ਅਧਿਆਪਕ ਦਲ ਆਗੂਆਂ ਨੇ ਡੀ. ਈ. ਓ. (ਐਲੀ.) ਨੂੰ ਮੰਗ-ਪੱਤਰ ਸੌਂਪਿਆ

10/24/2017 12:19:19 PM

ਕਪੂਰਥਲਾ(ਮੱਲ੍ਹੀ)— ਪੰਜਾਬ ਸਰਕਾਰ ਵੱਲੋਂ 20 ਤੋਂ ਘੱਟ ਵਿਦਿਆਰਥੀਆਂ ਵਾਲੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਕੇ ਉਨ੍ਹਾਂ 'ਚ ਪੜ੍ਹਦੇ ਬੱਚਿਆਂ ਨੂੰ ਨੇੜਲੇ ਸਕੂਲ 'ਚ ਸ਼ਿਫਟ ਕਰਨ ਦੇ ਲਏ ਫੈਸਲੇ ਦੇ ਵਿਰੋਧ 'ਚ ਸੋਮਵਾਰ ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੇ ਅਹੁਦੇਦਾਰਾਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਦੇ ਨਾਂ ਡੀ. ਈ. ਓ. (ਐਲੀ.) ਕਪੂਰਥਲਾ ਗੁਰਚਰਨ ਸਿੰਘ ਨੂੰ ਲਿਖਤੀ ਮੰਗ ਪੱਤਰ ਸੌਂਪਿਆ। ਯੂਨੀਅਨ ਦੇ ਜ਼ਿਲਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਰਾਜੇਸ਼ ਜੌਲੀ, ਗੁਰਮੁਖ ਸਿੰਘ ਬਾਬਾ, ਮਨਜਿੰਦਰ ਸਿੰਘ ਧੰਜੂ, ਦਵਿੰਦਰ ਵਾਲੀਆ, ਦੀਪਕ ਆਨੰਦ, ਰਮੇਸ਼ ਭੇਟਾਂ, ਸੁਰਜੀਤ ਸਿੰਘ, ਅਮਰੀਕ ਸਿੰਘ ਮੰਗੂਪੁਰ ਅਤੇ ਮੁਖਤਾਰ ਲਾਲ ਆਦਿ ਨੇ ਲਿਖਤੀ ਮੰਗ-ਪੱਤਰ ਰਾਹੀਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਪੰਜਾਬ ਦੇ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ, 1600 ਦੇ ਕਰੀਬ ਪ੍ਰਾਇਮਰੀ ਸਕੂਲ ਅਧਿਆਪਕਾਂ ਦੀਆਂ ਪੋਸਟਾਂ ਨੂੰ ਬਰਕਰਾਰ ਰੱਖਿਆ ਜਾਵੇ ਤੇ 1000 ਤੋਂ ਵੱਧ ਉਕਤ ਸਕੂਲਾਂ 'ਚ ਮਿਡ-ਡੇ-ਮੀਲ ਬਣਾ ਰਹੀਆਂ ਕੁੱਕਾਂ ਨੂੰ ਬੇਰੁਜ਼ਗਾਰ ਨਾ ਕੀਤਾ ਜਾਵੇ। ਆਗੂ ਅਧਿਆਪਕਾਂ ਨੇ ਕਿਹਾ ਕੈਪਟਨ ਸਰਕਾਰ ਦਾ ਉਕਤ ਫੈਸਲਾ ਪ੍ਰਾਇਮਰੀ ਸਿੱਖਿਆ ਮਾਰੂ ਫੈਸਲਾ ਤੁਰੰਤ ਵਾਪਸ ਲਿਆ ਜਾਵੇ, ਕਿਉਂਕਿ ਅਜਿਹਾ ਹੋਣ ਨਾਲ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਦੂਰ-ਦੁਰਾਡੇ ਜਾਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਅਜਿਹਾ ਹੋਣ ਨਾਲ ਹਰੇਕ ਪਿੰਡ ਪ੍ਰਾਇਮਰੀ ਸਿੱਖਿਆ ਦਾ ਪਸਾਰ ਕਰਨ ਦੀ ਨੀਤੀ ਨੂੰ ਵੀ ਢਾਅ ਲੱਗੇਗੀ। 
ਅਧਿਆਪਕ ਆਗੂ ਅਮਨ ਸੂਦ, ਸ਼ਿਵਮ, ਗੁਰਮੁਖ ਸਿੰਘ ਬਡਿਆਲ, ਰਾਜੇਸ਼ ਸ਼ਰਮਾ, ਰੌਸ਼ਨ ਲਾਲ, ਕਮਲਜੀਤ ਸਿੰਘ, ਸਰਬਜੀਤ ਸਿੰਘ, ਬਿਕਰਮਜੀਤ ਸਿੰਘ, ਸੁਰਿੰਦਰ ਕੁਮਾਰ, ਅਰਵਿੰਦ ਭਰੋਥ ਤੇ ਰਣਜੀਤ ਸਿੰਘ ਆਦਿ ਨੇ ਕਿਹਾ ਕਿ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਜੇ ਕੈਪਟਨ ਸਰਕਾਰ ਨੇ ਤੁਰੰਤ ਵਾਪਸ ਨਾ ਲਿਆ ਤਾਂ ਜਥੇਬੰਦੀ ਹਮ-ਖਿਆਲੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵਿਰੁੱਧ ਇਕਜੁੱਟ ਹੋ ਕੇ ਸੰਘਰਸ਼ ਆਰੰਭਣਗੇ, ਜਿਸ ਦੀ ਜ਼ਿੰਮੇਵਾਰੀ ਕੈਪਟਨ ਸਰਕਾਰ ਦੀ ਹੋਵੇਗੀ।