ਕਚਹਿਰੀ ਕੰਪਲੈਕਸ ’ਚ ਲੱਗੀ ਭਿਆਨਕ ਅੱਗ, ਜਲਣਸ਼ੀਲ ਪਦਾਰਥਾਂ ’ਚ ਹੁੰਦੇ ਰਹੇ ਧਮਾਕੇ

03/19/2023 2:16:01 AM

ਲੁਧਿਆਣਾ (ਜ. ਬ.)-ਸ਼ਨੀਵਾਰ ਸ਼ਾਮ ਨੂੰ ਕਚਹਿਰੀ ਕੰਪਲੈਕਸ ’ਚ ਸਥਿਤ ਪੁਲਸ ਮਾਲਖਾਨੇ ਵਿਚ ਅਚਾਨਕ ਲੱਗੀ ਅੱਗ ਨੇ ਭਿਆਨਕ ਰੂਪ ਧਾਰ ਲਿਆ, ਜਿਸ ਕਾਰਨ ਉਥੇ ਪਏ ਜਲਣਸ਼ੀਲ ਪਦਾਰਥਾਂ ਦੇ ਅੱਗ ਦੀ ਲਪੇਟ ਵਿਚ ਆਉਣ ਕਾਰਨ ਰੁਕ-ਰੁਕ ਕੇ ਜ਼ੋਰਦਾਰ ਧਮਾਕੇ ਹੁੰਦੇ ਰਹੇ। ਅੱਗ ਬੁਝਾਉਣ ਲਈ ਦਰਜਨਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਕਈ ਘੰਟੇ ਮੁਸ਼ੱਕਤ ਕਰਨੀ ਪਈ।

ਇਹ ਖ਼ਬਰ ਵੀ ਪੜ੍ਹੋ : ਭਲਕੇ ਮਨਾਈ ਜਾਵੇਗੀ ਮੂਸੇਵਾਲਾ ਦੀ ਬਰਸੀ, ਪਿਤਾ ਨੇ ਲੋਕਾਂ ਨੂੰ ਭਾਈਚਾਰਾ ਤੇ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ

ਜਾਣਕਾਰੀ ਮੁਤਾਬਕ ਕਚਹਿਰੀ ਕੰਪਲੈਕਸ ਵਿਚ ਵਕੀਲਾਂ ਲਈ ਬਣੀ ਪਾਰਕਿੰਗ ਦੇ ਸਾਹਮਣੇ ਪੰਜਾਬ ਪੁਲਸ ਦਾ ਮੁੱਖ ਮਾਲਖਾਨਾ ਹੈ, ਜਿਥੇ ਨਸ਼ਾ ਸਮੱਗਲਰਾਂ ਤੋਂ ਫੜੀ ਸ਼ਰਾਬ ਸਮੇਤ ਹੋਰ ਸਾਮਾਨ ਰੱਖਿਆ ਜਾਂਦਾ ਹੈ। ਸ਼ਨੀਵਾਰ ਨੂੰ ਸ਼ਾਮ 6 ਵਜੇ ਦੇ ਕਰੀਬ ਅਚਾਨਕ ਇਸ ਮਾਲਖਾਨੇ ਵਿਚ ਅੱਗ ਲੱਗ ਗਈ, ਜਿਸ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰ ਲਿਆ। ਮਾਲਖਾਨੇ ਵਿਚ ਰੱਖੀ ਸ਼ਰਾਬ ਅਤੇ ਹੋਰ ਜਲਣਸ਼ੀਲ ਪਦਾਰਥਾਂ ਦੇ ਅੱਗ ਦੀ ਲਪੇਟ ਵਿਚ ਆਉਣ ਕਾਰਨ ਅਚਾਨਕ ਜ਼ੋਰ ਜ਼ੋਰ ਨਾਲ ਧਮਾਕੇ ਹੋਣੇ ਸ਼ੁਰੂ ਹੋ ਗਏ।

ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ’ਤੇ ਸਸਪੈਂਸ ਬਰਕਰਾਰ, ਸਾਹਮਣੇ ਆਇਆ ਪੁਲਸ ਦਾ ਬਿਆਨ

ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ ’ਚ ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਘਟਨਾ ਸਥਾਨ ’ਤੇ ਪੁੱਜ ਗਈਆਂ ਅਤੇ ਅੱਗ ਬੁਝਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਪਰ ਅੱਗ ਇੰਨਾ ਖਤਰਨਾਕ ਰੂਪ ਧਾਰ ਚੁੱਕੀ ਸੀ ਕਿ ਹੋ ਰਹੇ ਧਮਾਕਿਆਂ ਕਾਰਨ ਮੁਲਾਜ਼ਮਾਂ ਨੂੰ ਸਖਤ ਮੁਸ਼ੱਕਤ ਕਰਨੀ ਪਈ। ਕਈ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਅੱਗ ਨਾਲ ਮਾਲਖਾਨੇ ਵਿਚ ਰੱਖਿਆ ਵੱਖ-ਵੱਖ ਅਪਰਾਧਿਕ ਕੇਸਾਂ ਨਾਲ ਜੁੜਿਆ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ।

Manoj

This news is Content Editor Manoj