ਤਰਨਤਾਰਨ ਬੰਬ ਕਾਂਡ ''ਚ ਹੁਣ ਤਕ ਦਾ ਸਭ ਤੋਂ ਵੱਡਾ ਖੁਲਾਸਾ, ਕਈ ਰਾਜ਼ ਖੁੱਲ੍ਹੇ

09/23/2019 6:52:08 PM

ਤਰਨਤਾਰਨ (ਵਿਜੇ) : ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ 'ਚ ਹੋਏ ਐਕਸਪਲੋਸਿਵ ਬਲਾਸਟ 'ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਅੱਜ ਨਿਆਇਕ ਹਿਰਾਸਤ ਲਈ ਜੇਲ ਭੇਜ ਦਿੱਤਾ ਗਿਆ ਹੈ। ਇਸ ਧਮਾਕੇ ਵਿਚ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ ਇਕ ਗੰਭੀਰ ਰੂਪ ਵਿਚ ਜ਼ਖਮੀ ਹਸਪਤਾਲ ਵਿਚ ਜੇਰੇ ਇਲਾਜ ਹੈ। ਇਸ ਮਾਮਲੇ ਵਿਚ ਪੁਲਸ ਨੇ ਕੁੱਲ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਵਿਚ ਇਕ ਨੂੰ ਪਹਿਲਾਂ ਹੀ ਜੇਲ ਭੇਜ ਦਿੱਤਾ ਗਿਆ ਹੈ ਜਦਕਿ ਬਾਕੀ ਦੇ 6 ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਦੇ ਹੁਕਮਾਂ 'ਤੇ ਜੇਲ ਭੇਜ ਦਿੱਤਾ ਗਿਆ ਹੈ। ਥਾਣਾ ਸਦਰ ਦੀ ਪੁਲਸ ਨੇ ਦੋਸ਼ੀਆਂ ਦਾ 5 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਇਨ੍ਹਾਂ ਨੂੰ ਜੇਲ ਭੇਜਣ ਦੇ ਹੁਕਮ ਦਿੱਤੇ। 



ਪੁੱਛਗਿੱਛ ਦੌਰਾਨ ਹੋ ਚੁੱਕੇ ਹਨ ਅਹਿਮ ਖੁਲਾਸੇ 
ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਵਿਚ ਅਹਿਮ ਖੁਲਾਸੇ ਕੀਤੇ ਹਨ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਲੋਕ ਪੰਜਾਬ ਵਿਚ ਖਾਲਿਸਤਾਨ ਮੂਵਮੈਂਟ ਨੂੰ ਚਲਾ ਰਹੇ ਸਨ। ਗ੍ਰਿਫਤਾਰ ਕੀਤੇ ਗਏ ਮਾਨਦੀਪ ਸਿੰਘ ਮੱਸਾ, ਅੰਮ੍ਰਿਤਪਾਲ ਸਿੰਘ ਬਚੜੇ, ਚਨਦੀਪ ਸਿੰਘ ਬਟਾਲਾ, ਮਨਪ੍ਰੀਤ ਸਿੰਘ ਮੁਰਾਦਪੁਰਾ, ਹਰਜੀਤ ਸਿੰਘ ਪੰਡੋਰੀ ਗੋਲਾ, ਮਲਕੀਤ ਸਿੰਘ ਕੋਟਲਾ ਗੁੱਜਰ, ਅਮਰਜੀਤ ਸਿੰਘ ਫਤਿਹਗੜ੍ਹ ਚੂੜੀਆਂ ਤੋਂ ਪੁੱਛਗਿੱਛ 'ਚ ਕਈ ਰਹੱਸ ਤੋਂ ਪਰਦਾ ਉੱਠਿਆ ਹੈ। 

ਪੁਲਸ ਸੂਤਰਾਂ ਅਨੁਸਾਰ ਪਿੰਡ ਦੀਨੇਵਾਲ ਦੇ ਪੰਚਾਇਤ ਮੈਂਬਰ ਮਾਨਦੀਪ ਸਿੰਘ ਉਰਫ ਮੱਸਾ ਨੂੰ ਖਾਲਿਸਤਾਨ ਮੂਵਮੈਂਟ ਨੂੰ ਹਵਾ ਦੇਣ ਲਈ ਵਿਦੇਸ਼ ਤੋਂ ਫੰਡਿੰਗ ਹੋ ਰਹੀ ਸੀ। ਉਸ ਨੇ 'ਕਰ ਭਲਾ ਹੋ ਭਲਾ' ਨਾਮ ਦੀ ਸੰਸਥਾ ਬਣਾਈ ਹੋਈ ਸੀ। ਜਿਸ ਦੇ ਨਾਮ ਤੋਂ ਕੈਨੇਡਾ, ਆਸਟਰੇਲੀਆ, ਮਲੇਸ਼ੀਆ ਅਤੇ ਨਿਊਜ਼ੀਲੈਂਡ 'ਚ ਬੈਠੇ ਖਾਲਿਸਤਾਨੀ ਸਮਰਥਕ ਪੈਸਾ ਭੇਜ ਰਹੇ ਸਨ। ਫੰਡਿੰਗ ਦੇ ਤਰੀਕੇ ਅਤੇ ਕਿਸ ਸਮੇਂ ਕਿੰਨਾ ਪੈਸਾ ਇਸ ਸੰਸਥਾ ਦੇ ਨਾਮ 'ਤੇ ਭੇਜਿਆ ਗਿਆ, ਇਸ ਨੂੰ ਲੈ ਕੇ ਮੱਸਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਸੂਤਰਾਂ ਦਾ ਕਹਿਣਾ ਹੈ ਕਿ ਖਾਲਿਸਤਾਨੀ ਮੂਵਮੈਂਟ ਨੂੰ ਚਲਾਉਣ ਲਈ ਨੌਜਵਾਨਾਂ ਨੂੰ ਨਾਲ ਜੋੜਿਆ ਜਾ ਰਿਹਾ ਸੀ। ਇਸ ਕੰਮ ਨੂੰ ਹਰਜੀਤ ਸਿੰਘ ਹੀਰਾ, ਗੁਰਜੰਟ ਸਿੰਘ ਜੰਟਾ ਅਤੇ ਬਿਕਰਮਜੀਤ ਵਿੱਕੀ ਦੀ ਤਿੱਕੜੀ ਬਾਖੂਬੀ ਅੰਜਾਮ ਦੇ ਰਹੀ ਸੀ। 18 ਤੋਂ 28 ਸਾਲ ਦੇ ਨੌਜਵਾਨਾਂ ਦਾ ਬ੍ਰੇਨਵਾਸ਼ ਕਰਕੇ ਇਨ੍ਹਾਂ ਤਿੰਨਾਂ ਨੇ ਲਗਭਗ ਦੋ ਦਰਜਨ ਤੋਂ ਵੱਧ ਨੌਜਵਾਨਾਂ ਨੂੰ ਆਪਣੇ ਜੋੜ ਲਿਆ ਸੀ। ਉਨ੍ਹਾਂ ਦੇ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। 

ਲੰਬੇ ਕੱਦ ਵਾਲੇ ਬਿੱਲਾ ਦੀ ਪੁਲਸ ਨੂੰ ਭਾਲ
ਖਾਲਿਸਤਾਨੀ ਮੂਵਮੈਂਟ ਨੂੰ ਤੇਜ਼ੀ ਦੇਣ ਲਈ ਮੁਲਜ਼ਮ ਹਰ ਐਤਵਾਰ ਨੂੰ ਵੱਖ-ਵੱਖ ਇਲਾਕਿਆਂ ਵਿਚ ਬੈਠਕਾਂ ਕਰਦੇ ਸਨ। ਨਵੇਂ ਨੌਜਵਾਨਾਂ ਨੂੰ ਨਾਲ ਜੋੜਨ ਲਈ ਹਰਜੀਤ ਸਿੰਘ ਹੀਰਾ ਅਤੇ ਮਾਨਦੀਪ ਸਿੰਘ ਮੱਸਾ ਦੇ ਨਾਲ ਲੰਬੇ ਕੱਦ ਵਾਲਾ ਬਿੱਲਾ ਨਾਮ ਦਾ ਨੌਜਵਾਨ ਵੀ ਉਨ੍ਹਾਂ ਦਾ ਸਾਥ ਦਿੰਦਾ ਸੀ। ਜਿਸ ਦੀ ਭਾਲ ਜਾਰੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਆਸਟਰੇਲੀਆ 'ਚ ਰਹਿ ਰਿਹਾ ਪਿੰਡ ਪੰਜਵੜ ਦਾ ਬਿਕਰਮ ਸਿੰਘ ਵੀ ਮੱਸਾ ਦੇ ਨਾਲ ਲੰਬੇ ਸਮੇਂ ਤੋਂ ਸੰਪਰਕ 'ਚ ਸੀ, ਜਿਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। 

ਵਟਸਐਪ 'ਤੇ ਮਿਲਦੇ ਸਨ ਵਾਇਸ ਮੈਸੇਜ 
ਸੂਤਰਾਂ ਅਨੁਸਾਰ ਮੂਵਮੈਂਟ ਨੂੰ ਅੱਗੇ ਵਧਾਉਣ ਲਈ ਇਨ੍ਹਾਂ ਲੋਕਾਂ ਨੂੰ ਵਟਸਐਪ 'ਤੇ ਵਾਇਸ ਮੈਸੇਜ ਮਿਲਦੇ ਸਨ। ਉਨ੍ਹਾਂ ਨੂੰ ਲੁਕਾਏ ਗਏ ਬੰਬ ਹਾਸਲ ਕਰਨ ਤੋਂ ਬਾਅਦ ਤਿਉਹਾਰਾਂ 'ਚ ਧਮਾਕੇ ਕਰਨ ਲਈ ਅਜਿਹੇ ਹੀ ਵਾਇਸ ਮੈਸੇਜ ਮਿਲਦੇ ਸਨ। ਇਸ ਤੋਂ ਪਹਿਲਾਂ ਮਿਲੇ ਮੈਸੇਜ ਨੂੰ ਸੁਨਣ ਤੋਂ ਬਾਅਦ ਉਹ ਨਿਰਧਾਰਤ ਸਮੇਂ 'ਚ ਇਸ ਨੂੰ ਡਿਲੀਟ ਕਰ ਦਿੰਦੇ ਸਨ। ਮੈਸੇਜ ਸਮਝ ਆ ਜਾਣ 'ਤੇ ਇਹ ਲੋਕ ਇਸ ਮੈਸੇਜ ਦਾ ਜਵਾਬ ਵੈਲਕਮ ਲਿਖ ਕੇ ਅਤੇ ਨਾ ਸਮਝ 'ਚ ਆਉਣ 'ਤੇ ਪਿਲੀਜ਼ ਲਿਖ ਕੇ ਭੇਜ ਦਿੰਦੇ ਸਨ। ਮੈਸੇਜ ਭੇਜਣ ਵਾਲਿਆਂ ਦੇ ਬਾਰੇ 'ਚ ਵੀ ਪੁਲਸ ਜਾਂਚ 'ਚ ਜੁਟੀ ਹੋਈ ਹੈ।

Gurminder Singh

This news is Content Editor Gurminder Singh