ਅਧਿਆਪਕ ਨੇ 4 ਸਾਲਾ ਬੱਚੇ ਦੀ ਬੇਰਿਹਮੀ ਨਾਲ ਕੀਤੀ ਕੁੱਟਮਾਰ, ਹਸਪਤਾਲ ’ਚ ਹਾਲਤ ਗੰਭੀਰ

05/05/2022 4:55:03 PM

ਮੁਕਤਸਰ (ਕੁਲਦੀਪ ਰਿਣੀ) :  ਸਰਕਾਰੀ ਪ੍ਰਾਇਮਰੀ ਸਕੂਲ ਸੱਕਾਵਾਲੀ ਦੇ ਅਧਿਆਪਕ ਵਲੋਂ 4 ਸਾਲ ਦੇ ਬੱਚੇ ਦੇ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਕਥਿਤ ਦੋਸ਼ ਲੱਗੇ ਹਨ। ਬੱਚੇ ਨੂੰ ਹਸਪਤਾਲ 'ਚ ਦਾਖਲ ਕਰਵਾਉਣ ਦੀ ਨੌਬਤ ਆ ਗਈ। ਬੱਚੇ ਦੇ ਪਿਤਾ ਕੁਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਮਈ ਨੂੰ ਸੱਕਾਂਵਾਲੀ ਪ੍ਰਾਇਮਰੀ ਸਕੂਲ ਵਿਖੇ ਮਾਸਟਰ ਵਲੋਂ ਉਸ ਦੇ 4 ਸਾਲ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ, ਜਦੋਂ ਉਹ ਆਪਣੇ ਬੱਚੇ ਸੁਖਬੀਰ ਸਿੰਘ ਨੂੰ ਸਕੂਲੋਂ ਲੈਣ ਗਿਆ ਤਾਂ ਬੱਚੇ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਸੀ ਅਤੇ ਬੱਚੇ ਦੇ ਮੂੰਹ ’ਤੇ ਥੱਪੜਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਉਸ ਵਲੋਂ ਬੱਚੇ ਨੂੰ ਕੁੱਟਣ ਬਾਰੇ ਮਾਸਟਰ ਤੋਂ ਪੁੱਛਿਆ ਗਿਆ ਤਾਂ ਉਸ ਵਲੋਂ ਉਸਨੂੰ ਵੀ ਬੁਰਾ ਭਲਾ ਬੋਲਿਆ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਭਾਜਪਾ ਦਾ 'ਆਪ' ਖ਼ਿਲਾਫ਼ ਹੱਲਾ ਬੋਲ

ਇਸ ਉਪਰੰਤ ਬੱਚੇ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦਾਖਲ ਕਰਵਾਇਆ, ਜਿਸ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਬੱਚੇ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਬੱਚੇ ਦੇ ਪਰਿਵਾਰ ਨੇ ਮੁੱਖ ਮੰਤਰੀ ਪਾਸੋਂ ਅਧਿਆਪਕ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਬੱਚੇ ਦਾ ਇਲਾਜ ਕਰਵਾਉਣ ਲਈ ਬੇਨਤੀ ਕੀਤੀ ਹੈ। ਬੱਚੇ ਨੂੰ ਦੌਰੇ ਪੈਣ ਕਰ ਕੇ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਰੈਫ਼ਰ ਕੀਤਾ ਗਿਆ ਹੈ, ਉੱਥੇ ਹੀ ਬੱਚੇ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਥਾਣਾ ਬਰੀਵਾਲਾ ਦੇ ਐੱਸ.ਐੱਚ. ਓ ਰਵਿੰਦਰ ਕੌਰ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਸ਼ਿਕਾਇਤ ਤਾਂ ਪ੍ਰਾਪਤ ਹੋਈ ਹੈ ਇਸ ਬਾਰੇ ਤਫਤੀਸ਼ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Meenakshi

This news is News Editor Meenakshi