ਅੱਤਵਾਦ ਦੀ ਰਾਹ ''ਤੇ ਤੁਰੇ 6 ਵਿਦਿਆਰਥੀ, ਪੁਲਸ ਨੇ ਕੀਤਾ ਬੈਚਲਰ ਆਫ ਟੈਰੇਰਿਜ਼ਮ ਦਾ ਪਰਦਾਫਾਸ਼

10/11/2018 7:03:00 PM

ਜਲੰਧਰ— ਬੁੱਧਵਾਰ ਨੂੰ ਜਲੰਧਰ ਦੇ ਮਸ਼ਹੂਰ ਸਿਟੀ ਇੰਸਟੀਚਿਊਟ 'ਚੋਂ ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਪੁਲਸ ਨੇ ਸਾਂਝੇ ਆਪਰੇਸ਼ਨ ਦੌਰਾਨ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਕਾਬੂ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ। ਇਨ੍ਹਾਂ ਦੇ ਕੋਲੋਂ ਏ. ਕੇ.-47, ਏ. ਕੇ.-56 ਸਮੇਤ ਕਈ ਹਥਿਆਰ ਬਰਾਮਦ ਕੀਤੇ ਗਏ। ਜਿਵੇਂ ਹੀ ਇਹ ਖਬਰ ਅੱਗ ਵਾਂਗ ਫੈਲੀ ਤਾਂ ਸਾਰੇ ਸ਼ਹਿਰ 'ਚ ਦਹਿਸ਼ਤ ਵਰਗਾ ਮਾਹੌਲ ਪਾਇਆ ਗਿਆ। ਇਹ ਤਿੰਨੋਂ ਵਿਦਿਆਰਥੀ ਅਲਕਾਇਦਾ ਦੇ ਸਲੀਪਰ ਸੈੱਲ ਦੇ ਤੌਰ 'ਤੇ ਕੰਮ ਕਰ ਰਹੇ ਸਨ। ਦੱਸ ਦੇਈਏ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਫੜਨ ਤੋਂ ਪਹਿਲਾਂ ਪੁਲਸ ਨੇ ਪੰਜਾਬ ਦੇ ਵੱਖ-ਵੱਖ ਸਥਾਨਾਂ ਤੋਂ ਕੁਝ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਦੀ ਮਦਦ ਨਾਲ ਪੁਲਸ ਇਨ੍ਹਾਂ ਤੱਕ ਪਹੁੰਚ ਸਕੀ ਹੈ। 6 ਮਹੀਨਿਆਂ 'ਚ ਪੁਲਸ ਵੱਲੋਂ 6 ਵਿਦਿਆਰਥੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। 


ਜਾਣੋ ਕਿਹੜੇ-ਕਿਹੜੇ ਵਿਦਿਆਰਥੀ ਹੋਏ ਕਾਬੂ

ਸ਼ਾਹਿਦ ਮੱਲਾ 
ਦਿੱਲੀ ਸਾਈਬਰ ਸੈੱਲ ਦੀ ਟੀਮ ਨੇ 27 ਅਪ੍ਰੈਲ 2018 ਨੂੰ ਰਾਜਪੁਰਾ ਦੇ ਆਰਿਅਨਸ ਗਰੁੱਪ ਆਫ ਕਾਲਜ ਦੇ ਬੀ-ਟੈੱਕ ਦੇ ਵਿਦਿਆਰਥੀ ਸ਼ਾਹਿਦ ਮੱਲਾ ਨੂੰ ਗ੍ਰਿਫਤਾਰ ਕੀਤਾ ਸੀ। ਸ਼ਾਹਿਦ ਮੱਲਾ ਵੀ ਹੈਕਰਸ ਦੀ ਟੀਮ 'ਚ ਸ਼ਾਮਲ ਸੀ। ਉਹ ਕੰਪਿਊਟਰ ਸਾਇੰਸ 'ਚ ਬੀ-ਟੈੱਕ ਕਰ ਰਿਹਾ ਸੀ ਅਤੇ ਚੌਥੇ ਸਮੈਸਟਰ ਦੀ ਪੜ੍ਹਾਈ ਕਰ ਰਿਹਾ ਸੀ। 

ਆਦਿਲ ਹੁਸੈਨ ਤੇਲੀ
ਦਿੱਲੀ ਸਾਈਬਰ ਸੈੱਲ ਨੇ ਜਲੰਧਰ ਦੇ ਸੇਂਟ ਸੋਲਜਰ ਕਾਲਜ ਦੇ ਬੀ. ਸੀ. ਏ. ਦੇ ਵਿਦਿਆਰਥੀ ਆਦਿਲ ਹੁਸੈਨ ਤੇਲੀ ਨੂੰ 27 ਅਪ੍ਰੈਲ 2018 ਨੂੰ ਕਾਬੂ ਕੀਤਾ ਸੀ। ਆਦਿਲ ਦੇਸ਼ ਭਰ 'ਚ 500 ਵੈੱਬਸਾਈਟਾਂ ਹੈਕ ਕਰ ਚੁੱਕਾ ਸੀ। ਇਸ ਨਾਲ ਉਹ ਇਸਲਾਮਿਕ ਸਟੇਟ ਦਾ ਪ੍ਰਚਾਰ ਕਰਦਾ ਸੀ। ਆਦਿਲ ਬੀ. ਸੀ. ਏ. ਦੇ 6ਵੇਂ ਸਮੈਸਟਰ ਦੀ ਪੜ੍ਹਾਈ ਕਰ ਰਿਹਾ ਸੀ। ਮੂਲ ਰੂਪ ਨਾਲ ਉਹ ਯਾਰੀਪੁਰਾ, ਕੁਲਗ੍ਰਾਮ, ਕਸ਼ਮੀਰ ਦਾ ਰਹਿਣ ਵਾਲਾ ਸੀ। 

ਗਾਜ਼ੀ ਅਹਿਮਦ ਮਲਿਕ 
30 ਸਤੰਬਰ 2018 ਨੂੰ ਪਟਿਆਲਾ ਦੇ ਬਨੂੜ ਦੀ ਹਾਊਸਿੰਗ ਸੋਸਾਇਟੀ ਤੋਂ ਪੁਲਸ ਨੇ ਗਾਜ਼ੀ ਅਹਿਮਦ ਮਲਿਕ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ। ਗਾਜ਼ੀ ਅਹਿਮਦ ਪੀ. ਡੀ. ਪੀ. ਦੇ ਐੱਮ. ਐੱਲ. ਏ. ਦੇ ਸਕਿਓਰਿਟੀ ਗਾਰਡ ਆਦਿਲ ਬਸ਼ੀਰ ਦਾ ਜਾਣਕਾਰ ਸੀ। ਬਸ਼ੀਰ ਕੁਝ ਦਿਨ ਪਹਿਲਾਂ ਆਪਣੇ ਸਾਥੀਆਂ ਦੇ ਨਾਲ ਏ. ਕੇ. 47 ਲੈ ਕੇ ਭੱਜ ਗਿਆ ਸੀ।  

ਜਲੰਧਰ 'ਚੋਂ ਇਕੱਠੇ ਫੜੇ ਤਿੰਨ ਵਿਦਿਆਰਥੀ 
10 ਅਕਤੂਬਰ 2018 ਨੂੰ ਪੰਜਾਬ ਪੁਲਸ ਅਤੇ ਜੰਮੂ-ਕਸ਼ਮੀਰ ਦੀ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਜਲੰਧਰ ਦੇ ਸਿਟੀ ਇੰਸਟੀਚਿਊਟ ਦੇ ਦੋ ਵਿਦਿਆਰਥੀ ਅਤੇ ਸੇਂਟ ਸੋਲਜਰ ਗਰੁੱਪ ਦਾ ਇਕ ਵਿਦਿਆਰਥੀ ਏ. ਕੇ-47, ਇਕ ਪਿਸਤੌਲ ਅਤੇ ਇਕ ਕਿਲੋ ਵਿਸਫੋਟਕ ਦੀ ਸਮੱਗਰੀ ਦੇ ਨਾਲ ਗ੍ਰਿਫਤਾਰ ਕੀਤਾ। ਕਾਬੂ ਕੀਤੇ ਗਏ ਵਿਦਿਆਰਥੀ ਮੁਹੰਮਦ ਈਦਰੀਸ਼ ਸ਼ਾਹ, ਜ਼ਾਹਿਦ ਗੁਲਜ਼ਾਰ ਅਤੇ ਯੂਸੁਫ ਰਫੀਕ ਭੱਟ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ। ਪਿਛਲੇ ਕੁਝ ਸਮੇਂ ਤੋਂ ਤਿੰਨੋਂ ਵਿਦਿਆਰਥੀਆਂ ਨੇ ਕਾਲਜ ਜਾਣਾ ਬੰਦ ਕਰ ਦਿੱਤਾ ਸੀ। ਫਿਲਹਾਲ ਇਹ ਤਿੰਨੋਂ ਦੋਸ਼ੀ 10 ਦਿਨਾਂ ਦੇ ਪੁਲਸ ਰਿਮਾਂਡ 'ਤੇ ਹਨ। ਪੁਲਸ ਨੂੰ ਉਮੀਦ ਹੈ ਕਿ ਪੁੱਛਗਿੱਛ 'ਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ। 

ਅੱਤਵਾਦੀ ਜ਼ਾਕਿਰ ਮੂਸਾ 'ਤੇ ਹੈ 15 ਲੱਖ ਦਾ ਇਨਾਮ 
ਅੰਸਾਰ ਗਜ਼ਵਤ ਉਲ ਹਿੰਦ ਦਾ ਕਮਾਂਡਰ ਜ਼ਾਕਿਰ ਮੂਸਾ ਸੈਨਾ ਦਾ ਮੋਸਟ ਵਾਂਟੇਡ ਹੈ। ਜ਼ਾਕਿਰ ਨੂੰ ਜ਼ਿੰਦਾ ਜਾਂ ਮੁਰਦਾ ਫੜਨ ਲਈ ਸੈਨਾ ਨੇ 15 ਲੱਖ ਦਾ ਇਨਾਮ ਐਲਾਨਿਆ ਹੋਇਆ ਹੈ। ਕਸ਼ਮੀਰ ਘਾਟੀ 'ਚ ਮੂਸਾ ਅੱਤਵਾਦ ਦਾ ਨਵਾਂ ਚਿਹਰਾ ਬਣ ਚੁੱਕਾ ਹੈ। ਉਹ 2013 'ਚ ਚੰਡੀਗੜ੍ਹ ਦੇ ਪ੍ਰਾਈਵੇਟ ਇੰਜੀਨੀਅਰਿੰਗ ਕਾਲਜ 'ਚ ਬੀ-ਟੈੱਕ ਦੀ ਪ੍ਰੀਖਿਆ 'ਚ ਫੇਲ ਹੋ ਗਿਆ ਸੀ।