ਅਧਿਆਪਕਾਂ ਨੇ ਫਿਰ ਨੱਪੀ ਸਿੱਖਿਆ ਮੰਤਰੀ ਦੀ ਪੈੜ, ਸਮਾਗਮ ’ਚ ਦਾਖਲ ਹੋ ਕੇ ਕੀਤੀ ਨਾਅਰੇਬਾਜ਼ੀ

08/31/2021 6:09:34 PM

 ਭਵਾਨੀਗੜ੍ਹ (ਵਿਕਾਸ): ਸੂਬੇ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਲਗਾਤਾਰ ਬੇਰੁਜ਼ਗਾਰ ਅਧਿਆਪਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗਲਵਾਰ ਨੂੰ ਵੀ ਨੇੜਲੇ ਪਿੰਡ ਭੱਟੀਵਾਲ ਕਲਾਂ 'ਚ ਪੈਨਸ਼ਨ ਵੰਡ ਸਮਾਗਮ 'ਚ ਆਏ ਸਿੱਖਿਆ ਮੰਤਰੀ ਨੂੰ ਬੇਰੁਜ਼ਗਾਰ ਅਧਿਆਪਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਆਪਣੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕ ਅੱਜ ਪੁਲਸ ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਗੁਪਤ ਤਰੀਕੇ ਨਾਲ ਸਿੱਖਿਆ ਮੰਤਰੀ ਦੇ ਪ੍ਰੋਗਰਾਮ ’ਚ ਆਮ ਲੋਕਾਂ ਵਾਂਗ ਸ਼ਾਮਲ ਹੋਣ 'ਚ ਸਫਲ ਰਹੇ ਤੇ ਜਿਵੇਂ ਹੀ ਸਿੰਗਲਾ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਪੰਡਾਲ ’ਚ ਉੱਠ ਕੇ ਬੇਰੁਜ਼ਗਾਰ ਬੀ.ਐੱਡ ਟੈੱਟ ਪਾਸ ਯੂਨੀਅਨ ਦੇ ਤਿੰਨ ਆਗੂਆਂ ਨੇ ਸਿੱਖਿਆ ਮੰਤਰੀ ਤੇ ਲੋਕਾਂ ਸਾਹਮਣੇ ਹੀ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਨੂੰ ਹੱਥਾਂ ਪੈਰਾ ਦੀ ਪੈ ਗਈ ਤੇ ਪੁਲਸ ਨੇ ਅਧਿਆਪਕ ਦੀ ਖਿੱਚ ਧੂਹ ਕਰਕੇ ਪੰਡਾਲ ਤੋਂ ਬਾਹਰ ਲੈ ਗਈ।

ਇਹ ਵੀ ਪੜ੍ਹੋ :  ਮੁੱਖ ਮੰਤਰੀ ਖੱਟੜ 'ਤੇ ਵਰ੍ਹੇ ਰਾਜੇਵਾਲ, ਕੈਪਟਨ ਨੂੰ ਬਰਫੀ ਖਵਾਉਣ ਵਾਲੇ ਬਿਆਨ ਦਾ ਦਿੱਤਾ ਮੋੜਵਾਂ ਜੁਆਬ

ਪੁਲਸ ਨੇ ਅੱਜ ਸਿੱਖਿਆ ਮੰਤਰੀ ਦੇ ਘਿਰਾਓ ਦਾ ਪ੍ਰੋਗਰਾਮ ਉਲੀਕਣ ਵਾਲੇ ਰਾਜਕਿਰਨ ਕੌਰ, ਨਰਪਿੰਦਰ ਕੌਰ, ਗੁਰਦੀਪ ਕੌਰ ਬਠਿੰਡਾ, ਗੁਰਪ੍ਰੀਤ ਮਲੇਰਕੋਟਲਾ, ਲਖਵੀਰ ਕੌਰ, ਹਰਦੀਪ ਮਲੇਰਕੋਟਲਾ, ਪਲਵਿੰਦਰ ਸਿੰਘ, ਪ੍ਰਸੋਤਮ ਸਿੰਘ, ਗੁਰਦੀਪ ਸਿੰਘ, ਗੁਰਮੇਲ ਬਰਗਾੜੀ, ਸੁਰਿੰਦਰ ਸਿੰਘ, ਕ੍ਰਿਸ਼ਨ ਸਿੰਘ ਆਦਿ ਨੂੰ ਕਾਬੂ ਕਰਕੇ ਭਵਾਨੀਗੜ੍ਹ ਥਾਣੇ ਡੱਕ ਦਿੱਤਾ। ਇੱਥੇ ਦਿਲਚਸਪ ਰਿਹਾ ਕਿ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦਾ ਲਗਾਤਾਰ ਵਿਰੋਧ ਕਰਨ ਦੇ ਮੱਦੇਨਜ਼ਰ ਪੁਲਸ ਪ੍ਰਸ਼ਾਸਨ ਦੇ ਵੱਲੋਂ ਸਮਾਗਮ ਸਥਾਨ ਨੂੰ ਪੁਲਸ ਛਾਉਣੀ 'ਚ ਤਬਦੀਲ ਕਰਨ ਅਤੇ ਹਰੇਕ ਵਿਅਕਤੀ ਦੀ ਬਾਰੀਕੀ ਨਾਲ ਸ਼ਨਾਖਤ ਕਰਕੇ ਪ੍ਰੋਗਰਾਮ 'ਚ ਜਾਣ ਦੇਣ ਦੇ ਬਾਵਜੂਦ ਪ੍ਰਦਰਸ਼ਨਕਾਰੀ ਅਧਿਆਪਕ ਸਿੱਖਿਆ ਮੰਤਰੀ ਦੇ ਸਮਾਗਮ ਅੰਦਰ ਪਹੁੰਚਣ ਵਿੱਚ ਸਫਲ ਹੋ ਗਏ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਿੰਡ ਫੱਗੂਵਾਲਾ ਅਤੇ ਕਾਕੜਾ ਵਿੱਚ ਵੀ  ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਪ੍ਰੋਗਰਾਮ ਵਿਚ ਵੜਨ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਨੂੰ ਪੁਲਸ ਨੇ ਪਹਿਲਾਂ ਹੀ ਕਾਬੂ ਕਰ ਲਿਆ ਸੀ ਅਤੇ ਅੱਜ ਇਹ ਤੀਸਰਾ ਮੌਕਾ ਸੀ ਜਦੋਂ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਵਿਰੋਧ ਕੀਤਾ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਸਿੱਖਿਆ ਮੰਤਰੀ ਦੇ ਸਮਾਗਮਾਂ 'ਚ ਪਹੁੰਚ ਕੇ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ :  ਦੁਖ਼ਦਾਇਕ ਖ਼ਬਰ: ਟਿਕਰੀ ਬਾਰਡਰ ਤੋਂ ਪਰਤਦੇ ਕਿਸਾਨ ਦੀ ਰੇਲ ਹਾਦਸੇ ’ਚ ਮੌਤ 

Shyna

This news is Content Editor Shyna