ਨਹਿਰ ’ਚ ਡੁੱਬ ਕੇ ਹੋਈ ਨੌਜਵਾਨ ਦੀ ਮੌਤ

04/20/2019 4:43:22 AM

ਤਰਨਤਾਰਨ (ਭਾਟੀਆ)-ਪਿੰਡ ਡੱਲ ਦੇ ਰਹਿਣ ਵਾਲੇ ਨੌਜਵਾਨ ਨਵਜੋਤ ਸਿੰਘ ਉਰਫ ਜੋਤੀ ਦੀ ਨਹਿਰ ’ਚ ਡੁੱਬ ਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਖਾਲਡ਼ਾ ਦੇ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਸਕੱਤਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਡੱਲ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਸ ਦੇ ਦੋ ਲਡ਼ਕੇ ਤੇ ਇਕ ਲਡ਼ਕੀ ਹੈ। ਉਸ ਦਾ ਵੱਡਾ ਲਡ਼ਕਾ ਗੁਰਲਾਲ ਸਿੰਘ ਫੌਜ ’ਚ ਡਿਊਟੀ ਕਰਦਾ ਹੈ ਅਤੇ ਛੋਟਾ ਲਡ਼ਕਾ ਨਵਜੋਤ ਸਿੰਘ ਉਰਫ ਜੋਤੀ ਖੇਤੀਬਾਡ਼ੀ ਅਤੇ ਪਿੰਡ ਡੱਲ ਵਿਖੇ ਟੈਂਟ ਹਾਊਸ ਦੀ ਦੁਕਾਨ ਕਰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਨਵਜੋਤ ਸਿੰਘ ਦੇ ਦੋਸਤ ਅੰਗਰੇਜ਼ ਸਿੰਘ ਪੁੱਤਰ ਅਜੀਤ ਸਿੰਘ, ਮੇਜਰ ਸਿੰਘ ਪੁੱਤਰ ਦਲਾਉਰਾ ਸਿੰਘ, ਜੋਗਾ ਸਿੰਘ ਪੁੱਤਰ ਭਜਨ ਸਿੰਘ, ਦਿਲਬਾਗ ਸਿੰਘ ਪੁੱਤਰ ਅਜੀਤ ਸਿੰਘ ਸਾਰੇ ਵਾਸੀਆਨ ਡੱਲ ਉਨ੍ਹਾਂ ਘਰ ਅਕਸਰ ਆਉਂਦੇ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ 16 ਅਪ੍ਰੈਲ ਨੂੰ ਸ਼ਾਮ ਦੇ ਕਰੀਬ 8 ਵਜੇ ਉਕਤ ਸਾਰੇ ਨੌਜਵਾਨ ਉਸ ਦੇ ਲਡ਼ਕੇ ਨੂੰ ਆਪਣੇ ਨਾਲ ਲੈ ਗਏ ਤੇ ਜਦੋਂ ਨਵਜੋਤ ਸਿੰਘ ਘਰ ਨਹੀਂ ਆਇਆ ਤਾਂ ਉਸ ਨੇ ਉਕਤ ਨੌਜਵਾਨਾਂ ਤੋਂ ਪੁਛਗਿੱਛ ਕੀਤੀ ਪਰ ਉਨ੍ਹਾਂ ਮੈਨੂੰ ਕੋਈ ਠੋਸ ਜਵਾਬ ਨਹੀਂ ਦਿੱਤਾ। ਅੱਜ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਨਾਲ ਡਿਫੈਂਸ ਨਹਿਰ ’ਤੇ ਆਪਣੇ ਬੇਟੇ ਦੀ ਭਾਲ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਪਾਣੀ ’ਚੋਂ ਨਵਜੋਤ ਸਿੰਘ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਅੰਗਰੇਜ਼ ਸਿੰਘ ਤੇ ਜੋਗਾ ਸਿੰਘ ਦੀ 12 ਅਪ੍ਰੈਲ ਨੂੰ ਗੋਪੀ ਉਰਫ ਮਿਰਜ਼ਾ ਸਿੰਘ ਪਿੰਡ ਸੁਰਸਿੰਘ ਨੇ ਆਪਣੇ ਫੋਨ ਤੋਂ ਪਾਕਿਸਤਾਨ ਵਿਖੇ ਗੱਲ ਕਰਵਾਈ ਸੀ ਤੇ 16 ਅਪ੍ਰੈਲ ਨੂੰ ਇਨ੍ਹਾਂ ਨੇ ਜਾਣਬੁਝ ਕੇ ਉਸ ਦੇ ਲਡ਼ਕੇ ਨੂੰ ਉਕਸਾ ਕੇ ਹੈਰੋਇਨ ਦੀ ਖੇਪ ਲੈਣ ਲਈ ਬਾਰਡਰ ’ਤੇ ਲੈ ਕੇ ਗਏ ਸਨ। ਜਦੋਂ ਬਾਰਡਰ ਤੋਂ ਵਾਪਸ ਆ ਰਹੇ ਸੀ ਤਾਂ ਉਹ ਨਹਿਰ ’ਚੋਂ ਲੰਘ ਰਹੇ ਸਨ ਤੇ ਨਵਜੋਤ ਸਿੰਘ ਦੇ ਦੋਸਤ ਇਹ ਭਲੀ-ਭਾਂਤ ਜਾਣਦੇ ਸਨ ਕਿ ਉਹ ਤੈਰਨਾ ਨਹੀਂ ਜਾਣਦਾ ਫਿਰ ਵੀ ਉਸ ਨੂੰ ਪਾਣੀ ਭਰੀ ਨਹਿਰ ’ਚ ਲੈ ਗਏ। ਜਿਨ੍ਹਾਂ ਦੀ ਅਣਗਹਿਲੀ ਕਾਰਨ ਉਸ ਦੇ ਲੜਕੇ ਦੀ ਨਹਿਰ ’ਚ ਡੁੱਬ ਜਾਣ ਕਰ ਕੇ ਮੌਤ ਹੋ ਗਈ ਹੈ। ਥਾਣਾ ਖਾਲਡ਼ਾ ਦੀ ਪੁਲਸ ਨੇ ਮ੍ਰਿਤਕ ਦੇ ਪਿਤਾ ਸਕੱਤਰ ਪੁੱਤਰ ਪਿਆਰਾ ਸਿੰਘ ਵੱਸੀ ਡੱਲ ਦੇ ਬਿਆਨਾਂ ਦੇ ਆਧਾਰ ’ਤੇ ਅੰਗਰੇਜ਼ ਸਿੰਘ ਪੁੱਤਰ ਅਜੀਤ ਸਿੰਘ, ਮੇਜਰ ਸਿੰਘ ਪੁੱਤਰ ਦਲਾਉਰਾ ਸਿੰਘ, ਜੋਗਾ ਸਿੰਘ ਪੁੱਤਰ ਭਜਨ ਸਿੰਘ, ਦਿਲਬਾਗ ਸਿੰਘ ਪੁੱਤਰ ਅਜੀਤ ਸਿੰਘ ਸਾਰੇ ਵਾਸੀਆਨ ਡੱਲ, ਅਤੇ ਗੋਪੀ ਪੁੱਤਰ ਮਿਰਜਾ ਸਿੰਘ ਵਾਸੀ ਸੁਰਸਿੰਘ ਖਿਲਾਫ ਧਾਰਾ 304, 34 ਆਈ.ਪੀ.ਸੀ. ਅਤੇ 21-29-61-85 ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।