ਲਾਮ-ਲਸ਼ਕਰ ਨਾਲ ਕਬਜ਼ਾ ਲੈਣ ਆਈ ਤਹਿਸੀਲਦਾਰ ਦੀ ਟੀਮ ਖਾਲੀ ਹੱਥ ਪਰਤੀ

01/18/2018 1:57:54 PM

ਮੰਡੀ ਗੋਬਿੰਦਗੜ੍ਹ (ਮੱਗੋ)- ਸਬ-ਡਵੀਜ਼ਨ ਅਮਲੋਹ ਦੇ ਤਹਿਸੀਲਦਾਰ ਕੁਲਦੀਪ ਸਿੰਘ ਤੇ ਥਾਣਾ ਮੁਖੀ ਮੰਡੀ ਗੋਬਿੰਦਗੜ੍ਹ ਸੁਖਬੀਰ ਸਿੰਘ ਤੇ ਅਮਲੋਹ ਦੇ ਥਾਣਾ ਮੁਖੀ ਮਹਿੰਦਰ ਸਿੰਘ, ਸਹਾਇਕ ਥਾਣੇਦਾਰ ਕੇਵਲ ਸਿੰਘ, ਸਹਾਇਕ ਥਾਣੇਦਾਰ ਕੁਲਦੀਪ ਸਿੰਘ, ਸਹਾਇਕ ਥਾਣੇਦਾਰ ਗੁਰਬਚਨ ਸਿੰਘ, ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਆਦਿ ਦੀ ਅਗਵਾਈ ਹੇਠ ਜ਼ਿਲੇ ਭਰ 'ਚੋਂ ਕਰੀਬ 50 ਪੁਲਸ ਮੁਲਾਜ਼ਮ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੀ ਗੱਡੀ ਦੇ ਨਾਲ ਸਥਾਨਕ ਸ਼ਾਸਤਰੀ ਨਗਰ ਸਥਿਤ ਸ਼ਹਿਰ ਦੇ ਪ੍ਰਸਿੱਧ ਉਦਯੋਗਪਤੀ ਜਗਦੀਸ਼ ਚੰਦਰ ਬਾਂਸਲ ਦੇ ਗ੍ਰਹਿ ਦਾ ਕਬਜ਼ਾ ਮਾਣਯੋਗ ਹਾਈ ਕੋਰਟ ਦੇ ਹੁਕਮਾਂ 'ਤੇ ਲੈਣ ਪਹੁੰਚੇ ਅਧਿਕਾਰੀਆਂ ਨੂੰ ਕਰੀਬ 4 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਖਾਲੀ ਹੱਥ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ।
ਜਾਣਕਾਰੀ ਅਨੁਸਾਰ ਕੈਪੀਟਲ ਫਸਟ ਲਿ., ਫਿਰੋਜ਼ ਗਾਂਧੀ ਮਾਰਕੀਟ ਲੁਧਿਆਣਾ ਵੱਲੋਂ ਪੰਜਾਬ ਸਰਕਾਰ ਸਮੇਤ ਕਰੀਬ 13 ਦੋਸ਼ੀਆਂ ਦੇ ਵਿਰੁੱਧ ਮਾਣਯੋਗ ਹਾਈ ਕੋਰਟ ਵਿਚ ਇਕ ਸਿਵਲ ਰਿੱਟ ਪਟੀਸ਼ਨ ਨੰਬਰ 57/2018 ਦਾਇਰ ਕਰ ਕੇ ਬਾਂਸਲ ਇੰਡਸਟਰੀਜ਼ ਦੇ ਜਗਦੀਸ਼ ਚੰਦਰ ਬਾਂਸਲ ਤੋਂ ਕਰੀਬ 4 ਕਰੋੜ 89 ਲੱਖ 7400 ਰੁਪਏ ਦੀ ਵਸੂਲੀ ਦੇ ਬਦਲੇ ਉਨ੍ਹਾਂ ਦੀ ਸ਼ਾਸਤਰੀ ਨਗਰ ਸਥਿਤ ਕੋਠੀ ਦਾ ਕਬਜ਼ਾ ਦਿਵਾਉਣ ਵਿਚ ਨਾਕਾਮ ਰਹਿਣ 'ਤੇ ਐਡੀਸ਼ਨਲ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਮੈਜਿਸਟ੍ਰੇਟ ਫਤਿਹਗੜ੍ਹ ਸਾਹਿਬ ਅਤੇ ਜ਼ਿਲਾ ਪੁਲਸ ਮੁਖੀ ਸਮੇਤ ਹੋਰ ਅਧਿਕਾਰੀਆਂ ਨੂੰ 18 ਜਨਵਰੀ ਲਈ ਨੋਟਿਸ ਜਾਰੀ ਕੀਤਾ ਸੀ, ਜਿਸ 'ਤੇ ਕਾਰਵਾਈ ਕਰਦਿਆਂ ਅੱਜ ਹਾਈ ਕੋਰਟ ਵਿਚ ਪੇਸ਼ੀ ਦੇ ਇਕ ਦਿਨ ਪਹਿਲਾਂ ਤਹਿਸੀਲਦਾਰ ਕੁਲਦੀਪ ਸਿੰਘ ਦੀ ਅਗਵਾਈ ਹੇਠ ਜਗਦੀਸ਼ ਚੰਦਰ ਬਾਂਸਲ ਦੇ ਗ੍ਰਹਿ ਵਿਖੇ ਉਕਤ ਅਧਿਕਾਰੀ ਪੂਰੀ ਤਿਆਰੀ ਨਾਲ ਪਹੁੰਚੇ। ਜਿਨ੍ਹਾਂ ਸਾਰੇ ਖੇਤਰ ਨੂੰ ਘੇਰ ਲਿਆ ਅਤੇ ਦੇਖਦੇ ਹੀ ਦੇਖਦੇ ਸਵੇਰੇ ਕਰੀਬ 10 ਵਜੇ ਸਾਰਾ ਖੇਤਰ ਪੁਲਸ ਛਾਉਣੀ ਵਿਚ ਬਦਲ ਗਿਆ।
ਇਸ ਸਬੰਧੀ ਜਦੋਂ ਤਹਿਸੀਲਦਾਰ ਕੁਲਦੀਪ ਸਿੰਘ ਅਤੇ ਖੇਤਰ ਪਟਵਾਰੀ ਪ੍ਰਮੋਦ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੌਕੇ 'ਤੇ ਜਗਦੀਸ਼ ਚੰਦਰ ਬਾਂਸਲ ਨੇ ਵਿਵਾਦਿਤ ਜਾਇਦਾਦ ਦੀ ਕੈਪੀਟਲ ਫਸਟ ਲਿ. ਤੋਂ ਛੁਡਾਈ ਗਈ ਜਾਇਦਾਦ ਦੀ ਰਜਿਸਟਰੀ ਪੇਸ਼ ਕਰ ਦਿੱਤੀ, ਜਿਸ 'ਤੇ ਕੈਪੀਟਲ ਫਸਟ ਲਿ. ਨੇ ਇਸ ਰਜਿਸਟਰੀ ਵਾਲੀ ਜਾਇਦਾਦ ਦੀ ਜਾਂਚ ਆਪਣੇ ਮੁੱਖ ਦਫ਼ਤਰ ਮੁੰਬਈ ਤੋਂ ਕਰਵਾਉਣ ਲਈ ਸਮਾਂ ਮੰਗ ਲਿਆ ਹੈ।
ਇਸ ਸਬੰਧੀ ਜਦੋਂ ਉਦਯੋਗਪਤੀ ਜਗਦੀਸ਼ ਚੰਦਰ ਬਾਂਸਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਜਾਇਦਾਦ ਨੂੰ ਕਰੀਬ ਡੇਢ ਸਾਲ ਪਹਿਲਾਂ ਹੀ ਛੁਡਵਾ ਲਿਆ ਸੀ, ਜਿਸ ਦੀ ਅਸਲ ਰਜਿਸਟਰੀ ਵੀ ਉਨ੍ਹਾਂ ਦੇ ਕੋਲ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਸਾਜ਼ਿਸ਼ ਉਨ੍ਹਾਂ ਨੂੰ ਸ਼ਹਿਰ 'ਚ ਬਦਨਾਮ ਕਰਨ ਅਤੇ ਉਨ੍ਹਾਂ ਦਾ ਵਪਾਰ ਤਬਾਹ ਕਰਨ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਸਬੰਧੀ ਕੈਪੀਟਲ ਫਸਟ ਲਿ. ਦੇ ਅਭਿਸ਼ੇਕ ਕੇਸ਼ਵ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ ਗਿਆ ਪਰ ਗੱਲ ਨਹੀਂ ਹੋ ਸਕੀ। ਵਰਣਨਯੋਗ ਹੈ ਕਿ ਅਧਿਕਾਰੀਆਂ ਦੀ ਮੌਜੂਦਗੀ ਵਿਚ ਕੈਪੀਟਲ ਫਸਟ ਲਿ. ਵੱਲੋਂ ਜਿਨ੍ਹਾਂ ਕਮਰਿਆਂ 'ਤੇ ਤਾਲੇ ਲਾਏ ਗਏ ਸੀ ਬਾਅਦ 'ਚ ਉਨ੍ਹਾਂ ਨੂੰ ਖੋਲ੍ਹਣ ਲਈ ਮਜਬੂਰ ਹੋਣਾ ਪਿਆ।