ਸ਼ਹਿਰ ''ਚ ਬਹੁਤੇ ਟੈਕਸੀ ਸਟੈਂਡ ਨਾਜਾਇਜ਼, ਨਿਗਮ ਨਹੀਂ ਕਰ ਰਿਹਾ ਕੋਈ ਕਾਰਵਾਈ

10/01/2017 1:09:00 PM


ਚੰਡੀਗੜ੍ਹ (ਰਾਏ)- ਚੰਡੀਗੜ੍ਹ ਵਿਚ ਦਿਨੋ-ਦਿਨ ਵਧ ਰਹੇ ਨਾਜਾਇਜ਼ ਟੈਕਸੀ ਸਟੈਂਡਾਂ ਨੂੰ ਰੋਕਣ ਲਈ ਨਗਰ ਨਿਗਮ ਯੋਜਨਾਵਾਂ ਤਾਂ ਬਣਾਉਂਦਾ ਹੈ ਪਰ ਉਨ੍ਹਾਂ 'ਤੇ ਅਮਲ ਸ਼ਾਇਦ ਹੀ ਕਦੇ ਹੋਇਆ ਹੈ। ਹੁਣ ਨਿਗਮ ਨੇ ਫੈਸਲਾ ਲਿਆ ਹੈ ਕਿ ਸ਼ਹਿਰ ਦੇ ਸਾਰੇ ਟੈਕਸੀ ਸਟੈਂਡਾਂ ਦਾ ਸਰਵੇ ਕਰਵਾਇਆ ਜਾਵੇਗਾ ਤੇ ਦੁਬਾਰਾ ਅਲਾਟ ਕੀਤਾ ਜਾਵੇਗਾ। ਸ਼ਹਿਰ ਵਿਚ ਵਰਤਮਾਨ ਵਿਚ ਜਿੰਨੇ ਵੀ ਟੈਕਸੀ ਸਟੈਂਡ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਨੇ ਨਿਗਮ ਦੀ ਇਜਾਜ਼ਤ ਨਹੀਂ ਲਈ ਹੈ। ਨਾ ਤਾਂ ਇਹ ਟੈਕਸੀ ਵਾਲੇ ਨਿਗਮ ਨੂੰ ਕਿਸੇ ਤਰ੍ਹਾਂ ਦੀ ਫੀਸ ਦਿੰਦੇ ਹਨ, ਉਲਟਾ ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਜਿਸ 'ਤੇ ਨਿਗਮ ਵਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ। ਸ਼ਹਿਰ ਦੇ ਲਗਭਗ ਹਰ ਚੌਕ ਦੇ ਕੰਢੇ ਟੈਕਸੀ ਸਟੈਂਡ ਬਣਾਏ ਹੋਏ ਹਨ ਪਰ ਨਿਗਮ ਨੇ ਅਜੇ ਇਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। 
ਇਕ ਪਾਸੇ ਜਿਥੇ ਨਿਗਮ ਦੇ ਨਾਜਾਇਜ਼ ਕਬਜ਼ਾ ਵਿਰੋਧੀ ਦਸਤੇ ਨੂੰ ਸ਼ਹਿਰ ਵਿਚ ਗਰੀਬ ਰੇਹੜੀ-ਫੜ੍ਹੀ ਵਾਲਿਆਂ ਦੇ ਚਲਾਨ ਕਰਨ ਜਾਂ ਉਨ੍ਹਾਂ ਦਾ ਸਾਮਾਨ ਚੁੱਕਣ ਦੇ ਨਿਰਦੇਸ਼ ਮਿਲ ਰਹੇ ਹਨ, ਉਥੇ ਹੀ ਅੰਦਰਖਾਤੇ ਨਾਜਾਇਜ਼ ਟੈਕਸੀ ਸਟੈਂਡਾਂ ਨੂੰ ਪੂਰੀ ਸੁਰੱਖਿਆ ਵੀ ਦਿੱਤੀ ਜਾ ਰਹੀ ਹੈ। ਇਹ ਟੈਕਸੀ ਸਟੈਂਡ ਸਥਾਪਿਤ ਵੀ ਨਿਗਮ ਦੀ ਹੀ ਜ਼ਮੀਨ 'ਤੇ ਕੀਤੇ ਗਏ ਹਨ। 
ਇਸ ਸਮੇਂ ਸ਼ਹਿਰ ਵਿਚ ਲਗਭਗ 125 ਟੈਕਸੀ ਸਟੈਂਡ ਹਨ, ਜਿਨ੍ਹਾਂ ਵਿਚੋਂ ਸਿਰਫ਼ 55 ਜਾਇਜ਼ ਹਨ, ਜਿਨ੍ਹਾਂ ਨੂੰ ਨਿਗਮ ਨੇ ਲਾਇਸੰਸ ਜਾਰੀ ਕੀਤਾ ਹੋਇਆ ਹੈ। ਹੋਰ ਆਪ੍ਰੇਟਰਾਂ ਨੇ ਨਿਗਮ ਤੋਂ ਇਜਾਜ਼ਤ ਲਏ ਬਿਨਾਂ ਹੀ ਵੱਖ-ਵੱਖ ਸੈਕਟਰਾਂ ਵਿਚ ਮਾਰਕੀਟਾਂ ਦੇ ਪਾਰਕਿੰਗ ਸਥਾਨਾਂ ਤੇ ਹੋਰ ਖਾਲੀ ਮੈਦਾਨਾਂ ਵਿਚ ਆਪਣੇ ਅੱਡੇ ਜਮਾਏ ਹੋਏ ਹਨ। 
ਅਜਿਹਾ ਨਹੀਂ ਹੈ ਕਿ ਨਿਗਮ ਨੂੰ ਇਸ ਦੀ ਖ਼ਬਰ ਨਹੀਂ ਹੈ, ਉਹ ਤਾਂ ਇਹ ਵੀ ਜਾਣਦੇ ਹਨ ਕਿ ਇਨ੍ਹਾਂ ਵਿਚੋਂ ਅਨੇਕਾਂ ਨੇ ਨਾਜਾਇਜ਼ ਰੂਪ ਨਾਲ ਬਿਜਲੀ ਦੇ ਕੁੰਡੀ ਕੁਨੈਕਸ਼ਨ ਵੀ ਲਏ ਹੋਏ ਹਨ। ਇਕ ਤਾਂ ਨਾਜਾਇਜ਼ ਟੈਕਸੀ ਸਟੈਂਡ ਵਾਲੇ ਨਿਗਮ ਨੂੰ ਕਿਰਾਇਆ ਨਹੀਂ ਦੇ ਰਹੇ ਤੇ ਉਪਰੋਂ ਬਿਜਲੀ ਦੀ ਚੋਰੀ। ਇਸ ਨਾਲ ਨਿਗਮ ਨੂੰ ਲੱਖਾਂ ਦਾ ਚੂਨਾ ਲੱਗ ਰਿਹਾ ਹੈ, ਨਾਲ ਹੀ ਪ੍ਰਸ਼ਾਸਨ ਨੂੰ ਵੀ ਚੂਨਾ ਲੱਗ ਰਿਹਾ ਹੈ।  ਜ਼ਿਆਦਾਤਰ ਸਟੈਂਡਾਂ 'ਤੇ ਸਵੇਰ ਦੇ ਸਮੇਂ ਟੈਂਟਾਂ ਵਿਚ ਬੈਠੇ ਡਰਾਈਵਰਾਂ ਨੂੰ ਖੁੱਲ੍ਹੇ ਵਿਚ ਨਹਾਉਂਦੇ, ਗੱਡੀਆਂ ਧੋਂਦੇ ਦੇਖਿਆ ਜਾ ਸਕਦਾ ਹੈ। ਅਨੇਕ ਸਥਾਨਾਂ 'ਤੇ ਟੈਂਟਾਂ ਦੇ ਨਾਲ ਟਾਇਰ-ਟਿਊਬ ਤੇ ਹੋਰ ਸਾਮਾਨ ਵੀ ਰੱਖਿਆ ਹੋਇਆ ਹੈ। 
ਜ਼ਿਕਰਯੋਗ ਹੈ ਕਿ 2008 ਵਿਚ ਸਾਬਕਾ ਮੇਅਰ ਪ੍ਰਦੀਪ ਛਾਬੜਾ ਨੇ ਟੈਕਸੀ ਸਟੈਂਡਾਂ ਨੂੰ ਮਾਡਰਨ ਕੀਤੇ ਜਾਣ ਦੇ ਉਦੇਸ਼ ਨਾਲ ਉਨ੍ਹਾਂ ਲਈ ਪ੍ਰੀ-ਫੈਬਰੀਕੇਟਿਡ ਸ਼ੈੱਡ ਬਣਾਉਣ ਦਾ ਫੈਸਲਾ ਲਿਆ ਸੀ, ਜਿਨ੍ਹਾਂ ਵਿਚ ਪਖਾਨੇ ਤੇ ਬਾਥਰੂਮ ਵੀ ਬਣਾਏ ਜਾਣੇ ਸਨ ਪਰ ਅੱਜ ਤਕ ਅਜਿਹਾ ਨਹੀਂ ਹੋ ਸਕਿਆ ਹੈ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ 2002 ਵਿਚ ਟੈਕਸੀ ਸਟੈਂਡਾਂ ਲਈ ਇਕ ਵਿਸ਼ੇਸ਼ ਕਮੇਟੀ ਬਣਾਈ ਸੀ, ਜਿਸ ਨੇ ਇਨ੍ਹਾਂ ਨੂੰ ਥਾਂ ਅਲਾਟ ਕਰਨ ਤੇ ਰੇਟ ਫਿਕਸ ਕਰਨ ਸਬੰਧੀ ਫੈਸਲੇ ਲਏ ਸਨ। ਕਮੇਟੀ ਵਲੋਂ ਟੈਕਸੀ ਸਟੈਂਡ ਮਾਲਕਾਂ ਨੂੰ 2000 ਤੇ 2500 ਸਕੇਅਰ ਫੁੱਟ ਥਾਂ ਅਲਾਟ ਕਰਨ ਦਾ ਫੈਸਲਾ ਲਿਆ ਗਿਆ ਸੀ ਪਰ ਉਹ ਵੀ ਨਹੀਂ ਹੋ ਸਕਿਆ, ਹੁਣ ਤਾਂ ਨਾਜਾਇਜ਼ ਰੂਪ ਨਾਲ ਬੈਠੇ ਟੈਕਸੀ ਵਾਲਿਆਂ ਨੇ ਇਸ ਤੋਂ ਕਿਤੇ ਵੱਧ ਥਾਂ ਘੇਰੀ ਹੋਈ ਹੈ। 
ਨਿਗਮ ਦੇ ਰਿਕਾਰਡ ਵਿਚ ਤਾਂ ਸਿਰਫ਼ 55 ਟੈਕਸੀ ਸਟੈਂਡ ਹਨ ਪਰ ਜੇਕਰ ਸ਼ਹਿਰ ਵਿਚ ਜਾਂਚ ਕਰਵਾਈ ਜਾਵੇ ਤਾਂ ਲਗਭਗ ਹਰ ਸੈਕਟਰ ਵਿਚ ਟੈਕਸੀ ਸਟੈਂਡ ਮਿਲ ਜਾਵੇਗਾ। ਕੁਝ ਸਮਾਂ ਪਹਿਲਾਂ ਇਸ ਨਾਲ ਸਬੰਧਿਤ ਨਿਗਮ ਦੀ ਪੇਡ ਪਾਰਕਿੰਗ ਕਮੇਟੀ ਨੇ ਸੈਕਟਰ-22 ਆਦਿ ਵਿਚ ਸਥਾਪਿਤ ਟੈਕਸੀ ਸਟੈਂਡਾਂ ਵਿਚ ਅਨੇਕਾਂ ਬੇਨਿਯਮੀਆਂ ਕਾਰਨ ਇਨ੍ਹਾਂ ਦੇ ਚਲਾਨ ਵੀ ਕੱਟੇ ਸਨ। ਨਾਜਾਇਜ਼ ਟੈਕਸੀ ਸਟੈਂਡਾਂ ਬਾਰੇ ਨਿਗਮ ਅਧਿਕਾਰੀ ਕਹਿੰਦੇ ਹਨ ਕਿ ਜੇਕਰ ਸ਼ਹਿਰ ਵਿਚ ਨਾਜਾਇਜ਼ ਟੈਕਸੀ ਸਟੈਂਡ ਹਨ ਤਾਂ ਇਸ ਦੀ ਜਾਂਚ ਕਰਵਾਈ ਜਾਵੇਗੀ। ਨਿਗਮ ਨਾਲ ਸਬੰਧਿਤ ਅਧਿਕਾਰੀ ਦਾ ਕਹਿਣਾ ਸੀ ਕਿ ਸ਼ਹਿਰ ਵਿਚ ਸਿਰਫ਼ 55 ਟੈਕਸੀ ਸਟੈਂਡਾਂ ਨੂੰ ਇਜਾਜ਼ਤ ਦਿੱਤੀ ਹੈ। ਇਸ ਤੋਂ ਇਲਾਵਾ ਜੇਕਰ ਕੋਈ ਟੈਕਸੀ ਸਟੈਂਡ ਵਾਲਾ ਨਾਜਾਇਜ਼ ਰੂਪ ਵਿਚ ਟੈਂਟ ਲਾਉਂਦਾ ਹੈ ਤਾਂ ਇਸ ਸਬੰਧੀ ਇਨਫੋਰਸਮੈਂਟ ਵਿਭਾਗ ਲਿਖਿਆ ਜਾਵੇਗਾ, ਉਹ ਉਸ ਨੂੰ ਉਥੋਂ ਹਟਾ ਦਿੰਦਾ ਹੈ।