ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਫੂਕੀ ਅਰਥੀ

03/12/2018 6:53:23 AM

ਅੰਮ੍ਰਿਤਸਰ,   (ਦਲਜੀਤ)-  ਪਿਛਲੇ 9 ਸਾਲਾਂ ਤੋਂ ਠੇਕੇ 'ਤੇ ਕੰਮ ਕਰਦੇ ਐੱਸ. ਐੱਸ. ਏ./ਰਮਸਾ ਅਧਿਆਪਕਾਂ ਤੇ ਪਿਕਟਸ ਸੋਸਾਇਟੀ ਅਧੀਨ ਰੈਗੂਲਰ ਤੌਰ 'ਤੇ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ 'ਚ ਰੈਗੂਲਰ ਕਰਨ ਦੇ ਨਾਂ 'ਤੇ 3 ਸਾਲਾਂ ਲਈ ਤਨਖਾਹ 'ਤੇ 75 ਫੀਸਦੀ ਕੱਟ ਲਾਉਣ ਦੇ ਫੈਸਲੇ ਖਿਲਾਫ ਅਧਿਆਪਕ ਵਰਗ ਭੜਕ ਉਠਿਆ ਤੇ ਅੱਜ ਸ਼ਹਿਰ 'ਚ ਸਰਕਾਰ ਖਿਲਾਫ ਵਿਸ਼ਾਲ ਰੋਸ ਮਾਰਚ ਕੱਢਦਿਆਂ ਪੰਜਾਬ ਸਰਕਾਰ ਦੀ ਅਰਥੀ ਨੂੰ ਲਾਂਬੂ ਲਾਇਆ ਗਿਆ। ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਦੇ ਦਫਤਰ ਬਾਹਰ ਰੋਸ ਪ੍ਰਗਟ ਕਰਦਿਆਂ ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਰਜਿੰਦਰ ਕਲੇਰ ਨੇ ਕਿਹਾ ਕਿ ਕਾਂਗਰਸ ਸਰਕਾਰ ਵਿੱਤੀ ਸੰਕਟ ਦਾ ਬਹਾਨਾ ਬਣਾ ਕੇ ਲੰਮੇ ਸਮੇਂ ਤੋਂ ਠੇਕੇ ਦਾ ਸੰਤਾਪ ਭੋਗ ਰਹੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਬਹਾਨੇ ਤਨਖਾਹ 'ਤੇ 75 ਫੀਸਦੀ ਕੱਟ ਮਾਰਨਾ ਚਾਹੁੰਦੀ ਹੈ, ਜਿਸ ਨੂੰ ਉਹ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ 2012 'ਚ ਮੋਹਾਲੀ ਵਿਖੇ 18 ਦਿਨ ਮਰਨ ਵਰਤ ਰੱਖ ਕੇ ਜਥੇਬੰਦੀ ਨੇ ਸਮੇਂ ਦੀ ਸਰਕਾਰ ਤੋਂ ਬੀ. ਐੱਡ. ਅਧਿਆਪਕਾਂ ਦੇ ਬਰਾਬਰ ਤਨਖਾਹ ਸਕੇਲ ਲਾਗੂ ਕਰਵਾਇਆ ਸੀ, ਜਿਸ 'ਤੇ ਮੌਜੂਦਾ ਸਰਕਾਰ 6 ਸਾਲ ਬਾਅਦ 75 ਫੀਸਦੀ ਕੱਟ 3 ਸਾਲ ਲਈ ਲਾਉਣ ਦੀ ਮਾਰੂ ਨੀਤੀ ਲਾਗੂ ਕਰਨ 'ਤੇ ਬਜ਼ਿੱਦ ਹੈ, ਅਜਿਹਾ ਕਰ ਕੇ ਸਰਕਾਰ ਜਿਥੇ ਅਧਿਆਪਕਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੌਰ ਕੇ ਨੌਜਵਾਨੀ ਦਾ ਘਾਣ ਕਰਨ 'ਤੇ ਤੁਲੀ ਹੋਈ ਹੈ, ਉਥੇ ਸਰਕਾਰੀ ਸਿੱਖਿਆ ਤੇ ਸਕੂਲਾਂ ਦਾ ਭੋਗ ਪਾ ਕੇ ਗਰੀਬ ਪਰਿਵਾਰਾਂ ਦੇ ਬੱਚਿਆਂ ਤੋਂ ਸਿੱਖਿਆ ਦਾ ਮੁੱਢਲਾ ਅਧਿਕਾਰ ਖੋਹ ਰਹੀ ਹੈ।  ਇਸ ਸਮੇਂ ਕੰਪਿਊਟਰ ਅਧਿਆਪਕ ਯੂਨੀਅਨ ਦੇ ਜ਼ਿਲਾ ਪ੍ਰਧਾਨ ਵਿਕਾਸ ਕੁਮਾਰ ਨੇ ਕਿਹਾ ਕਿ ਕੰਪਿਊਟਰ ਅਧਿਆਪਕ ਪਹਿਲਾਂ ਹੀ 2011 'ਚ ਪਿਕਟਸ ਸੋਸਾਇਟੀ ਅਧੀਨ ਰੈਗੂਲਰ ਤੌਰ 'ਤੇ ਕੰਮ ਕਰ ਰਹੇ ਹਨ ਪਰ ਪੰਜਾਬ ਸਰਕਾਰ ਸਿੱਖਿਆ ਵਿਭਾਗ ਨੂੰ ਮਰਜ ਕਰਨ ਲਈ ਉਨ੍ਹਾਂ ਦੀਆਂ ਤਨਖਾਹਾਂ 'ਤੇ 75 ਫੀਸਦੀ ਦਾ ਕੱਟ ਮਾਰ ਕੇ ਰੈਗੂਲਰ ਕਰਨ ਦੇ ਨਾਂ 'ਤੇ ਵੱਡਾ ਕੁਹਾੜਾ ਚਲਾ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਤੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।  ਭਰਾਤਰੀ ਜਥੇਬੰਦੀਆਂ ਦੇ ਸ਼ਾਮਲ ਆਗੂਆਂ ਅਸ਼ਵਨੀ ਅਵਸਥੀ (ਡੀ. ਟੀ. ਐੱਫ.), ਸੁੱਚਾ ਸਿੰਘ (ਜੀ. ਟੀ. ਯੂ.), ਅਮਨ ਕੁਮਾਰ ਕੰਪਿਊਟਰ ਟੀਚਰ ਯੂਨੀਅਨ, ਵਿਕਾਸ ਕੁਮਾਰ ਐੱਸ. ਐੱਸ. ਏ. ਨਾਨ-ਟੀਚਿੰਗ ਯੂਨੀਅਨ, ਬਖਤੌਰ ਧਾਲੀਵਾਲ, ਆਦਰਸ਼ ਮਾਡਲ ਸਕੂਲ ਤੇ ਲਵਲੀਨ ਫਤਿਹਪੁਰ ਨੇ ਕਿਹਾ ਕਿ ਰੈਗੂਲਰ ਦੇ ਨਾਂ 'ਤੇ ਅਧਿਆਪਕਾਂ ਦੀਆਂ ਤਨਖਾਹਾਂ 'ਤੇ ਕੱਟ ਲਾਉਣ ਦੀ ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀ ਨੂੰ ਉਹ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦੇਣਗੇ ਤੇ ਠੇਕਾ ਅਧਿਆਪਕਾਂ ਨਾਲ ਸੰਘਰਸ਼ ਦੇ ਮੈਦਾਨ 'ਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।  ਇਸ ਸਮੇਂ ਮੈਡਮ ਗੀਤਿਕਾ, ਜਸਪ੍ਰੀਤ ਸਿੰਘ, ਧੀਰਜ ਕੁਮਾਰ, ਹਰਦੀਪ ਸਿੰਘ, ਦਵਿੰਦਰ ਸਿੰਘ, ਜਗਦੀਸ਼ ਸਿੰਘ ਆਦਿ ਹਾਜ਼ਰ ਸਨ।