ਜ਼ਿਲੇ ''ਚ ਬਲਾਕਾਂ ਅਧੀਨ ਸਕੂਲਾਂ ਦੀ ਫੇਰਬਦਲ ਦੇ ਵਿਰੋਧ ''ਚ ਅਧਿਆਪਕ ਜਥੇਬੰਦੀਆਂ ਵੱਲੋਂ ਨਾਅਰੇਬਾਜ਼ੀ

02/01/2018 12:25:51 PM

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ)-ਜ਼ਿਲੇ 'ਚ ਬਲਾਕਾਂ ਅਧੀਨ ਸਕੂਲਾਂ ਦੀ ਫੇਰਬਦਲ ਕਰਨ ਦੀ ਪ੍ਰਕਿਰਿਆ ਦਾ ਵਿਰੋਧ ਕਰਦੇ ਹੋਏ ਬਰਨਾਲਾ ਦੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਜੀ. ਟੀ. ਯੂ. ਜ਼ਿਲਾ ਪ੍ਰਧਾਨ ਸੁਰਿੰਦਰ ਕੁਮਾਰ, ਅਧਿਆਪਕ ਦਲ ਦੇ ਸਕੱਤਰ ਨਰਿੰਦਰ ਸ਼ਹਿਣਾ, ਛਿੰਦਰ ਸਿੰਘ ਬੀ. ਐੱਡ ਅਧਿਆਪਕ ਫਰੰਟ ਦੇ ਜ਼ਿਲਾ ਪ੍ਰਧਾਨ ਪਰਮਿੰਦਰ ਸਿੰਘ, ਹਰਜੀਤ ਸਿੰਘ, ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਸਕੱਤਰ ਪਰਮਜੀਤ ਸਿੰਘ ਭਾਟੀਆ ਅਤੇ ਰਮਨਦੀਪ ਸਿੰਘ ਨੇ ਸਕੂਲਾਂ ਦੀ ਮੌਜੂਦਾ ਸਥਿਤੀ ਨੂੰ ਭੂਗੋਲਿਕ ਤੌਰ 'ਤੇ ਸਹੀ ਕਰਾਰ ਦਿੰਦੇ ਹੋਏ ਡੀ. ਈ. ਓ. ਬਰਨਾਲਾ ਤੋਂ ਫੈਸਲੇ ਵਾਪਸ ਲੈਣ ਦੀ ਮੰਗ ਕੀਤੀ। ਆਗੂਆਂ ਨੇ ਉਦਾਹਰਨ ਦਿੰਦੇ ਹੋਏ ਕਿਹਾ ਕਿ ਜੋ ਸਕੂਲ ਬਲਾਕ ਤੋਂ ਸਿਰਫ 5 ਕਿਲੋਮੀਟਰ ਦੂਰ ਹੈ, ਉਸ ਨੂੰ 25 ਕਿਲੋਮੀਟਰ ਦੂਰੀ 'ਤੇ ਬਲਾਕ ਨਾਲ ਜੋੜ ਦਿੱਤਾ ਗਿਆ ਹੈ।
ਇਸ ਗੈਰ-ਤਰਕਸੰਗਤ ਵੰਡ ਦਾ ਵਿਰੋਧ ਕਰਦੇ ਹੋਏ ਆਗੂਆਂ ਨੇ ਕਿਹਾ ਕਿ  800 ਪ੍ਰਾਇਮਰੀ ਸਕੂਲ ਬੰਦ ਕਰਨ, ਪ੍ਰੀਖਿਆ ਕੇਂਦਰ ਬਦਲਣ, ਮਿਡਲ ਸਕੂਲਾਂ 'ਚ ਅਸਾਮੀਆਂ ਘਟਾਉਣ, ਬ੍ਰਿਜ ਕੋਰਸ ਜ਼ਰੂਰੀ ਕਰਨ ਵਾਲੇ ਬੇਤੁਕੇ ਅਤੇ ਗੈਰ-ਜ਼ਰੂਰੀ ਹੁਕਮ ਜ਼ਮੀਨੀ ਪੱਧਰ ਦੀ ਜਾਣਕਾਰੀ ਇਕੱਤਰ ਕੀਤੇ ਬਿਨਾਂ ਸੁਣਾਏ ਜਾ ਰਹੇ ਹਨ, ਜਿਸ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਜ਼ਿਲੇ 'ਚ ਸਕੂਲਾਂ ਦੀ ਗਿਣਤੀ ਨੂੰ ਦੇਖਦੇ ਹੋਏ ਕਿਹਾ ਕਿ ਜ਼ਿਲੇ 'ਚ ਇਕ ਹੋਰ ਸਿੱਖਿਆ ਬਲਾਕ ਗਠਿਤ ਕਰਨ ਦੀ ਲੋੜ ਹੈ ਤਾਂ ਜੋ ਸਮੁੱਚਾ ਕੰਮਕਾਜ ਹੋਰ ਵੀ ਵਧੀਆ ਅਤੇ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਜਥੇਬੰਦੀਆਂ ਦੀ ਜ਼ਿਲਾ ਸਿੱਖਿਆ ਅਫਸਰ ਨਾਲ ਫੋਨ 'ਤੇ ਹੋਈ ਗੱਲਬਾਤ ਅਨੁਸਾਰ ਸਮੂਹ ਅਧਿਆਪਕਾਂ ਨੂੰ 1 ਫਰਵਰੀ ਨੂੰ ਸਕੂਲ ਸਮੇਂ ਉਪਰੰਤ ਸਬੰਧਿਤ ਦਫਤਰ ਵਿਚ ਇਕੱਤਰ ਹੋਣ ਦਾ ਸੱਦਾ ਦਿੱਤਾ।
ਇਸ ਸਮੇਂ ਮੈਡਮ ਪ੍ਰਵੀਨ ਦੇਵੀ, ਕੁਲਜਿੰਦਰ ਕੌਰ, ਹਰਜਿੰਦਰ ਕੌਰ, ਜਗਤਾਰ ਸਿੰਘ ਅਤੇ ਪ੍ਰਭਾਵਿਤ ਸਕੂਲਾਂ ਦਾ ਸਮੂਹ ਸਟਾਫ ਹਾਜ਼ਰ ਹੋਇਆ।