15 ਅਧਿਆਪਕਾਂ ਦੀਆਂ ਨਿਯੁਕਤੀਆਂ ਦਾ ਸਾਰਾ ਰਿਕਾਰਡ ਅਦਾਲਤ ਵੱਲੋਂ ਤਲਬ

04/18/2018 6:12:32 PM

ਰੂਪਨਗਰ (ਕੈਲਾਸ਼)— ਜ਼ਿਲਾ ਅਤੇ ਸੈਸ਼ਨ ਜੱਜ ਬੀ. ਐੱਸ. ਸੰਧੂ ਨੇ ਸਥਾਨਕ ਸ਼ਿਵਾਲਿਕ ਪਬਲਿਕ ਸਕੂਲ 'ਚ ਹੋਈਆਂ 15 ਨਿਯੁਕਤੀਆਂ ਦੇ ਸਬੰਧ 'ਚ ਸਾਰਾ ਰਿਕਾਰਡ ਤਲਬ ਕਰ ਲਿਆ ਹੈ। ਮਾਣਯੋਗ ਜੱਜ ਬੀ. ਐੱਸ. ਸੰਧੂ ਨੇ ਮੰਗਲਵਾਰ ਡੀ. ਸੀ. ਰੂਪਨਗਰ ਗੁਰਨੀਤ ਤੇਜ ਕਮ ਚੇਅਰਪਰਸਨ ਮੈਨੇਜਿੰਗ ਕਮੇਟੀ ਸ਼ਿਵਾਲਿਕ ਪਬਲਿਕ ਸਕੂਲ, ਸੈਕਟਰੀ ਸਕੂਲ ਅਤੇ ਪ੍ਰਿੰਸੀਪਲ ਸਕੂਲ ਨੂੰ ਨੋਟਿਸ ਜਾਰੀ ਕਰ ਕੇ 9 ਅਪ੍ਰੈਲ 2018 ਨੂੰ ਹੋਈ ਇੰਟਰਵਿਊ ਜਿਸ 'ਚ ਸਕੂਲ ਲਈ 15 ਅਧਿਆਪਕ ਅਤੇ ਹੋਰ ਸਟਾਫ ਭਰਤੀ ਕੀਤਾ ਗਿਆ ਸੀ, ਸਾਰੇ ਉਮੀਦਵਾਰਾਂ ਦਾ ਰਿਕਾਰਡ ਤਲਬ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਤੋਂ ਪਹਿਲਾਂ ਇਕ ਅਧਿਆਪਕ ਉਮੀਦਵਾਰ ਅਪ੍ਰੀਤ ਕੌਰ ਸਪੁੱਤਰੀ ਭਾਗ ਸਿੰਘ ਸਾਬਕਾ ਕਾਂਗਰਸੀ ਵਿਧਾਇਕ ਚਮਕੌਰ ਸਾਹਿਬ ਨੇ ਸਾਰੀਆਂ ਨਿਯੁਕਤੀਆਂ ਨੂੰ ਚੈਲੰਜ ਕੀਤਾ ਸੀ ਪਰ ਹੇਠਲੀ ਅਦਾਲਤ ਨੇ ਕੇਵਲ ਦੋ ਨਿਯੁਕਤੀਆਂ ਦੇ ਸਬੰਧ 'ਚ ਸਟੇਅ ਆਰਡਰ ਜਾਰੀ ਕਰ ਦਿੱਤਾ ਸੀ ਪਰ ਉਕਤ ਉਮੀਦਵਾਰ ਅਦਾਲਤ ਦੇ ਇਸ ਫੈਸਲੇ ਤੋਂ ਸੰਤੁਸ਼ਟ ਨਹੀਂ ਹੋਈ ਅਤੇ ਉਨ੍ਹਾਂ ਹੇਠਲੀ ਅਦਾਲਤ ਦੇ ਫੈਸਲੇ ਨੂੰ ਜ਼ਿਲਾ ਅਤੇ ਸੈਸ਼ਨ ਜੱਜ ਰੂਪਨਗਰ ਦੀ ਅਦਾਲਤ 'ਚ ਚੁਣੌਤੀ ਦੇ ਦਿੱਤੀ ਅਤੇ ਮਾਣਯੋਗ ਅਦਾਲਤ ਨੇ ਉਕਤ ਕਾਰਵਾਈ ਕਰ ਦਿੱਤੀ। ਇਸ ਦੇ ਨਾਲ ਹੀ ਹੇਠਲੀ ਅਦਾਲਤ ਦੇ ਜੱਜ ਮਾਣਯੋਗ ਤੁਰਨਪ੍ਰੀਤ ਸਿੰਘ ਨੇ ਦੋ ਅਧਿਆਪਕਾਂ ਦੀ ਨਿਯੁਕਤੀ 'ਤੇ 21 ਅਪ੍ਰੈਲ ਤੱਕ ਰੋਕ ਵਧਾ ਦਿੱਤੀ ਹੈ। ਮੰਗਲਵਾਰ ਇਸ ਅਦਾਲਤ 'ਚ ਡਿਪਟੀ ਕਮਿਸ਼ਨਰ ਅਤੇ ਹੋਰ ਵਿਅਕਤੀਆਂ ਵੱਲੋਂ ਉਮੀਦਵਾਰ ਦੀ ਅਰਜ਼ੀ ਦਾ ਉੱਤਰ ਦਾਖਲ ਕਰ ਦਿੱਤਾ ਹੈ। ਜਿਸ 'ਤੇ ਅਗਲੀ ਤਾਰੀਖ ਪੇਸ਼ੀ 'ਤੇ ਵਿਚਾਰ ਹੋਵੇਗਾ। 
ਅਧਿਆਪਕਾਂ ਦੀ ਭਰਤੀ ਦਾ ਮਾਮਲਾ ਗਰਮਾਇਆ : ਸੂਤਰਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਹੈ ਕਿ ਅਧਿਆਪਕਾਂ ਦੀ ਨਿਯੁਕਤੀ ਸਬੰਧੀ ਮਾਮਲਾ ਅਦਾਲਤ 'ਚ ਗਿਆ ਅਤੇ ਇਸ 'ਤੇ ਵਿਵਾਦ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਜਿਸ ਦੇ ਕਾਰਨ ਚਰਚਾ ਦਾ ਬਾਜ਼ਾਰ ਗਰਮਾਉਂਦਾ ਜਾ ਰਿਹਾ ਹੈ।