ਅਧਿਆਪਕਾਂ ਨੇ ਦੂਜੇ ਦਿਨ ਵੀ ਕੀਤਾ ਕਲਾਸਾਂ ਦਾ ਬਾਈਕਾਟ

08/12/2017 6:26:48 AM

ਪਟਿਆਲਾ, (ਜੋਸਨ)- ਪੰਜਾਬੀ ਯੂਨੀਵਰਸਿਟੀ ਦੇ ਨਾਲ ਇਸ ਦੇ ਕਾਲਜ ਵੀ ਘੋਰ ਵਿੱਤੀ ਸੰਕਟ ਵਿਚ ਚੱਲ ਰਹੇ ਹਨ। ਯੂਨੀਵਰਸਿਟੀ ਕਾਲਜ ਮੀਰਾਂਪੁਰ ਤੇ ਘਨੌਰ ਦੇ ਕੰਟਰੈਕਟ ਅਧਿਆਪਕਾਂ ਅਤੇ ਇੰਸਟਰੱਕਟਰਾਂ ਨੇ ਲਗਾਤਾਰ 5 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਰੋਸ ਵਜੋਂ ਕਾਲਸਾਂ ਦਾ ਬਾਈਕਾਟ ਕੀਤਾ ਤੇ ਜ਼ੋਰਦਾਰ ਧਰਨੇ ਲਾਏ। ਅੱਜ ਅਧਿਆਪਕਾਂ ਨੇ ਦੂਜੇ ਦਿਨ ਵੀ ਕਲਾਸਾਂ ਦਾ ਬਾਈਕਾਟ ਕੀਤਾ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਉਹ ਰੋਜ਼ੀ-ਰੋਟੀ ਤੋਂ ਵੀ ਮੁਥਾਜ ਹੋਏ ਪਏ ਹਨ। ਇਹ ਅਧਿਆਪਕ ਇਸ ਤੋਂ ਪਹਿਲਾਂ ਆਪਣੇ ਕਾਲਜ ਦੇ ਪ੍ਰਿੰਸੀਪਲ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਮਿਲ ਕੇ ਇਸ ਸਬੰਧ ਵਿਚ ਲਗਾਤਾਰ ਬੇਨਤੀ ਕਰਦੇ ਆ ਰਹੇ ਹਨ, ਜਿਸ ਦਾ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੋਈ ਢੁਕਵਾਂ ਹੱਲ ਨਹੀਂ ਲੱਭਿਆ। ਅਧਿਆਪਕਾਂ ਵਿਚ ਰੋਸ ਹੈ ਕਿ ਉਨ੍ਹਾਂ ਨੂੰ ਯੂਨੀਵਰਸਿਟੀ ਯੋਗਤਾ ਅਤੇ ਕੰਮ ਦੇ ਆਧਾਰ 'ਤੇ ਰੈਗੂਲਰ ਕਰਨ ਦੀ ਬਜਾਏ ਨਿਗੂਣੀ ਤਨਖ਼ਾਹ ਵੀ ਸਮੇਂ ਸਿਰ ਨਹੀਂ ਦੇ ਰਹੀ ਹੈ।  ਯੂਨੀਵਰਸਿਟੀ ਪ੍ਰਸ਼ਾਸਨ ਆਪਣੇ ਹਿਤਾਂ ਅਨੁਸਾਰ ਆਪਣੇ ਚਹੇਤੇ ਰੈਗੂਲਰ ਅਧਿਆਪਕਾਂ ਦਾ ਤਬਾਦਲਾ ਕਰ ਰਿਹਾ ਹੈ, ਜਿਸ ਨਾਲ ਕੰਟਰੈਕਟ ਆਧਾਰ 'ਤੇ ਕੰਮ ਕਰ ਰਹੇ ਅਧਿਆਪਕਾਂ ਦਾ ਭਵਿੱਖ ਖਤਮ ਕੀਤਾ ਜਾ ਰਿਹਾ ਹੈ। ਧਰਨੇ 'ਤੇ ਬੈਠੇ ਅਧਿਆਪਕਾਂ ਡਾ. ਰਵਿੰਦਰ ਸਿੰਘ ਅਤੇ ਡਾ. ਤਰਨਜੀਤ ਕੌਰ ਨੇ ਕਿਹਾ ਹੈ ਕਿ ਯੂਨੀਵਰਸਿਟੀ ਦੇ ਮਤਰੇਏ ਵਿਹਾਰ ਕਾਰਨ ਸਾਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ ਹੈ। 
ਇਸ ਸਮੇਂ ਪ੍ਰੋ. ਪੁਸ਼ਪਿੰਦਰ ਸਿੰਘ, ਪ੍ਰੋ. ਵਰਿੰਦਰ ਸਿੰਘ, ਡਾ. ਸੰਜੀਵ ਕੁਮਾਰ, ਪੋ. ਮਨਜੀਤ ਸਿੰਘ, ਪ੍ਰੋ. ਗੁਰਵਿੰਦਰ ਸਿੰਘ, ਡਾ. ਇੰਦਰਜੀਤ ਕੌਰ, ਪ੍ਰੋ. ਸਰਬਜੀਤ ਕੌਰ, ਪੋ. ਸਰਵਜੀਤ ਕੌਰ,  ਪੁਨੀਤ ਕੌਰ, ਗੁਰਤੇਜ ਸਿੰਘ ਅਤੇ ਅਮਨਦੀਪ ਕੌਰ ਹਾਜ਼ਰ ਸਨ।