ਖੁਲਾਸਾ ! ਗਿੱਦੜ ਪਰਚੀ ਨਾਲ ਹਰ ਮਹੀਨੇ ਕਰੋੜਾਂ ਦੇ ਟੈਕਸ ਚੋਰੀ ਕਰਕੇ ਸਕਰੈਪ ਪੁੱਜਦਾ ਹੈ ਗੋਬਿੰਦਗੜ੍ਹ ਮੰਡੀ

10/22/2023 12:32:14 PM

ਮਲੋਟ (ਸ਼ਾਮ ਜੁਨੇਜਾ) : ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਾਵਜੂਦ ਜਿੱਥੇ ਭ੍ਰਿਸ਼ਟਾਚਾਰ ਨੂੰ ਰੋਕ ਨਹੀਂ ਲੱਗੀ, ਉਥੇ  ਮਹਿਕਮੇ ਦੀ ਮਿਲੀਭੁਗਤ ਨਾਲ ਰੋਜ਼ ਲੱਖਾਂ ਕਰੋੜਾਂ ਰੁਪਏ ਟੈਕਸ ਚੋਰੀ ਹੋਣ ਨਾਲ ਸਰਕਾਰ ਨੂੰ ਚੂਨਾ ਲੱਗ ਰਿਹਾ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਮਲੋਟ ਅਤੇ ਆਸ ਪਾਸ ਸ਼ਹਿਰਾਂ ਵਿਚੋਂ ਦਰਜਨਾਂ ਕੈਂਟਰ ਸਕਰੈਪ ਦੇ ਭਰ ਕੇ ਗੋਬਿੰਦਗੜ ਲੋਹਾ ਮੰਡੀ ਵਿਚ ਢਲਾਈ ਲਈ ਜਾਂਦਾ ਹੈ। ਇਹ ਸਕਰੈਪ ਭਾਵੇਂ ਕਈ ਦੁਕਾਨਦਾਰਾਂ ਵੱਲੋਂ ਸਿੱਧਾ ਭੇਜਿਆ ਜਾ ਰਿਹਾ ਹੈ ਪਰ ਇਸ ਤੋਂ ਇਲਾਵਾ ਮਲੋਟ ਦੇ ਕਈ ਵਿਅਕਤੀ ਵੱਖ-ਵੱਖ ਵੱਡੀਆਂ ਦੁਕਾਨਾਂ ਤੋਂ ਮਾਲ ਇਕੱਠਾ ਕਰਕੇ ਭੇਜਣ ਦਾ ਕੰਮ ਕਰਦੇ ਹਨ। ਸੂਤਰਾਂ ਨੇ ਦੱਸਿਆ ਕਿ ਇਕ ਕੈਂਟਰ ਵਿਚ 9 ਟਨ ਮਾਲ ਲੋਡ ਹੁੰਦਾ ਹੈ ਪਰ ਓਵਰ ਲੋਡ ਕਰਕੇ ਮਾਲ ਭੇਜਣ ਵਾਲੀਆਂ ਫਰਮਾਂ 13 ਤੋਂ 15 ਟਨ ਮਾਲ ਲੋਡ ਕਰ ਕੇ ਭੇਜ ਦੀਆਂ ਹਨ। ਸਕਰੈਪ ਦਾ ਰੇਟ ਭਾਵੇ ਹਰ ਰੋਜ਼ ਗੂਗਲ ’ਤੇ ਦੇਖਿਆ ਜਾ ਸਕਦਾ ਹੈ ਪਰ ਅੰਦਾਜ਼ਨ ਅਤੇ ਔਸਤਾਨ ਇਸ ਦਾ ਰੇਟ 40 ਹਜ਼ਾਰ ਰੁਪਏ ਟਨ ਚੱਲਦਾ ਹੈ। ਸਕਰੈਪ ’ਤੇ 18 ਫੀਸਦੀ ਜੀ. ਐੱਸ. ਟੀ. ਹੈ ਜਿਸ ਨਾਲ 3 ਲੱਖ 60 ਹਜ਼ਾਰ ਤੋਂ 6 ਲੱਖ ਦੇ ਮਾਲ ਵਾਲੇ ਇਕ ਕੈਂਟਰ ਦਾ ਟੈਕਸ 65 ਹਜ਼ਾਰ ਤੋਂ ਲੈ ਕੇ 1ਲੱਖ 08 ਰੁਪਏ ਦੇ ਕਰੀਬ ਬਣਦਾ ਹੈ ਪਰ ਇਸ ਸਾਰੇ ਪਿੱਛੇ ਇਕ ਵੱਡਾ ਟੈਕਸ ਮਾਫ਼ੀਆ ਹੈ ਜਿਹੜਾ 1300 ਰੁਪਏ ਟਨ ਦੇ ਹਿਸਾਬ ਨਾਲ ਪੈਸੇ ਲੈ ਕੇ ਇਨ੍ਹਾਂ ਕੈਂਟਰਾਂ ਨੂੰ ਗਿੱਦੜ ਪ੍ਰਵਾਨਾ ਦਿੰਦਾ ਹੈ। 

ਧੰਦਾ ਕਰਨ ਵਾਲਿਆਂ ਦੀ ਭਾਸ਼ਾ ਵਿਚ ਇਸ ਨੂੰ ਪਾਸਿੰਗ ਫੀਸ ਕਹਿੰਦੇ ਹਨ। ਜਿਸ ਬਦਲੇ ਮਲੋਟ ਜਾਂ ਆਸਪਾਸ ਸ਼ਹਿਰਾਂ ਤੋਂ ਚੱਲਣ ਵਾਲੀ ਮਾਲ ਦੀ ਭਰੀ ਗੱਡੀ ਦੀ ਗੋਬਿੰਦਗੜ੍ਹ ਤੱਕ ਪੁੱਜਣ ਦੀ ਗਾਰੰਟੀ ਹੁੰਦੀ ਹੈ। ਨਿਯਮਾਂ ਅਨੁਸਾਰ ਤਾਂ ਮਲੋਟ ਜਾਂ ਹੋਰ ਸ਼ਹਿਰ ਤੋਂ ਚੱਲਣ ਵਾਲੀ ਗੱਡੀ ਦਾ ਗੋਬਿੰਦਗੜ੍ਹ ਦੀ ਖਰੀਦ ਕਰਨ ਵਾਲੀ ਸਬੰਧਤ ਫਰਮ ਦੇ ਨਾਮ ’ਤੇ ਬਿੱਲ ਚਾਹੀਦਾ ਹੈ ਜਿਸ ’ਤੇ ਨਿਯਮਾਂ ਅਨੁਸਾਰ ਟੈਕਸ ਲੱਗਾ ਹੋਵੇ ਪਰ ਅਸਲ ਵਿਚ ਇਹ ਸਾਰਾ ਧੰਦਾ ਜਾਅਲੀ ਬਿਲਟੀਆਂ ਅਤੇ ਫਰਜ਼ੀ ਬਿੱਲਾਂ ਸਹਾਰੇ ਚੱਲਦਾ ਹੈ। ਜਿਸ ਦਾ ਨਾਮ ਪਾਸਿੰਗ ਹੈ।  ਜਾਣਕਾਰੀ ਅਨੁਸਾਰ ਪਾਸਿੰਗ ਦਾ ਧੰਦਾ ਕਰਨ ਵਾਲੇ ਮਾਫ਼ੀਏ ਦੀ ਆਵਾਜਾਈ ਅਤੇ ਟੈਕਸ ਵਿਭਾਗ ਵਿਚ ਪੂਰੀ ਸੈਟਿੰਗ ਹੁੰਦੀ ਹੈ। ਜਿਸ ਕਰਕੇ ਇਨ੍ਹਾਂ ਦੀਆਂ ਗੱਡੀਆਂ ਨੂੰ ਕੋਈ ਨਹੀਂ ਰੋਕਦਾ। ਅਗਰ ਮਲੋਟ ਤੋਂ ਰੋਜ਼ 3 ਤੋਂ 5 ਗੱਡੀਆਂ ਇਕ ਥਾਂ ’ਤੇ ਇਕੱਠੀਆਂ ਹੋ ਕੇ ਚੱਲਦੀਆਂ ਹਨ ਤਾਂ ਬਠਿੰਡਾਂ ਸਮੇਤ ਆਸਪਾਸ ਸ਼ਹਿਰਾਂ ’ਤੇ ਛੋਟੀਆਂ ਮੰਡੀਆਂ ਤੋਂ ਹਰ ਰੋਜ਼ ਇਨ੍ਹਾਂ ਚੱਲਣ ਵਾਲੀਆਂ ਗੱਡੀਆਂ ਦੀ ਗਿਣਤੀ 20 ਤੋਂ 30 ਤੱਕ ਹੁੰਦੀ ਹੈ। 

ਪਾਸਿੰਗ ਵਾਲੇ ਗਿਰੋਹ ਦੇ ਬੰਦੇ ਸਕਰੈਪ ਨਾਲ ਭਰੀਆਂ ਇਨਾਂ ਗੱਡੀਆਂ ਦੇ ਨਾਲ ਨਾਲ ਤੇ ਅੱਗੇ ਪਿੱਛੇ ਚੱਲਦੇ ਹਨ ਤਾਂ ਜੋ ਇਨ੍ਹਾਂ ਨੂੰ ਰਸਤੇ ਵਿਚ ਕੋਈ ਦਿੱਕਤ ਨਾ ਆਵੇ। ਇਸ ਤੋਂ ਇਲਾਵਾ ਪਲਾਸਟਿਕ ਦੇ ਕਚਰੇ ਦੀਆਂ ਭਰੀਆਂ ਗੱਡੀਆਂ ਰਿਫ਼ਾਇਨਰੀ ਵਿਚ ਵੀ ਜਾਂਦੀਆਂ ਹਨ ਜਿਨ੍ਹਾਂ ਦੇ ਚੱਲਣ ਦਾ ਤਰੀਕਾ ਵੀ ਇਹੋ ਜਿਹਾ ਹੈ। ਜ਼ਿਕਰਯੋਗ ਹੈ ਕਿ ਇਹ ਧੰਦਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜਿਸ ਨਾਲ ਸਰਕਾਰ ਨੂੰ ਹਰ ਮਹੀਨੇ ਕਰੋੜਾਂ ਦਾ ਚੂਨਾ ਲੱਗ ਰਿਹਾ ਹੈ। ਜਿਸ ਲਈ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਪਰਦੇ ਪਿੱਛੇ ਤੇ ਸਾਹਮਣੇ ਕਰੋੜਾਂ ਅਰਬਾਂ ਦੀ ਠੱਗੀ ਮਾਰਨ ਵਾਲਿਆਂ ਅਤੇ ਇਸ ਧੰਧੇ ਵਿਚ ਸ਼ਾਮਿਲ ਅਧਿਕਾਰੀਆਂ ਵਿਰੁੱਧ ਕਾਰਵਾਈ ਹੋਵੇ।

Gurminder Singh

This news is Content Editor Gurminder Singh