ਕੋਰੋਨਾ ਵਾਇਰਸ : ਲਾਕ ਡਾਊਨ ''ਚ ਤਰਨਤਾਰਨ ਪੁਲਸ ਸਖਤ, SSP ਨੇ ਦਿੱਤੀ ਚਿਤਾਵਨੀ

03/23/2020 11:45:41 AM

ਤਰਨਤਾਰਨ (ਰਮਨ) : ਪੰਜਾਬ ਸਰਕਾਰ ਵਲੋਂ ਜਿੱਥੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਸਬੰਧੀ ਲੋਕਾਂ ਨੂੰ ਘਰਾਂ ਅੰਦਰ 31 ਮਾਰਚ ਤਕ ਲਾਕਡਾਊਨ ਲਈ ਅਪੀਲ ਕੀਤੀ ਜਾ ਰਹੀ ਹੈ ਉੱਥੇ ਅੱਜ ਸਵੇਰ ਤੋਂ ਤਰਨਤਾਰਨ ਸ਼ਹਿਰ ਵਾਸੀਆਂ ਵਲੋਂ ਲਾਕ ਡਾਊਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਇਸ 'ਤੇ ਤੁਰੰਤ ਕਾਰਵਾਈ ਕਰਦਿਆ ਐੱਸ.ਐੱਸ.ਪੀ. ਧਰੁਵ ਦਹੀਆ ਨੇ ਪੂਰੀ ਸਖਤੀ ਨਾਲ ਖੁਦ ਆਪਣੀ ਕਾਰ ਵਿਚੋਂ ਉੱਤਰ ਕੇ ਪੈਦਲ ਮਾਰਚ ਕਰਦੇ ਹੋਏ ਚਾਰ ਖੰਬਾ ਚੌਕ, ਮੁਰਾਦਪੁਰਾ ਰੋਡ, ਸਰਹਾਲੀ ਰੋਡ, ਆਦਿ ਇਲਾਕਿਆਂ ਵਿਚ ਦੌਰਾ ਕੀਤਾ। ਇਸ ਦੌਰਾਨ ਐੱਸ.ਐੱਸ.ਪੀ. ਵਲੋਂ ਬਾਜ਼ਾਰ 'ਚ ਖੁੱਲ੍ਹੀਆਂ ਰੇਹੜੀਆਂ ਸਬਜ਼ੀ ਦੀਆਂ ਦੁਕਾਨਾਂ ਅਤੇ ਹੋਰ ਆਮ ਦੁਕਾਨਾਂ ਨੂੰ ਤੁਰੰਤ ਬੰਦ ਕਰਵਾ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ.ਐੱਸ.ਪੀ. ਧਰੂਵ ਦਹੀਆ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਤਹਿਤ 31 ਮਾਰਚ ਤੱਕ ਲਾਕਡਾਊਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਦੀ ਪੁਲਸ ਪ੍ਰਸ਼ਾਸਨ ਵਲੋਂ ਪੂਰੀ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇ ਕੋਈ ਵੀ ਦੁਕਾਨਦਾਰ ਜਾਂ ਆਮ ਨਾਗਰਿਕ ਇਸ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐੱਸ.ਐੱਸ.ਪੀ. ਧਰੁਵ ਦਹੀਆ ਦੇ ਨਾਲ ਡੀ.ਐੱਸ.ਪੀ. ਸਿਟੀ ਸੁੱਚਾ ਸਿੰਘ ਬੱਲ ਡੀ.ਐੱਸ.ਪੀ. ਹਰੀਸ਼ ਬਹਿਲ, ਏ.ਐੱਸ.ਪੀ. ਤੁਸ਼ਾਰ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮ ਹਾਜ਼ਰ ਸਨ। ਇਸ ਪੁਲਸ ਦੀ ਸਖਤੀ ਨੂੰ ਵੇਖ ਬਾਜ਼ਾਰਾਂ 'ਚ ਆਰਾਮ ਨਾਲ ਘੁੰਮਣ ਵਾਲੇ ਲੋਕ ਤੁਰੰਤ ਆਪਣੇ ਘਰਾਂ ਅੰਦਰ ਬੰਦ ਹੋ ਗਏ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : 'ਲਾਕ ਡਾਊਨ' 'ਚ ਅੰਮ੍ਰਿਤਸਰ ਪੁਲਸ ਦੀ ਸਖਤੀ, ਨਾ ਨਿਕਲੋ ਘਰੋਂ ਬਾਹਰ

 

Baljeet Kaur

This news is Content Editor Baljeet Kaur