ਤਰਨਤਾਰਨ ''ਚ ਵਿਆਹੁਤਾ ਦਾ ਗਲ ਘੁੱਟ ਕੇ ਕੀਤਾ ਕਤਲ

12/31/2019 9:24:14 PM

ਤਰਨਤਾਰਨ,(ਰਮਨ)- ਜ਼ਿਲਾ ਤਰਨਤਾਰਨ ਦੇ ਪਿੰਡ ਜਿਉਬਾਲਾ ਵਿਖੇ ਇਕ ਵਿਆਹੁਤਾ ਦਾ ਗਲ ਘੁੱਟ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਤੋਂ ਬਾਅਦ ਪਿੰਡ 'ਚ ਸਨਸਨੀ ਭਰਿਆ ਮਾਹੌਲ ਪੈਦਾ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਸਣੇ ਪੁਲਸ ਪਾਰਟੀ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਜਾਣਕਾਰੀ ਮੁਤਾਬਕ ਪਲਵਿੰਦਰ ਕੌਰ (37) ਪੁੱਤਰੀ ਕ੍ਰਿਪਾਲ ਸਿੰਘ ਵਾਸੀ ਪਿੰਡ ਵਰ੍ਹਿਆਂ ਦਾ ਵਿਆਹ ਕਰੀਬ 10 ਸਾਲ ਪਹਿਲਾਂ ਪਿੰਡ ਜਿਉਬਾਲਾ ਦੇ ਸੁਖਦੇਵ ਸਿੰਘ ਪੁੱਤਰ ਜਗੀਰ ਸਿੰਘ ਨਾਲ ਹੋਇਆ ਸੀ। ਸੁਖਦੇਵ ਸਿੰਘ ਪਿਛਲੇ ਦੋ ਸਾਲ ਤੋਂ ਦੁਬਈ 'ਚ ਕਾਰੋਬਾਰ ਕਰ ਰਿਹਾ ਹੈ, ਜਿਸ ਦਾ ਇਕ 8 ਸਾਲ ਦਾ ਬੇਟਾ ਗੁਰਿੰਦਰ ਸਿੰਘ ਜੋ ਤੀਸਰੀ ਕਲਾਸ 'ਚ ਮਾਝਾ ਪਬਲਿਕ ਸਕੂਲ ਤਰਨਤਾਰਨ ਵਿਖੇ ਪੜ੍ਹਾਈ ਕਰ ਰਿਹਾ ਹੈ ਅਤੇ ਉਹ ਆਪਣੀ ਮਾਤਾ ਨਾਲ ਪਿੰਡ ਜਿਉਬਾਲਾ ਵਿਖੇ ਸਾਂਝੇ ਪਰਿਵਾਰ 'ਚ ਰਹਿੰਦਾ ਹੈ। ਅੱਜ ਪਿੰਡ ਜਿਉਬਾਲਾ ਵਿਖੇ ਸਾਲਾਨਾ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦੀਆਂ ਪਿੰਡ ਵਾਸੀਆਂ ਵਲੋਂ ਸਵੇਰੇ 7 ਵਜੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਪਲਵਿੰਦਰ ਕੌਰ ਨੇ ਆਪਣੇ ਬੇਟੇ ਨੂੰ ਤਿਆਰ ਕੀਤਾ ਅਤੇ ਮਾਲ ਡੰਗਰ ਨੂੰ ਸਾਂਭਣ ਲਈ ਘਰ ਦੇ ਪਿਛਲੇ ਪਾਸੇ ਮੌਜੂਦ ਇਕ ਹਵੇਲੀ, ਜਿਸ ਦਾ ਰਸਤਾ ਦੂਸਰੀ ਗਲੀ ਰਾਹੀਂ ਜਾਂਦਾ ਸੀ ਵਿਖੇ ਚਲੀ ਗਈ। ਇਸ ਦੌਰਾਨ ਘਰ 'ਚ ਉਸ ਦਾ ਜੇਠ ਸਵਿੰਦਰ ਸਿੰਘ ਅਤੇ ਦਿਉਰ ਬਲਵਿੰਦਰ ਸਿੰਘ ਆਪਣੇ ਪਰਿਵਾਰ ਨਾਲ ਮੌਜੂਦ ਸਨ। ਜਦੋਂ ਪਲਵਿੰਦਰ ਕੌਰ ਘਰ ਵਾਪਸ ਕਰੀਬ 9 ਵਜੇ ਤੱਕ ਨਹੀਂ ਪਰਤੀ ਤਾਂ ਉਨ੍ਹਾਂ ਨੇ ਜਾ ਕੇ ਵੇਖਿਆ ਤਾਂ ਪਲਵਿੰਦਰ ਦੀ ਲਾਸ਼ ਹਵੇਲੀ 'ਚ ਜ਼ਮੀਨ 'ਤੇ ਪਈ ਸੀ, ਜਿਸ ਦੇ ਗਲ 'ਚ ਨਿਸ਼ਾਨ ਸਨ ਅਤੇ ਖੂਨ ਵੀ ਨਿਕਲ ਰਿਹਾ ਸੀ, ਜਿਸ ਦੀ ਮੌਤ ਹੋ ਚੁੱਕੀ ਸੀ।

ਇਸ ਸਬੰਧੀ ਮ੍ਰਿਤਕ ਪਲਵਿੰਦਰ ਕੌਰ ਦੀ ਮਾਤਾ ਸੁਖਵਿੰਦਰ ਕੌਰ, ਮਾਮਾ ਕਾਬਲ ਸਿੰਘ, ਭਰਾ ਜਸਵੰਤ ਸਿੰਘ, ਭਰਾ ਗੁਰਜੰਟ ਸਿੰਘ, ਚਾਚਾ ਸ਼ਿੰਗਾਰਾ ਸਿੰਘ, ਦਲਬੀਰ ਸਿੰਘ, ਸਰਪੰਚ ਦਿਲਬਾਗ ਸਿੰਘ ਕਾਹਲਵਾਂ ਆਦਿ ਨੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਜਾਣਕਾਰੀ ਦਿੰਦੇ ਹੋਏ ਪਲਵਿੰਦਰ ਕੌਰ ਦੇ ਸਹੁਰੇ ਪਰਿਵਾਰ 'ਤੇ ਦੋਸ਼ ਲਾਇਆ ਕਿ ਪਲਵਿੰਦਰ ਨੂੰ ਵਿਆਹ ਤੋਂ ਬਾਅਦ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ ਸੀ, ਜਿਸ ਦਾ ਕਈ ਵਾਰ ਫੈਸਲਾ ਵੀ ਪੰਚਾਇਤ 'ਚ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਲਵਿੰਦਰ ਕੌਰ ਦਾ ਪਤੀ ਦੋ ਸਾਲ ਤੋਂ ਦੁਬਈ 'ਚ ਰਹਿੰਦਾ ਹੈ ਅਤੇ ਉਹ ਵੀ ਆਪਣੇ ਭਰਾਵਾਂ ਦਾ ਸਾਥ ਦਿੰਦਾ ਸੀ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਬੇਟੀ ਦੇ ਕਾਤਲ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਹੀ ਜਾਂਚ ਕੀਤੀ ਜਾਵੇ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਬੁੱਧਵਾਰ ਸਵੇਰੇ ਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੇਸ ਨੂੰ ਜਲਦ ਹੱਲ ਕਰ ਲਿਆ ਜਾਵੇਗਾ, ਜਿਸ ਸਬੰਧੀ ਉਨ੍ਹਾਂ ਨੇ ਫਿਲਹਾਲ ਮ੍ਰਿਤਕ ਦੀ ਮਾਤਾ ਸੁਖਵਿੰਦਰ ਕੌਰ ਦੇ ਬਿਆਨਾਂ ਹੇਠ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।