ਅਧਿਆਪਕਾਂ ਨੇ ਕਾਲੀਆਂ ਝੰਡੀਆਂ ਫੜ ਕੇ ਕੱਢਿਆ ਰੋਸ ਮਾਰਚ

03/01/2018 6:49:56 AM

ਫਗਵਾੜਾ, (ਰੁਪਿੰਦਰ ਕੌਰ, ਹਰਜੋਤ)- ਤਨਖਾਹਾਂ ਨਾ ਮਿਲਣ ਕਾਰਨ ਫਗਵਾੜਾ 'ਚ ਬਲਾਕ ਦੇ ਸਮੂਹ ਅਧਿਆਪਕ ਪਿਛਲੇ 11 ਦਿਨਾਂ ਤੋਂ ਕਈ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਬੀ. ਪੀ. ਈ. ਓ. ਦਫਤਰ ਫਗਵਾੜਾ ਵਿਖੇ ਲੜੀਵਾਰ ਭੁੱਖ ਹੜਤਾਲ 'ਤੇ ਚੱਲ ਰਹੇ ਹਨ । ਅੱਜ 11ਵੇਂ ਦਿਨ ਵੀ ਭੁੱਖ ਹੜਤਾਲ 'ਤੇ ਵਿਕਰਮਜੀਤ ਸਿੰਘ, ਲਖਵੀਰ ਸਿੰਘ, ਪ੍ਰੀਤੀ ਕੌਸ਼ਲ, ਬਲਜੀਤ ਕੌਰ ਅਧਿਆਪਕ ਸਾਥੀ ਬੈਠੇ । ਉੱਚ ਅਧਿਆਕਾਰੀਆਂ ਅਤੇ ਪ੍ਰਸ਼ਾਸਨ ਵਲੋਂ ਭਰੋਸਾ ਦਿਵਾਉਣ ਦੇ ਬਾਵਜੂਦ ਵੀ ਮੰਗਾਂ ਸਬੰਧੀ ਕੋਈ ਕਾਰਵਾਈ ਨਾ ਹੁੰਦੀ ਦੇਖ ਅੱਜ ਸਮੂਹ ਅਧਿਆਪਕ ਵਰਗ ਨੇ ਕਾਲੀ ਝੰਡੀਆਂ ਫੜ ਕੇ ਫਗਵਾੜਾ ਦੇ ਬਾਜ਼ਾਰਾਂ 'ਚ ਰੋਸ ਮਾਰਚ ਕੱਢਿਆ। ਉਪਰੰਤ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ । 
ਅਧਿਆਪਕ ਆਗੂ ਅਜੇ ਕੁਮਾਰ, ਜਸਬੀਰ ਸੈਣੀ, ਦਲਜੀਤ ਸੈਣੀ, ਸਤਵੰਤ ਟੂਰਾ, ਸਾਧੂ ਸਿੰਘ ਜੱਸਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਸੈਲਰੀ ਬਜਟ ਐਡਵਾਂਸ ਵਿਚ ਜਾਰੀ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਪ੍ਰਾਇਮਰੀ ਵਿਭਾਗ ਵਿਚ ਪੜ੍ਹਾ ਰਹੇ ਬੀ. ਐੱਡ. ਪਾਸ ਈ. ਟੀ. ਟੀ. ਅਧਿਆਪਕਾਂ ਨੂੰ ਬ੍ਰਿਜ ਕੋਰਸ ਤੋਂ ਪੂਰਨ ਛੋਟ ਦਾ ਪੱਤਰ ਜਲਦ ਜਾਰੀ ਕੀਤਾ ਜਾਵੇ, ਬੀ. ਐੱਲ. ਓ. ਡਿਊਟੀਆਂ ਤੇ ਆਰਜ਼ੀ ਪ੍ਰਬੰਧਾਂ ਦੇ ਨਾਂ ਹੇਠਾਂ ਅਧਿਆਪਕਾਂ ਦੀ ਦੂਸਰੇ ਸਕੂਲਾਂ ਵਿਚ ਬਦਲੀ, ਸਾਬਕਾ ਫੌਜੀਆਂ ਤੋਂ ਕੇਵਲ ਸਕੂਲਾਂ ਦੀ ਚੈਕਿੰਗ ਸਬੰਧੀ ਆਦਿ ਫੈਸਲੇ ਤੁਰੰਤ ਰੱਦ ਕੀਤੇ ਜਾਣ । ਬਲਾਕ ਦੇ ਸਮੂਹ ਅਧਿਆਪਕ ਵਰਗ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਅਗਰ ਇਹ ਮੰਗਾਂ ਸਬੰਧੀ ਯੋਗ ਕਾਰਵਾਈ ਨਹੀਂ ਹੁੰਦੀ ਹੈ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ । ਇਹ ਭੁੱਖ ਹੜਤਾਲ ਮੰਗਾਂ ਹੱਲ ਹੋਣ ਤਕ ਜਾਰੀ ਰਹੇਗੀ । ਇਸ ਮੌਕੇ ਸਰਤਾਜ ਸਿੰਘ ਚੀਮਾ, ਰਵਿੰਦਰ ਕੁਮਾਰ, ਕਮਲਜੀਤ ਸਿੰਘ, ਪ੍ਰੇਮਪਾਲ, ਹਰਪ੍ਰੀਤ ਗੁਰਾਇਆ, ਹੰਸ ਰਾਜ ਬੰਗੜ, ਗੌਰਵ ਰਾਠੌਰ, ਜਗਦੀਸ਼ ਸਿੰਘ, ਕਰਨੈਲ ਸੰਧੂ, ਪਵਨ ਕੁਮਾਰ, ਜਬਰਜੰਗ ਸਿੰਘ, ਸੁਖਦੇਵ ਮਾਹੀ, ਸਤਨਾਮ ਪਰਮਾਰ, ਅਵਤਾਰ ਸਿੰਘ, ਵਿਕਾਸਦੀਪ, ਗੁਰਮੁੱਖ ਲੋਕਪ੍ਰੇਮੀ, ਆਦਿ ਹਾਜ਼ਰ ਸਨ ।