ਚਾਰ ਜ਼ਿਲ੍ਹਿਆਂ ਦੀ ਪੁਲਸ ਸੁਰੱਖਿਆ ਫੇਲ੍ਹ ਕਰਕੇ ਪਠਾਨਕੋਟ ਪਹੁੰਚੇ ਲਸ਼ਕਰ ਦੇ ਅੱਤਵਾਦੀ

06/14/2020 6:51:09 PM

ਮਜੀਠਾ (ਸਰਬਜੀਤ) : ਗੁਆਂਢੀ ਮੁਲਕ ਪਾਕਿਸਤਾਨ ਭਾਰਤ ਅੰਦਰ ਦਹਿਸ਼ਤਗਰਦੀ ਦਾ ਮਾਹੌਲ ਬਨਾਉਣ ਲਈ ਕਈ ਤਰ੍ਹਾਂ ਦੀਆਂ ਚਾਲਾਂ ਚੱਲਦਾ ਰਹਿੰਦਾ ਹੈ, ਜਿਸ ਨੂੰ ਨਾਕਾਮ ਕਰਨ ਲਈ ਭਾਰਤ ਦੀਆਂ ਵੱਖ-ਵੱਖ ਖੁਫੀਆਂ ਏਜੰਸੀਆਂ ਵਲੋਂ ਸਮੇਂ-ਸਮੇਂ 'ਤੇ ਸੂਬਿਆਂ ਨੂੰ ਅਲਰਟ ਵੀ ਕੀਤਾ ਜਾਂਦਾ ਰਿਹਾ ਹੈ। ਪਾਕਿਸਤਾਨ ਵਿਚ ਬੈਠੀਆਂ ਅੱਤਵਾਦੀ ਜਥੇਬੰਦੀਆਂ ਵਲੋਂ ਪਾਕਿਸਤਾਨ ਸਰਕਾਰ ਦੀ ਸਰਪ੍ਰਸਤੀ ਹੇਠ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਅਤੇ ਇਥੇ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਪਿਛਲੇ ਸਮੇਂ ਦੌਰਾਨ ਪੰਜਾਬ ਅੰਦਰ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੀਆਂ ਹਨ, ਜਿਨ੍ਹਾਂ ਵਿਚ ਪਠਾਨਕੋਟ ਏਅਰਪਰਟ ਬੇਸ ਅਤੇ ਦੀਨਾਨਗਰ ਪੁਲਸ ਸਟੇਸ਼ਨ 'ਤੇ ਹੋਏ ਅੱਤਵਾਦੀ ਹਮਲੇ ਸ਼ਾਮਲ ਸਨ, ਜਿਸ ਵਿਚ ਕਈ ਸਿਵਲ ਅਤੇ ਸੁਰੱਖਿਆ ਮੁਲਾਜ਼ਮਾਂ ਦੀ ਕੀਮਤੀ ਜਾਨਾਂ ਵੀ ਚਲੀਆਂ ਗਈਆਂ ਸਨ। ਇਨ੍ਹਾਂ ਸਾਰੀਆਂ ਅੱਤਵਾਦੀ ਘਟਨਾਵਾਂ ਨੂੰ ਦੇਖਦੇ ਹੋਏ ਪੰਜਾਬ ਅੰਦਰ ਪੁਲਸ ਵਿਭਾਗ ਵਲੋਂ ਸਮੇਂ-ਸਮੇਂ 'ਤ ਹਾਈ ਅਲਰਟ ਵੀ ਕੀਤਾ ਜਾਂਦਾ ਰਿਹਾ ਹੈਸ਼ ਖਾਸ ਕਰਕੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸਰਹੱਦੀ ਇਲਾਕੇ ਵਿਚ ਸੁਰੱਖਿਆ ਨੂੰ ਲੈ ਕੇ ਸਖਤ ਪ੍ਰਬੰਧ ਵੀ ਕਰਨ ਦਾ ਪੁਲਸ ਵਿਭਾਗ ਦੇ ਜ਼ਿਲ੍ਹਾ ਅਫਸਰਾਂ ਵਲੋਂ ਦਾਅਵਾ ਕੀਤਾ ਜਾਂਦਾ ਰਿਹਾ ਹੈ, ਜਿਸ ਵਿਚ ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਆਦਿ ਜ਼ਿਲ੍ਹੇ ਵਿਸ਼ੇਸ ਤੌਰ 'ਤੇ ਸ਼ਾਮਲ ਹਨ। 

ਦੂਜੇ ਪਾਸੇ ਇਸ ਸਭ ਦੇ ਬਾਵਜੂਦ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਕਿਸ ਤਰ੍ਹਾਂ ਨਾਲ ਅੰਮ੍ਰਿਤਸਰ ਤੋਂ ਪਠਾਨਕੋਟ ਤੱਕ ਦਾ ਕਰੀਬ 100 ਕਿਲੋਮੀਟਰ ਦਾ ਸਫ਼ਰ ਰਾਸ਼ਟਰੀ ਰਾਜਮਾਰਗ ਰਾਹੀ ਬਿਨਾਂ ਕਿਸੇ ਰੁਕਾਵਟ ਦੇ ਤੈਅ ਕਰਨ ਵਿਚ ਕਾਮਯਾਬ ਹੋ ਗਏ ਜੋ ਕਿ ਆਮ ਲੋਕਾਂ ਵਿਚ ਅੱਜ ਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਅੰਮ੍ਰਿਤਸਰ ਸ਼ਹਿਰੀ, ਅੰ੍ਰਮਿਤਸਰ ਦਿਹਾਤੀ, ਬਟਾਲਾ, ਗੁਰਦਾਸਪੁਰ ਆਦਿ ਚਾਰ ਜ਼ਿਲ੍ਹਿਆਂ ਦੀ ਪੁਲਸ ਵਲੋਂ ਰਾਸ਼ਟਰੀ ਮਾਰਗ 'ਤੇ ਆਪੋ-ਆਪਣੀ ਹੱਦ ਵਿਚ ਲਗਾਏ ਗਏ | ਬੈਰੀਕੇਡ ਤੇ ਨਾਕਿਆਂ ਤੋਂ ਟਰੱਕ ਰਾਹੀਂ ਤਾਂ ਕਿਸੇ ਰੁਕਾਵਟ ਦੇ ਹਥਿਆਰਾਂ ਦੀ ਵੱਡੀ ਖੇਪ ਲੈ ਕੇ ਅੱਤਵਾਦੀਆਂ ਵਲੋਂ ਕਰੀਬ 100 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਕਿਤੇ ਨਾ ਕਿਤੇ ਜਿਥੇ ਇਕ ਪਾਸੇ ਉਕਤ ਚਾਰ ਜ਼ਿਲ੍ਹਿਆਂ ਦੀ ਪੁਲਸ ਦੀ ਵੱਡੀ ਨਾਕਾਮੀ ਸਾਬਤ ਹੋਈ ਜਾਪਦੀ ਹੈ, ਉਥੇ ਹੀ ਦੂਜੇ ਪਾਸੇ ਪੁਲਸ ਜ਼ਿਲ੍ਹਾ ਪਠਾਨਕੋਟ ਵਲੋਂ ਲਗਾਏ ਨਾਕੇ ਤੇ ਹਥਿਆਰਾਂ ਸਮੇਤ ਅੱਤਵਾਦੀਆਂ ਨੂੰ ਕਾਬੂ ਕਰਕੇ ਇਕ ਵੱਡੀ ਤਬਾਹੀ ਹੋਣ ਤੋਂ ਬਚਾਅ ਲਿਆ ਗਿਆ ਹੈ। ਪੰਜਾਬੀ ਵਿਚ ਕਹਾਵਤ ਹੈ, ਹਾਥੀ ਲੰਘ ਗਿਆ ਤੇ ਪੂਛ ਰਹਿ ਗਈ, ਜੋ ਪੂਰੀ ਤਰ੍ਹਾਂ ਨਾਲ ਅੰਮ੍ਰਿਤਸਰ ਤੋਂ ਚੱਲੇ ਪਠਾਨਕੋਟ ਤੋਂ ਕਾਬੂ ਕੀਤੇ ਅੱਤਵਾਦੀਆਂ 'ਤੇ ਢੁੱਕਦੀ ਹੈ।

Gurminder Singh

This news is Content Editor Gurminder Singh