ਸੈਂਕੜੇ ਅਧਿਆਪਕਾਂ ਬੱਸ ਸਟੈਂਡ ਸਾਹਮਣੇ ਦਿੱਤਾ ਧਰਨਾ

06/10/2017 7:41:13 AM

ਪਟਿਆਲਾ  (ਰਾਜੇਸ਼) - ਡੇਢ ਦਹਾਕੇ ਤੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਸੰਘਰਸ਼ ਕਰ ਰਹੇ ਸ਼ਹੀਦ ਕਿਰਨਜੀਤ ਕੌਰ, ਈ. ਜੀ. ਐੱਸ./ਏ. ਆਈ. ਜੀ. ਅਤੇ ਐੱਸ. ਟੀ. ਆਰ. ਅਧਿਆਪਕ ਯੂਨੀਅਨ ਨਾਲ ਜੁੜੇ ਸੈਂਕੜੇ ਅਧਿਆਪਕਾਂ ਨੇ ਅੱਜ ਪਟਿਆਲਾ ਦੇ ਬੱਸ ਸਟੈਂਡ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ। ਆਪਣੇ ਐਲਾਨ ਅਨੁਸਾਰ ਪੰਜਾਬ ਭਰ ਤੋਂ ਸੈਂਕੜੇ ਅਧਿਆਪਕ ਪਟਿਆਲਾ ਪੁੱਜੇ। ਜਿਉਂ ਹੀ ਰੋਜ਼ ਗਾਰਡਨ ਤੋਂ ਉੁਨ੍ਹਾਂ ਆਪਣਾ ਰੋਸ ਮਾਰਚ ਕੂਚ ਕੀਤਾ ਤਾਂ ਬੱਸ ਸਟੈਂਡ ਨੇੜੇ ਪੁਲਸ ਨੇ ਅਧਿਆਪਕਾਂ ਨੂੰ ਰੋਕ ਲਿਆ। ਅਧਿਆਪਕ ਮੁੱਖ ਮੰਤਰੀ ਨਿਵਾਸ ਮੋਤੀ ਬਾਗ ਪੈਲਸ ਤੱਕ ਜਾਣ ਲਈ ਬਜ਼ਿਦ ਸਨ ਪਰ ਪੁਲਸ ਨੇ ਉੁਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਇਸ ਕਾਰਨ ਅਧਿਆਪਕਾਂ ਨੇ ਬੱਸ ਸਟੈਂਡ ਦੇ ਸਾਹਮਣੇ ਹੀ ਰੋਸ ਧਰਨਾ ਦਿੱਤਾ।  ਯੂਨੀਅਨ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਮੁਕਤਸਰ ਅਤੇ ਜਨਰਲ ਸਕੱਤਰ ਗੁਰਚਰਨ ਸਿੰਘ ਤਰਨਤਾਰਨ ਦੀ ਅਗਵਾਈ ਹੇਠ ਹੋਏ ਇਸ ਧਰਨੇ ਵਿਚ ਐਲਾਨ ਕੀਤਾ ਗਿਆ ਕਿ ਜੇਕਰ ਉੁਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਅਧਿਆਪਕ ਆਗੁਆਂ ਨੇ ਕਿਹਾ ਕਿ ਪਿਛਲੇ 14 ਸਾਲਾਂ ਤੋਂ ਪੰਜਾਬ ਭਰ ਦੇ ਪ੍ਰਾਇਮਰੀ ਸਕੂਲਾਂ ਵਿਚ 7813 ਅਧਿਆਪਕ ਆਪਣੀਆਂ ਸੇਵਾਵਾਂ ਨਿਗੂਣੀਆਂ ਜਿਹੀਆਂ ਤਨਖਾਹਾਂ 'ਤੇ ਨਿਭਾਅ ਰਹੇ ਹਨ। ਪਿਛਲੇ ਸਮੇਂ ਅਕਾਲੀ-ਭਾਜਪਾ ਸਰਕਾਰ ਵੱਲੋਂ ਵੀ ਵਾਰ-ਵਾਰ ਲਾਰੇ ਲਾ ਕੇ ਇਨ੍ਹਾਂ ਅਧਿਆਪਕਾਂ ਦਾ ਸ਼ੋਸ਼ਣ ਕੀਤਾ ਗਿਆ।
ਪਿਛਲੀ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਨੂੰ ਪ੍ਰੀ-ਪ੍ਰਾਇਮਰੀ ਵਿਚ ਰੈਗੂਲਰ ਅਧਿਆਪਕ ਨਿਯੁਕਤ ਕਰਨ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਵੀ ਬੇਵਫਾ ਹੀ ਨਿਕਲਿਆ। ਹੁਣ ਪੰਜਾਬ ਵਿਚ ਕਾਂਗਰਸ ਸਰਕਾਰ ਆਉੁਣ 'ਤੇ ਇਨ੍ਹਾਂ ਅਧਿਆਪਕਾਂ ਨੂੰ ਬਹੁਤ ਆਸਾਂ ਸਨ ਅਤੇ ਕੈਪ. ਅਮਰਿੰਦਰ ਵੱਲੋਂ ਸਰਕਾਰ ਆਉੁਣ 'ਤੇ ਪੱਕਾ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਸੀ। ਤਿੰਨ ਮਹੀਨੇ ਬੀਤਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲ ਰਿਹਾ।
ਸਰਕਾਰ ਨੂੰ ਸੂਬਾ ਪੱਧਰੀ ਐਕਸ਼ਨ ਦੀ ਚਿਤਾਵਨੀ
ਅੱਜ ਉਪਰੋਕਤ ਅਧਿਆਪਕਾਂ ਨੇ ਆਪਣੇ ਦੁਖੜੇ ਸੁਣਾਉੁਣ ਲਈ ਪਟਿਆਲਾ ਵਿਚ ਸੂਬਾ ਪੱਧਰੀ ਐਕਸ਼ਨ ਕਰ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਆਉੁਣ ਵਾਲੇ ਦਿਨਾਂ ਵਿਚ ਸਾਡੀ ਇੱਕੋ-ਇੱਕ ਰੈਗੂਲਰ ਕਰਨ ਦੀ ਮੰਗ ਨੂੰ ਜਲਦੀ ਤੋਂ ਜਲਦੀ ਅਮਲੀਜਾਮਾ ਨਾ ਪਹਿਨਾਇਆ ਤਾਂ ਅਧਿਆਪਕ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਅਧਿਆਪਕਾਂ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਵੱਲੋਂ ਸਾਡੀਆਂ ਮੰਗਾਂ ਨੂੰ ਜਲਦੀ ਲਾਗੂ ਨਾ ਕੀਤਾ ਗਿਆ ਤਾਂ ਉਹ ਕੁਰਬਾਨੀ ਦੇਣ ਤੋਂ ਹੁਣ ਵੀ ਪਿੱਛੇ ਨਹੀਂ ਹਟਣਗੇ। ਆਗੂਆਂ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੂੰ ਸਿਰਫ 5 ਹਜ਼ਾਰ ਰੁਪਏ ਮਹੀਨਾ ਮਿਲਦਾ ਹੈ। ਅੱਜ ਦੇ ਮਹਿੰਗਾਈ ਦੇ ਸਮੇਂ ਵਿਚ 5 ਹਜ਼ਾਰ ਨਾਲ ਗੁਜ਼ਾਰਾ ਹੋਣਾ ਬੇਹੱਦ ਮੁਸ਼ਕਲ ਹੈ।
ਇਹ ਅਧਿਆਪਕ ਹੋਏ ਸ਼ਾਮਿਲ
ਰੋਹਿਤ ਕੌਸ਼ਲ, ਦਵਿੰਦਰ ਪੂਨੀਆ, ਸਤਿੰਦਰ ਸਿੰਘ, ਵਿਕਰਮ ਦੇਵ, ਮਿੱਠੂ ਖਾਂ, ਵੀਰਪਾਸ ਖੰਨਾ, ਪ੍ਰਵੀਨ ਜੋਗੀਪੁਰ, ਗੁਰਚਰਨ ਸਿੰਘ, ਹਰਦੇਵ ਸਿੰਘ, ਮਨਿੰਦਰਪਾਲ ਸਿੰਘ, ਦੀਪਕ ਅੰਮ੍ਰਿਤਸਰ, ਕੁਲਦੀਪ ਸਿੰਘ, ਹਰਪ੍ਰੀਤ ਕੌਰ ਜਲੰਧਰ, ਅਵਤਾਰ ਸਿੰਘ ਫਰੀਦਕੋਟ, ਬਲਜਿੰਦਰ ਸਿੰਘ, ਕੁਲਵਿੰਦਰ ਕੌਰ, ਰੇਨੂ ਬਾਲਾ, ਜਸ਼ਨਜੋਤ ਕੌਰ, ਦਰਸ਼ਨ ਸਿੰਘ ਤੇ ਨਿਸ਼ਾਂਤ ਕਪੂਰਥਲਾ ਆਦਿ।
ਮੁੱਖ ਮੰਤਰੀ ਨੇ ਬੁਲਾਈ 12 ਨੂੰ ਮੀਟਿੰਗ
ਧਰਨਾ ਚੁਕਵਾਉੁਣ ਲਈ ਥਾਣਾ ਸਦਰ ਦੇ ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਉੁਨ੍ਹਾਂ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨਾਲ ਕਰਵਾਈ। ਮੀਟਿੰਗ ਦੌਰਾਨ ਡੀ. ਸੀ. ਨੇ ਮੁੱਖ ਮੰਤਰੀ ਦੇ ਓ. ਐੱਸ. ਡੀ. ਨਾਲ ਫੋਨ 'ਤੇ ਗੱਲਬਾਤ ਕੀਤੀ। ਇਸ ਤੋਂ ਬਾਅਦ ਯੂਨੀਅਨ ਦੇ ਆਗੂਆਂ ਦੀ 12 ਜੂਨ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਫਿਕਸ ਕਰ ਦਿੱਤੀ ਗਈ।