ਅਧਿਆਪਕਾਂ ਨੂੰ  3 ਮਹੀਨੇ ਤੋਂ ਨਸੀਬ ਨਹੀਂ ਹੋਈ ਤਨਖ਼ਾਹ

02/18/2018 4:26:22 AM

ਹੁਸ਼ਿਆਰਪੁਰ, (ਘੁੰਮਣ)- ਸਰਬ ਸਿੱਖਿਆ ਅਭਿਆਨ, ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਤੇ ਸੈਂਟਰ ਸਪਾਂਸਰਡ ਸਕੀਮ ਤਹਿਤ ਸੇਵਾਵਾਂ ਦੇ ਰਹੇ ਅਧਿਆਪਕਾਂ ਨੇ ਰੈਗੂਲਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਮੁੜ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਆਗੂਆਂ ਕਿਹਾ ਕਿ ਉਨ੍ਹਾਂ ਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹ ਵੀ ਨਸੀਬ ਨਹੀਂ ਹੋਈ। ਇਸੇ ਸਬੰਧ 'ਚ ਅੱਜ ਜ਼ਿਲੇ ਦੇ ਵੱਖ-ਵੱਖ ਸਕੂਲਾਂ ਵਿਚ ਸੇਵਾਵਾਂ ਦੇ ਰਹੇ ਅਧਿਆਪਕਾਂ ਨੇ ਰੋਸ ਵਜੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਕੈਪਟਨ ਸਰਕਾਰ ਦਾ ਵਿਰੋਧ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਸੂਬਾ ਪ੍ਰਧਾਨ ਚੌਧਰੀ ਰਾਮ ਭਜਨ ਨੇ ਦੱਸਿਆ ਕਿ ਉਪਰੋਕਤ ਵਰਗ ਦੇ ਕਰੀਬ 12 ਹਜ਼ਾਰ ਅਧਿਆਪਕ, ਹੈੱਡਮਾਸਟਰ ਤੇ ਲੈਬ ਅਟੈਂਡੈਂਟ ਲੰਬੇ ਸਮੇਂ ਤੋਂ ਸਿੱਖਿਆ ਵਿਭਾਗ 'ਚ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਪ੍ਰੰਤੂ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਰੈਗੂਲਰ ਕੀਤੇ ਜਾਣ ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ। 
10 ਮਾਰਚ ਨੂੰ ਪਟਿਆਲਾ ਵਿਖੇ ਹੋਵੇਗੀ ਮਹਾ ਰੈਲੀ : ਚੌਧਰੀ ਰਾਮ ਭਜਨ ਨੇ ਦੱਸਿਆ ਕਿ 25 ਫਰਵਰੀ ਤੱਕ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿਚ ਜ਼ਿਲਾ ਪੱਧਰ ਦੀਆਂ ਰੈਲੀਆਂ ਕੀਤੀਆਂ ਜਾਣਗੀਆਂ ਅਤੇ 10 ਮਾਰਚ ਨੂੰ ਪਟਿਆਲਾ ਵਿਖੇ ਮਹਾ ਰੈਲੀ ਹੋਵੇਗੀ, ਜਿਸ ਵਿਚ ਸੂਬੇ ਭਰ ਤੋਂ ਵੱਡੀ ਗਿਣਤੀ 'ਚ ਉਕਤ ਅਧਿਆਪਕ ਸ਼ਾਮਲ ਹੋਣਗੇ। ਪਟਿਆਲਾ ਰੈਲੀ ਦੌਰਾਨ ਸੰਘਰਸ਼ ਦੀ ਅਗਲੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ।