ਤਰਨਤਾਰਨ ਨੇੜੇ ਲੁਟੇਰਿਆਂ ਨੇ ਐਕਸਿਸ ਬੈਂਕ ’ਚੋਂ ਲੁੱਟੇ ਸਾਢੇ 7 ਲੱਖ ਰੁਪਏ

01/17/2020 4:05:43 PM

ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਅਧੀਨ ਆਉਂਦੇ ਪਿੰਡ ਠੱਠੀਆਂ ਮਹੰਤਾਂ ਵਿਖੇ ਅੱਜ ਦੁਪਹਿਰੇ ਸਥਾਨਕ ਐਕਸਿਸ ਬੈਂਕ 'ਚੋਂ ਪੰਜ ਅਣਪਛਾਤੇ ਲੁਟੇਰਿਆਂ ਵੱਲੋਂ ਸਾਢੇ 7 ਲੱਖ ਰੁਪਏ ਦੀ ਨਕਦੀ ਗੰਨ ਪੁਆਇੰਟ 'ਤੇ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਪੀ. (ਡੀ) ਜਗਜੀਤ ਸਿੰਘ ਵਾਲੀਆ ਅਤੇ ਹੋਰ ਸੀਨੀਅਰ ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਅਗਲੇਰੀ ਜਾਂਚ ਸ਼ੁਰੂ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਿਸ ਬੈਂਕ ਦੇ ਮੈਨੇਜਰ ਲਖਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਮਖੂ ਜ਼ਿਲਾ ਫਿਰੋਜ਼ਪੁਰ ਨੇ ਦੱਸਿਆ ਕਿ ਅੱਜ ਦੁਪਹਿਰੇ 2.20 ਵਜੇ ਉਹ ਸਮੇਤ ਸਟਾਫ ਬੈਂਕ 'ਚ ਆਪਣਾ ਕੰਮ-ਕਾਜ ਕਰ ਰਿਹਾ ਸੀ ਤਾਂ ਬੈਂਕ ਦਾ ਸੁਰੱਖਿਆ ਗਾਰਡ ਨਿਸ਼ਾਨ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਬੂਹ ਜ਼ਿਲਾ ਤਰਨਤਾਰਨ (ਜਿਸ ਪਾਸ ਕੋਈ ਵੀ ਅਸਲਾ ਮੌਜੂਦ ਨਹੀਂ ਹੈ), ਬੈਂਕ ਦੇ ਮੇਨ ਕੈਂਚੀ ਗੇਟ ਦੇ ਬਾਹਰ ਖੜ੍ਹਾ ਸੀ ਤਾਂ ਅਚਾਨਕ ਇਕ ਬਿਨਾਂ ਨੰਬਰੀ ਸਵਿਫਟ ਕਾਰ ਆਈ । ਜਿਸ 'ਚੋਂ ਇਕ ਮੋਨਾ ਅਤੇ ਬਾਅਦ 'ਚ ਤਿੰਨ ਹੋਰ ਨੌਜਵਾਨਾਂ ਨੇ ਬੈਂਕ 'ਚ ਦਾਖਲ ਹੋਏ ਅਤੇ ਉਨ੍ਹਾਂ ਆਪਣੀ ਡੱਬ 'ਚ ਰੱਖੀਆਂ ਵੱਖ-ਵੱਖ ਪਿਸਤੌਲਾਂ ਨਾਲ ਸਟਾਫ ਨੂੰ ਘੇਰ ਲਿਆ ਅਤੇ ਮਾਰਨ ਦੀ ਧਮਕੀ ਦੇਣ ਲੱਗ ਪਏ। ਇਨ੍ਹਾਂ ਚਾਰਾਂ ਲੁਟੇਰਿਆਂ 'ਚੋਂ ਇਕ ਮੇਨ ਗੇਟ 'ਤੇ ਮੌਜੂਦ ਸੀ ਅਤੇ ਦੋ ਕੈਸ਼ ਕਾਊਂਟਰ ਟੱਪ ਕੇ ਅੰਦਰ ਦਾਖਲ ਹੋ ਗਿਆ। ਇਹ ਲੁਟੇਰੇ ਗੰਨ ਪੁਆਇੰਟ 'ਤੇ ਕਰਮਚਾਰੀ ਨੂੰ ਡਰਾਉਂਦੇ ਹੋਏ ਸੇਫ 'ਚ ਪਏ ਬੈਂਕ ਦੇ ਸਾਢੇ ਸੱਤ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਲੁਟੇਰੇ ਜਾਂਦੇ ਸਮੇਂ ਬੈਂਕ ਦੇ ਕਰਮਚਾਰੀ ਲਵਪ੍ਰੀਤ ਸਿੰਘ ਅਤੇ ਮਨਜੀਤ ਸਿੰਘ ਦੀ ਜੇਬ 'ਚ ਮੌਜੂਦ ਪਰਸ ਵੀ ਕੱਢ ਕੇ ਲੈ ਗਏ ਅਤੇ ਬੈਂਕ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਡੀ. ਵੀ. ਆਰ. ਵੀ ਨਾਲ ਲੈ ਕੇ ਫਰਾਰ ਹੋ ਗਏ। ਜਿਨ੍ਹਾਂ ਦੀ ਪੁਲਸ ਵੱਲੋਂ ਭਾਲ ਸਬੰਧੀ ਜ਼ਿਲੇ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਐੱਸ. ਪੀ. (ਡੀ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਥਾਣਾ ਸਰਹਾਲੀ ਵਿਖੇ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਸਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

Baljeet Kaur

This news is Content Editor Baljeet Kaur