ਪਿੰਡ ਸੋਹਲ ਵਿਖੇ ਲੱਗੀਆਂ ਨਸ਼ਾ ਤਸਕਰਾਂ ਦੇ ਨਾਂ ਦੀਆਂ ਲਿਸਟਾਂ

09/29/2019 4:13:37 PM

ਤਰਨਤਾਰਨ (ਨਰਿੰਦਰ) : ਤਰਨਤਾਰਨ ਦੇ ਪਿੰਡ ਸੋਹਲ ਵਿਖੇ ਕਿਸੇ ਵਿਅਕਤੀ ਵਲੋਂ ਨਸ਼ੇ ਦਾ ਧੰਦਾ ਕਰਨ ਵਾਲੇ 37 ਵਿਅਕਤੀਆਂ ਦੇ ਨਾਂਵਾਂ ਦੀਆਂ ਲਿਸਟਾਂ ਕੰਧਾਂ 'ਤੇ ਚਿਪਕਾਈਆਂ ਜਾਣ ਤੇ ਗਲੀਆਂ 'ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਪਿੰਡ 'ਚ ਮਾਹੌਲ ਕਾਫੀ ਗਰਮਾ ਗਿਆ ਹੈ। ਕੁਝ ਲੋਕਾਂ ਵਲੋਂ ਤਾਂ ਕੰਧੇ 'ਤੇ ਲੱਗੀਆਂ ਕੁਝ ਲਿਸਟਾਂ ਨੂੰ ਉਤਾਰ ਵੀ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਸਰਪੰਚ ਸਰਵਣ ਸਿੰਘ ਸੋਹਲ ਤੇ ਡਾ. ਸੰਤੋਖ ਸਿੰਘ ਨੇ ਦੱਸਿਆ ਕਿ ਇਹ ਕੰਮ ਕਿਸੇ ਸ਼ਰਾਰਤੀ ਅਨਸਰ ਦਾ ਹੈ, ਜੋ ਜਾਣਬੁੱਝ ਕੇ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲਿਸਟਾਂ 'ਚ ਕੁਝ ਬੇਕਸੂਰ ਲੋਕ ਦੇ ਨਾਂ ਹਨ ਜਦਕਿ ਕੁਝ ਵਿਅਕਤੀਆਂ 'ਤੇ ਪਹਿਲਾਂ ਹੀ ਮੁਕੱਦਮੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਪਾਰਟੀਬਾਜ਼ੀ ਕਰਕੇ ਹੀ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਜਦੋਂ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਤੇ ਇਸ ਸਬੰਧੀ ਉਨ੍ਹਾਂ ਨੇ ਪੁਲਸ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ, ਜੋ ਇਸ ਲਿਸਟ 'ਚ ਸ਼ਾਮਲ ਨਾਂਵਾਂ ਦੀ ਅਪਣੇ ਪੱਧਰ 'ਤੇ ਤਫਤੀਸ਼ ਕਰਨਗੇ। ਇਸ ਤਫਤੀਸ਼ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Baljeet Kaur

This news is Content Editor Baljeet Kaur