ਦਸ ਦਿਨ ਬੀਤ ਜਾਣ ਦੇ ਬਾਅਦ ਵੀ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ

08/19/2017 2:16:33 AM

ਮਮਦੋਟ, (ਸੰਜੀਵ, ਧਵਨ)— ਦਸ ਦਿਨ ਪਹਿਲਾਂ ਸਰਕਾਰੀ ਹਸਪਤਾਲ ਵਿਚ ਦਵਾਈ ਲੈਣ ਲਈ ਪਤਨੀ ਅਤੇ ਬੱਚਿਆਂ ਸਮੇਤ ਕਤਾਰ 'ਚ ਖੜ੍ਹੇ ਨੌਜਵਾਨ ਉੱਪਰ ਕਾਤਲਾਨਾ ਹਮਲੇ ਵਿਚ ਲੋੜੀਂਦਾ ਕਥਿਤ ਦੋਸ਼ੀ ਦਸ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹੈ। ਹਮਲੇ ਦੌਰਾਨ ਹਸਪਤਾਲ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਹਮਲਾਵਰ ਦੀ ਭਾਂਵਂੇ ਪਹਿਚਾਣ ਹੋ ਚੁੱਕੀ ਹੈ ਪਰ ਮਮਦੋਟ ਪੁਲਸ ਉਕਤ ਦੋਸ਼ੀ ਦੇ ਘਰ ਲਗਾਤਾਰ ਛਾਪੇਮਾਰੀ ਕੀਤੇ ਜਾਣ ਦੀ ਗੱਲ ਆਖ ਕੇ ਪੱਲਾ ਝਾੜ ਰਹੀ ਹੈ।
ਪੀੜਤ ਦਰਸ਼ਨ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਲੱਖਾ ਸਿੰਘ ਵਾਲਾ ਨੇ ਦੱਸਿਆ ਕਿ ਪਿਛਲੇ ਵੀਰਵਾਰ ਨੂੰ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਦਵਾਈ ਲੈਣ ਸਰਕਾਰੀ ਹਸਪਤਾਲ ਵਿਖੇ ਕਤਾਰ ਵਿਚ ਖੜ੍ਹਾ ਹੋਇਆ ਸੀ ਕਿ ਤੇਜ਼ਧਾਰ ਹਥਿਆਰ ਨਾਲ ਲੈਸ ਹੋ ਕੇ ਆਏ ਵਿਅਕਤੀ ਨੇ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਘਟਨਾ ਨੂੰ ਅੰਜ਼ਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਉਸਨੇ ਦੱਸਿਆ ਕਿ ਹਮਲੇ ਦੇ ਦੋਸ਼ੀ ਦੀ ਗ੍ਰਿਫਤਾਰੀ ਲਈ ਮਮਦੋਟ ਪੁਲਸ ਨਾਲ ਕਈ ਵਾਰ ਸੰਪਰਕ ਕਰ ਚੁੱਕੇ ਹਾਂ ਪਰ ਅੱਗੋਂ ਛਾਪੇਮਾਰੀ ਕੀਤੇ ਜਾਣ ਦਾ ਇਕੋ ਰਟਿਆ-ਰਟਾਇਆ ਜਵਾਬ ਮਿਲ ਰਿਹਾ ਹੈ। ਪੀੜਤ ਨੇ ਜ਼ਿਲਾ ਪੁਲਸ ਮੁਖੀ ਕੋਲੋਂ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ ਤੇ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਲਈ ਕਿਹਾ ਹੈ। 
ਉੱਧਰ ਥਾਣਾ ਮੁਖੀ ਰਣਜੀਤ ਸਿੰਘ ਨੇ ਕਿਹਾ ਕਿ ਦੋਸ਼ੀ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਦੋਸ਼ੀ ਘਰ ਨੂੰ ਤਾਲਾ ਲਾ ਕੇ ਪਰਿਵਾਰ ਸਮੇਤ ਰੂਪੋਸ਼ ਹੋ ਗਿਆ ਹੈ। ਉਨ੍ਹਾਂ ਭਰੋਸਾ ਦਿੰਦੇ ਹੋਏ ਕਿਹਾ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।