ਮੀਡੀਆ ਨੂੰ ਪੁਲਸ ਵਲੋਂ ਪੰਡੋਰੀ ਗੋਲਾ ਧਮਾਕੇ ਦੀ ਅਜੇ ਤੱਕ ਨਹੀਂ ਦਿੱਤੀ ਗਈ ਕੋਈ ਜਾਣਕਾਰੀ

09/08/2019 4:19:06 PM

ਤਰਨਤਾਰਨ (ਰਮਨ) : ਤਰਨਤਾਰਨ ਤੋਂ ਕਰੀਬ 7 ਕਿਲੋਮੀਟਰ ਦੂਰ ਸਥਿਤ ਪਿੰਡ ਪੰਡੋਰੀ ਗੋਲਾ ਵਿਖੇ ਬੀਤੇ ਬੁੱਧਵਾਰ ਦੀ ਰਾਤ ਕਰੀਬ 8.30 ਵਜੇ ਹੋਏ ਹਾਈ ਐਕਸਪਲੋਸਿਵ ਧਮਾਕੇ” ਦੀ ਪੁਲਸ ਵਲੋਂ ਤਿੰਨ ਦਿਨ ਬੀਤ ਜਾਣ ਦੇ ਬਾਅਦ ਵੀ ਪੁਲਸ ਕਿਸੇ ਖਾਸ ਨਤੀਜੇ ਤੱਕ ਨਹੀਂ ਪੁੱਜ ਪਾਈ ਹੈ। ਭਾਵੇਂ ਕਿ ਪੁਲਸ ਵਲੋਂ ਇਸ ਜਾਂਚ ਨੂੰ ਪੂਰੀ ਕਰਨ 'ਚ ਦੇਸ਼ ਦੀਆਂ ਵੱਖ-ਵੱਖ ਸੁਰੱਖਿਆ ਅਤੇ ਜਾਂਚ ਏਜੰਸੀਆਂ ਦੀ ਮਦਦ ਲੈਂਦੇ ਹੋਏ ਕਈ ਸਿੱਖ ਜਥੇਬੰਦੀਆਂ ਅਤੇ ਹੋਰ ਗਰਮ ਖਿਆਲੀ ਦਲਾਂ ਦੇ ਮੈਂਬਰਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈਂਦੇ ਹੋਏ ਉਨ੍ਹਾਂ ਦੀਆਂ ਗਤੀਵਿਧੀਆਂ ਅਤੇ ਬੈਂਕ ਖਾਤਿਆਂ ਦੀ ਬਾਰੀਕੀ ਨਾਲ ਜਾਂਚ ਕਰਦੇ ਹੋਏ ਮੁੱਖ ਸਰਗਣਾ ਤੱਕ ਪੁੱਜਣ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ। ਜ਼ਿਕਰਯੋਗ ਹੈ ਕਿ ਧਮਾਕੇ ਵਾਲੀ ਥਾਂ 'ਤੇ ਰੱਖੀ ਹੋਈ ਸਮੱਗਰੀ ਤੱਕ ਪੁੱਜਣ ਲਈ ਦੋਸ਼ੀਆਂ ਵਲੋਂ ਇਕ ਖੰਭਿਆਂ ਉੱਪਰ ਨਿਸ਼ਾਨੀਆਂ ਤੱਕ ਲਾਈਆਂ ਗਈਆਂ ਸਨ ਜੋ ਪੁਲਸ ਦੇ ਧਿਆਨ 'ਚ ਨਹੀਂ ਆਈਆਂ ਅਤੇ ਕਈ ਸਵਾਲ ਪੈਦਾ ਕਰਦੀਆਂ ਹਨ।

ਇਸ ਮਾਮਲੇ 'ਚ ਸ਼ਾਮਲ ਫਰਾਰ ਦੱਸੇ ਜਾਂਦੇ ਹਰਜੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪੰਡੋਰੀ ਗੋਲਾ, ਜਿਸ ਦੇ ਸਬੰਧ 'ਚ ਕਿਸੇ ਗਰਮ ਖਿਆਲੀ ਵਿਅਕਤੀਆਂ ਨਾਲ ਹੋਣ ਦੇ ਸ਼ੱਕ ਨੂੰ ਪਹਿਲ ਦੇ ਆਧਾਰ 'ਤੇ ਲੈਂਦੇ ਹੋਏ ਪੁਲਸ ਵਲੋਂ ਉਸ ਦੇ ਮਾਤਾ-ਪਿਤਾ ਨੂੰ ਵੀਰਵਾਰ ਸਵੇਰ ਤੋਂ ਹੀ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਇਨ੍ਹਾਂ ਦੇ ਘਰ ਉੱਪਰ ਵਾਲੇ ਕਮਰੇ 'ਚ ਪੂਰੀ ਮਾਨ ਮਰਿਆਦਾ ਨਾਲ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਦੇਖਭਾਲ ਕਰਨ ਵਾਲਾ ਕੋਈ ਮੈਂਬਰ ਨਹੀਂ ਪੁੱਜ ਸਕਿਆ। ਇੰਨਾ ਹੀ ਨਹੀਂ ਹਰਜੀਤ ਸਿੰਘ ਅਤੇ ਜ਼ਖਮੀ ਗੁਰਜੰਟ ਸਿੰਘ ਦੇ ਘਰਾਂ 'ਚ ਸੰਨਾਟਾ ਛਾਇਆ ਪਿਆ ਹੈ ਜਿਨ੍ਹਾਂ ਦੇ ਰਿਸ਼ਤੇਦਾਰ ਤੱਕ ਆਪਣੇ ਘਰਾਂ ਤੋਂ ਫਰਾਰ ਦੱਸੇ ਜਾ ਰਹੇ ਹਨ ਅਤੇ ਇਨ੍ਹਾਂ ਦੇ ਘਰਾਂ 'ਚ ਰੱਖੇ ਗਏ ਪਸ਼ੂ ਪਿਛਲੇ ਤਿੰਨ ਦਿਨਾਂ ਤੋਂ ਭੁੱਖੇ ਪਿਆਸੇ ਕੁਰਲਾ ਰਹੇ ਹਨ।

ਜਾਣਕਾਰੀ ਅਨੁਸਾਰ ਘਟਨਾ ਵਾਲੀ ਥਾਂ ਦੇ ਨਜ਼ਦੀਕ ਸੜਕ ਕਿਨਾਰੇ ਇਕ ਸੀਮੈਂਟ ਦੀ ਆਪਣੇ-ਆਪ ਵਲੋਂ ਜਮੀਨ 'ਚ ਗੱਡੀ ਗਈ ਬੁਰਜੀ 'ਤੇ ਕ੍ਰੀਮ ਰੰਗ ਦਾ ਪੇਂਟ ਕੀਤਾ ਗਿਆ ਸੀ ਅਤੇ ਇਸ ਦੇ ਸਾਹਮਣੇ ਮੌਜੂਦ ਇਕ ਖੰਭੇ ਉੱਪਰ ਅੰਗਰੇਜ਼ੀ ਭਾਸ਼ਾ 'ਚ “ਜੀ” ਲਿਖਿਆ ਪਿਆ ਹੈ, ਜਿਸ ਦਾ ਮਤਲਬ ਜਾਂ ਤਾਂ ਗੁਰਜੰਟ ਅਤੇ ਜਾਂ ਫਿਰ ਗ੍ਰਨੇਡ ਹੋ ਸਕਦਾ ਹੈ। ਇਹ ਨਿਸ਼ਾਨੀ ਲਾਉਣ ਦਾ ਮਤਲਬ ਰਾਤ ਸਮੇਂ ਜ਼ਮੀਨ 'ਚ ਦਬਾਏ ਗਏ ਅਸਲੇ ਤੱਕ ਆਸਾਨੀ ਨਾਲ ਪੁੱਜਣਾ ਵੀ ਹੋ ਸਕਦਾ ਹੈ। ਪੁਲਸ ਵਲੋਂ ਇਸ ਘਟਨਾ ਵਾਲੇ ਖਾਲੀ ਪਲਾਟ ਦੀ ਜਾਂਚ ਤਾਂ ਕਰ ਲਈ ਗਈ ਹੈ ਪਰ ਇਸ ਦੇ ਆਸ-ਪਾਸ ਕਈ ਹੋਰ ਖਾਲੀ ਪਲਾਟ ਵੀ ਮੌਜੂਦ ਹਨ ਜਿਨ੍ਹਾਂ ਦੀ ਜਾਂਚ ਕਰਨਾ ਪੁਲਸ ਨੇ ਮੁਨਾਸਿਬ ਨਹੀਂ ਸਮਝਿਆ। ਇਹ ਜਾਂਚ ਦਾ ਇਕ ਵੱਡਾ ਸਵਾਲ ਬਣ ਚੁੱਕਾ ਹੈ।

ਬੁੱਧਵਾਰ ਦੀ ਰਾਤ ਹੋਏ ਹਾਈ ਐਕਸਪਲੋਸਿਵ ਧਮਾਕੇ ਤੋਂ ਬਾਅਦ ਅੱਜ ਤੱਕ ਪੁਲਸ ਵਲੋਂ ਰੋਜ਼ਾਨਾ 20 ਤੋਂ 25 ਵਿਅਕਤੀਆਂ ਜਿਨ੍ਹਾਂ 'ਚ ਗਰਮ ਖਿਆਲੀ, ਗਤਕਾ ਪਾਰਟੀ ਅਤੇ ਹੋਰ ਜਥੇਬੰਦੀਆਂ ਦੇ ਮੈਂਬਰ ਸ਼ਾਮਲ ਹਨ ਨੂੰ ਹਿਰਾਸਤ 'ਚ ਲੈਂਦੇ ਹੋਏ ਇਨ੍ਹਾਂ ਦੀਆਂ ਫੋਨ ਕਾਲਾਂ ਤੋਂ ਲੈ ਕੇ ਬੈਂਕ ਖਾਤਿਆਂ ਅਤੇ ਜ਼ਮੀਨ ਜਾਇਦਾਦ ਤੱਕ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਪ੍ਰਸ਼ਾਸਨ ਆਈ. ਜੀ. ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਦੇ ਹੁਕਮਾਂ ਤਹਿਤ ਐੱਸ. ਐੱਸ. ਪੀ. ਧਰੁਵ ਦਹੀਆ, ਐੱਸ. ਪੀ. (ਆਈ.) ਹਰਜੀਤ ਸਿੰਘ, ਐੱਸ. ਟੀ. ਐੱਫ. ਦੇ ਐੱਸ. ਪੀ. ਅਮਨਪ੍ਰੀਤ ਕੌਰ, ਡੀ. ਐੱਸ. ਪੀ. (ਆਈ.) ਸਨਮਿੰਦਰ ਸਿੰਘ, ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਰਵਿੰਦਰਪਾਲ ਸਿੰਘ ਇਸ ਜਾਂਚ 'ਚ ਦਿਨ ਰਾਤ ਲੱਗੇ ਹੋਏ ਹਨ। ਜਿਨ੍ਹਾਂ ਵਲੋਂ ਮੀਡੀਆ ਨਾਲ ਤਿੰਨ ਦਿਨਾਂ ਬਾਅਦ ਵੀ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਹੈ।

ਹਾਦਸੇ 'ਚ ਜ਼ਖਮੀ ਗੁਰਜੰਟ ਸਿੰਘ ਦੇ ਗੰਭੀਰ ਜ਼ਖਮੀ ਹੋਣ ਕਾਰਣ ਪੁਲਸ ਨੂੰ ਉਸ ਕੋਲੋਂ ਜ਼ਿਆਦਾ ਸੁਰਾਗ ਹਾਸਲ ਕਰਨ 'ਚ ਵੱਡੀ ਮੁਸ਼ਕਲ ਪੈਦਾ ਹੋ ਰਹੀ ਹੈ। ਫਿਰ ਵੀ ਪੁਲਸ ਗੁਰਜੰਟ ਸਿੰਘ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਇਸ ਮਾਮਲੇ ਦੀ ਕੜੀ ਨਾਲ ਜੋੜਦੀ ਹੋਈ ਹਰ ਪਹਿਲੂ ਤੋਂ ਵੇਖ ਰਹੀ ਹੈ ਕਿ ਕਿਤੇ ਇਸ ਮਾਮਲੇ ਦੀਆਂ ਤਾਰਾਂ ਪਾਕਿਸਤਾਨ ਜਾਂ ਕਿਸੇ ਹੋਰ ਦੇਸ਼ ਨਾਲ ਤਾਂ ਨਹੀਂ ਜੁੜੀਆਂ।

ਹਿਰਾਸਤ 'ਚ ਲਏ ਗਏ ਸ਼ੱਕੀ ਵਿਅਕਤੀਆਂ ਨੂੰ ਜਿਸ ਕਿਸੇ ਨੇ ਵੀ ਬਾਹਰੋਂ ਫੰਡਿੰਗ ਕੀਤੀ ਹੋਵੇਗੀ ਉਸ ਦੀ ਜਾਂਚ ਪੁਲਸ ਵਲੋਂ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹਰਜੀਤ ਸਿੰਘ ਦੇ ਗ੍ਰਾਮੀਣ ਬੈਂਕ ਤਰਨ ਤਾਰਨ 'ਚ ਮੌਜੂਦ ਖਾਤੇ 'ਚ ਕਿਸੇ ਵਲੋਂ ਮੋਟੀ ਰਕਮ ਦੀ ਫੰਡਿੰਗ ਕੀਤੀ ਗਈ ਹੈ। ਹਰਜੀਤ ਸਿੰਘ ਵਾਸੀ ਪੰਡੋਰੀ ਗੋਲਾ, ਜਿਸ ਦਾ ਘਰ ਧਮਾਕੇ ਵਾਲੀ ਥਾਂ ਤੋਂ ਕਰੀਬ 100 ਗਜ ਦੀ ਦੂਰੀ 'ਤੇ ਮੌਜੂਦ ਹੈ ਅਤੇ ਇਸਦਾ ਪਿਤਾ ਹਰਦੇਵ ਸਿੰਘ ਇਸੇ ਗ੍ਰਾਮੀਣ ਬੈਂਕ ਤੋਂ ਸੇਵਾਮੁਕਤ ਹੋ ਚੁੱਕਾ ਹੈ, ਜਿਸ 'ਚ ਉਸ ਨੂੰ ਫੰਡਿੰਗ ਕੀਤੀ ਗਈ। ਸੂਤਰਾਂ ਤੋਂ ਇਹ ਪਤਾ ਲੱਗਾ ਹੈ ਕਿ ਇਸ ਵਿਸਫੋਟਕ ਪਦਾਰਥ ਨੂੰ ਹਰਜੀਤ ਸਿੰਘ ਦੀ ਰਿਹਾਇਸ਼ ਨਜ਼ਦੀਕ ਰੱਖੇ ਜਾਣਾ ਅਤੇ ਆਉਣ ਵਾਲੇ ਦਿਨਾਂ 'ਚ ਕਿਸੇ ਵੱਡੀ ਘਟਨਾ ਨੂੰ ਅੰਜਾਮ ਦਿੱਤੇ ਜਾਣ ਦੀ ਸਾਜ਼ਿਸ਼ 'ਚ ਕਿਹੜੇ ਲੋਕ ਸ਼ਾਮਲ ਹਨ ਦੀ ਪੁਲਸ ਜਾਂਚ ਕਰ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਇਸ ਧਮਾਕੇ ਸਬੰਧੀ ਖੁਲਾਸਾ ਜਲਦ ਕਰ ਦਿੱਤਾ ਜਾਵੇਗਾ, ਜਿਸ ਦੇ ਸਬੰਧ 'ਚ ਉਨ੍ਹਾਂ ਦੀ ਸਾਰੀ ਟੀਮ ਬਹੁਤ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਕਿਸੇ ਨੂੰ ਨਾਜਾਇਜ਼ ਨਹੀਂ ਫਸਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਤਹਿ ਤੱਕ ਜਾਣ ਲਈ ਕੁੱਝ ਸਮਾਂ ਜ਼ਰੂਰ ਲੱਗ ਰਿਹਾ ਹੈ।

Baljeet Kaur

This news is Content Editor Baljeet Kaur