ਦਵਾਈ ਲੈ ਕੇ ਪਰਤ ਰਹੇ ਬਜ਼ੁਰਗ ਜੋੜੇ ਨਾਲ ਵਾਪਰਿਆ ਭਿਆਨਕ ਹਾਦਸਾ, ਘਰ ’ਚ ਪਏ ਵੈਣ

02/19/2023 3:53:53 AM

ਜਲੰਧਰ (ਵਰੁਣ)–ਸੰਜੇ ਗਾਂਧੀ ਨਗਰ ਫਲਾਈਓਵਰ ’ਤੇ ਤੇਜ਼ ਰਫਤਾਰ ਕਵਿਡ ਕਾਰ ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਈ-ਰਿਕਸ਼ਾ ’ਤੇ ਸਵਾਰ ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਮਲਕੀਤ ਸਿੰਘ ਦੇ ਬਜ਼ੁਰਗ ਪਿਤਾ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਮਾਂ ਅਤੇ ਰਿਕਸ਼ਾ ਚਾਲਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਸਰਵਣ ਸਿੰਘ ਪੁੱਤਰ ਸਾਧੂ ਸਿੰਘ ਨਿਵਾਸੀ ਨੰਗਲ ਲੁਬਾਣਾ (ਕਪੂਰਥਲਾ) ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਅਸ਼ਲੀਲ ਤੇ ਧਮਕੀਆਂ ਭਰੀ ਸ਼ਬਦਾਵਲੀ ਵਰਤਣ ’ਤੇ ਸਰਕਾਰੀ ਅਧਿਆਪਕ ਖ਼ਿਲਾਫ਼ ਵੱਡੀ ਕਾਰਵਾਈ

ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਨਰਿੰਦਰ ਮੋਹਨ ਨੇ ਦੱਸਿਆ ਕਿ ਏ. ਐੱਸ. ਆਈ. ਮਲਕੀਤ ਸਿੰਘ ਦੇ ਪਿਤਾ ਸਰਵਣ ਸਿੰਘ ਅਤੇ ਮਾਂ ਕਸ਼ਮੀਰ ਕੌਰ ਪਠਾਨਕੋਟ ਰੋਡ ’ਤੇ ਸਥਿਤ ਨਿੱਜੀ ਹਸਪਤਾਲ ਤੋਂ ਦਵਾਈ ਲੈ ਕੇ ਵਾਪਸ ਜਾ ਰਹੇ ਸਨ, ਜਦਕਿ ਮਲਕੀਤ ਸਿੰਘ ਸੀ. ਐੱਮ. ਡਿਊਟੀ ਖ਼ਤਮ ਕਰ ਕੇ ਰਿਕਸ਼ਾ ਦੇ ਪਿੱਛੇ ਬਾਈਕ ’ਤੇ ਆ ਰਹੇ ਸਨ। ਜਿਉਂ ਹੀ ਈ-ਰਿਕਸ਼ਾ ਸੰਜੇ ਗਾਂਧੀ ਨਗਰ ਫਲਾਈਓਵਰ ’ਤੇ ਪੁੱਜਾ ਤਾਂ ਇਕ ਤੇਜ਼ ਰਫ਼ਤਾਰ ਕਾਰ ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਸਰਵਣ ਸਿੰਘ ਦੀ ਮੌਤ ਹੋ ਗਈ। ਏ. ਐੱਸ. ਆਈ. ਮਲਕੀਤ ਸਿੰਘ ਨੇ ਆਪਣੇ ਮਾਤਾ-ਪਿਤਾ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਦਕਿ ਜ਼ਖ਼ਮੀ ਈ-ਰਿਕਸ਼ਾ ਚਾਲਕ ਨੂੰ ਵੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਸਰਵਣ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਖ਼ਬਰ ਵੀ ਪੜ੍ਹੋ : PSTET ਪ੍ਰੀਖਿਆ ਦੇਣ ਦੇ ਚਾਹਵਾਨ ਉਮੀਦਵਾਰਾਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਨੂੰ ਹੋਵੇਗਾ ਟੈਸਟ

ਕੁਝ ਲੋਕਾਂ ਨੇ ਕਾਰ ਚਾਲਕ ਨੂੰ ਕਾਬੂ ਕਰ ਲਿਆ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਫੋਕਲ ਪੁਆਇੰਟ ਚੌਕੀ ਦੇ ਇੰਚਾਰਜ ਨਰਿੰਦਰ ਮੋਹਨ ਮੌਕੇ ’ਤੇ ਪਹੁੰਚੇ। ਉਨ੍ਹਾਂ ਕਾਰ ਚਾਲਕ ਅਰਜੁਨ ਪੁੱਤਰ ਰਾਜ ਕੁਮਾਰ ਨਿਵਾਸੀ ਗੁਲਾਬ ਦੇਵੀ ਰੋਡ ਅਮਨ ਨਗਰ ਨੂੰ ਹਿਰਾਸਤ ਵਿਚ ਲੈ ਲਿਆ। ਅਰਜੁਨ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਗ੍ਰਿਫ਼ਤਾਰੀ ਦਿਖਾ ਦਿੱਤੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਖ਼ਾਕੀ ਮੁੜ ਹੋਈ ਸ਼ਰਮਸਾਰ, ਨਸ਼ਾ ਕਰਦੇ ਦੋ ਪੁਲਸ ਮੁਲਾਜ਼ਮਾਂ ਦੀ ਵੀਡੀਓ ਵਾਇਰਲ 

Manoj

This news is Content Editor Manoj