ਛਾਪਡ਼ੀ ਸਾਹਿਬ ਵਿਖੇ ਬਰਸੀ ਸਮਾਗਮ 24 ਨੂੰ : ਮਾਤਾ ਸਰਬਜੀਤ ਕੌਰ

01/20/2019 3:27:14 PM

ਤਰਨਤਾਰਨ (ਜਸਵਿੰਦਰ)-ਪੰਜ ਸਿੱਖ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰੀ ਛਾਪਡ਼ੀ ਸਾਹਿਬ ਵਿਖੇ ਸੱਚਖੰਡ ਵਾਸੀ ਕਾਰ ਸੇਵਾ ਵਾਲੇ ਸੰਤ ਬਾਬਾ ਗੁਰਮੁੱਖ ਸਿੰਘ ਜੀ, ਬਾਬਾ ਸਾਧੂ ਸਿੰਘ, ਬਾਬਾ ਝੰਡਾ ਸਿੰਘ, ਬਾਬਾ ਦੀਵਾਨ ਸਿੰਘ, ਬਾਬਾ ਖਜ਼ਾਨ ਸਿੰਘ, ਬਾਬਾ ਬਚਨ ਸਿੰਘ ਅਤੇ ਬਾਬਾ ਸਰਦਾਰਾ ਸਿੰਘ ਜੀ ਛਾਪਡ਼ੀ ਸਾਹਿਬ ਵਾਲਿਆਂ ਦੀ ਪਾਵਨ ਯਾਦ ਨੂੰ ਸਮਰਪਤ ਇਕ-ਰੋਜ਼ਾ ਬਰਸੀ ਸਮਾਗਮ 24 ਜਨਵਰੀ, ਵੀਰਵਾਰ ਨੂੰ ਸਮੂਹ ਸੰਗਤਾਂ ਦੇ ਵੱਡਮੁਲੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁ: ਅਸਥਾਨ ਦੇ ਮੁਖ ਸੇਵਾਦਾਰ ਮਾਤਾ ਸਰਬਜੀਤ ਕੌਰ ਤੇ ਭਾਈ ਮਨਜਿੰਦਰ ਸਿੰਘ ਮਿੰਟੂ ਨੇ ਸੰਗਤਾਂ ਦੀ ਹਾਜ਼ਰੀ ’ਚ ਦੱਸਿਆ ਕਿ ਬਰਸੀ ਸਮਾਗਮ ਦੇ ਸਬੰਧ ’ਚ 22 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲਡ਼ੀ ਆਰੰਭੀ ਜਾਵੇਗੀ, ਜਿਨ੍ਹਾਂ ਦੇ ਭੋਗ 24 ਜਨਵਰੀ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਉਪਰੰਤ ਭਾਰੀ ਦੀਵਾਨ ਸਜਾਏ ਜਾਣਗੇ, ਜਿਸ ਦੌਰਾਨ ਪੰਥ ਦੇ ਨਾਮਵਰ ਰਾਗੀ, ਢਾਡੀ, ਕਵੀਸ਼ਰ, ਕਥਾਵਾਚਕ ਆਦਿ ਸੰਗਤਾਂ ਨੂੰ ਮਹਾਪੁਰਸ਼ਾਂ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਉਣਗੇ। ਇਸ ਦੌਰਾਨ ਸਿੰਘ ਸਾਹਿਬਾਨ, ਕਾਰ ਸੇਵਾ ਵਾਲੇ ਸੰਤ, ਨਿਹੰਗ ਜਥੇਬੰਦੀਆਂ ਦੇ ਆਗੂ, ਨਿਰਮਲੇ ਮਹੰਤ ਆਦਿ ਤੋਂ ਇਲਾਵਾ ਵੱਖ-ਵੱਖ ਰਾਜਨੀਤਕ ਸ਼ਖਸੀਅਤਾਂ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰ ਕੇ ਮਹਾਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ। ਸਟੇਜ ਸੈਕਟਰੀ ਦੀ ਸੇਵਾ ਕਥਾਵਾਚਕ ਭਾਈ ਸਤਿਨਾਮ ਸਿੰਘ ਤੁਡ਼ ਨਿਭਾਉਣਗੇ। ਸ਼ਾਮ ਸਮੇਂ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ।