ਕੀਤਾ ਗਿਆ, ਜਿਸ ਵਿਚ ਸਤੰਬਰ 2000 ਤੋਂ ਲੈ ਕੇ ਫਰਵਰੀ 2001 ਤਕ ਜਾਰੀ ਹੋਏ 15000 ਦੇ ਕਰੀਬ ਲਾਇਸੈਂਸਾਂ ਨੂੰ ਜਾਅਲੀ ਪਾਇਆ ਗਿਆ। ਇਸ ਤੋਂ ਬਾਅਦ ਇਨ੍ਹਾਂ ਲਾਇਸੈਂਸਾਂ ਨੂੰ ਜਾਰੀ ਕਰਨ ਵਾਲੀ ਲਾਇਸੈਂਸ ਅਥਾਰਟੀ 'ਤੇ ਵੀ ਗਾਜ਼ ਡਿੱਗੀ ਸੀ। ਕੁਝ ਇਸੇ ਤਰ੍ਹਾਂ ਦਾ ਖੇਡ ਪਿਛਲੇ 10 ਸਾਲ ਵਿਚ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿਚ ਵੀ ਖੇਡਿਆ ਗਿਆ।