ਡਿਊਟੀ ''ਤੇ ਜਾ ਰਹੀ ਆਂਗਣਵਾੜੀ ਵਰਕਰ ਨੂੰ ਅਗਵਾ ਕਰਨ ਦੀ ਕੋਸ਼ਿਸ਼!

09/22/2019 9:47:30 AM

ਤਰਨਤਾਰਨ (ਰਾਜੂ) : ਸੀ. ਡੀ. ਪੀ. ਓ. ਦਫਤਰ ਕੈਰੋਂ ਵਿਖੇ ਕਾਰ ਸਵਾਰ ਆਂਗਣਵਾੜੀ ਵਰਕਰ ਅਤੇ ਉਸ ਦੇ ਪਤੀ ਨੂੰ ਰਸਤੇ 'ਚ ਰੋਕ ਕੇ ਡਰਾਉਣ ਧਮਕਾਉਣ ਅਤੇ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤਾ ਵਲੋਂ ਜ਼ਿਲੇ ਦੇ ਐੱਸ. ਐੱਸ. ਪੀ. ਨੂੰ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਰਜਿੰਦਰ ਕੌਰ ਪਤਨੀ ਜਸਪਾਲ ਸਿੰਘ ਵਾਸੀ ਬਾਠ ਰੋਡ ਤਰਨਤਾਰਨ ਨੇ ਦੱਸਿਆ ਕਿ ਉਹ 19 ਸਤੰਬਰ ਨੂੰ ਆਪਣੇ ਪਤੀ ਨਾਲ ਕਾਰ 'ਚ ਸੀ. ਡੀ. ਪੀ. ਓ. ਦਫਤਰ ਵਿਖੇ ਮਹੀਨਾਵਾਰੀ ਮੀਟਿੰਗ 'ਚ ਸ਼ਾਮਲ ਹੋਣ ਲਈ ਪਿੰਡ ਕੈਰੋਂ ਵਿਖੇ ਜਾ ਰਹੀ ਸੀ। ਇਸ ਦੌਰਾਨ ਕੁਝ ਲੋਕਾਂ ਨੇ ਉਨ੍ਹਾਂ ਪਿਛੇ ਗੱਡੀ ਲਾ ਲਈ ਅਤੇ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕੈਰੋਂ ਅੱਗੇ ਉਨ੍ਹਾਂ ਨੂੰ ਘੇਰ ਲਿਆ। ਗੱਡੀ 'ਚ ਸਵਾਰ ਏ. ਐੱਸ. ਆਈ. ਪ੍ਰਤਾਪ ਸਿੰਘ, ਇਕ ਔਰਤ ਅਤੇ 8-10 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ 'ਤੇ ਕਥਿਤ ਤੌਰ 'ਤੇ ਹਮਲਾ ਕਰ ਦਿੱਤਾ ਅਤੇ ਏ. ਐੱਸ. ਆਈ. ਨੇ
ਉਸ ਦੇ ਪਤੀ ਦੇ ਗਲ 'ਤੇ ਰਿਵਾਲਵਰ ਰੱਖ ਦਿੱਤਾ ਜਦ ਕਿ ਉਸ ਦੇ ਨਾਲ ਮੌਜੂਦ ਇਕ ਔਰਤ ਨੇ ਉਸ ਦੀ ਚੈਨੀ ਅਤੇ ਟੌਪਸ ਲਾਹ ਲਏ ਤੇ ਉਸ ਨਾਲ ਖਿੱਚ-ਧੂਹ ਕੀਤੀ। ਉਹ ਬਚਣ ਲਈ ਸੀ. ਡੀ. ਪੀ. ਓ. ਦਫਤਰ ਅੰਦਰ ਚਲੀ ਗਈ ਤੇ ਦਰਵਾਜ਼ਾ ਬੰਦ ਕਰ ਲਿਆ ਪਰ ਏ. ਐੱਸ. ਆਈ. ਨੇ ਜ਼ਬਰਦਸਤੀ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਖਿੱਚ-ਧੂਹ ਕਰ ਕੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਵਲੋਂ ਵਲੋਂ ਰੌਲਾ ਪਾਉਣ 'ਤੇ ਜਦ ਉਨ੍ਹਾਂ ਦਾ ਸਟਾਫ ਇਕੱਠਾ ਹੋ ਗਿਆ ਤਾਂ ਉਕਤ ਵਿਅਕਤੀ ਜਾਨੋਂ ਮਾਰਨ ਅਤੇ ਝੂਠੇ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ ਤੇ ਜਾਂਦੇ ਹੋਏ ਉਨ੍ਹਾਂ ਦੀ ਗੱਡੀ 'ਚੋਂ 15 ਹਜ਼ਾਰ ਰੁਪਏ, ਮੈਰਿਜ ਸਰਟੀਫਿਕੇਟ, ਬੈਂਕ ਦੀ ਪਾਸ ਬੁੱਕ ਆਦਿ ਚੋਰੀ ਕਰ ਕੇ ਲੈ ਗਏ।

ਪੀੜਤਾ ਨੇ ਦੱਸਿਆ ਕਿ ਉਕਤ ਔਰਤ ਉਸ ਦੇ ਪਤੀ ਦੀ ਪਹਿਲੀ ਘਰਵਾਲੀ ਹੈ, ਜਿਸ ਦਾ ਅਦਾਲਤ 'ਚ ਤਲਾਕ ਹੋ ਚੁੱਕਾ ਹੈ ਪਰ ਇਨ੍ਹਾਂ ਦੀ ਛੋਟੀ ਲੜਕੀ ਦੀ ਕਸਟਡੀ ਦਾ ਕੇਸ ਮਾਣਯੋਗ ਅਦਾਲਤ 'ਚ ਵਿਚਾਰ ਅਧੀਨ ਹੈ। ਇਸੇ ਵਜ੍ਹਾ ਕਰ ਕੇ ਔਰਤ ਵਲੋਂ ਏ. ਐੱਸ. ਆਈ. ਪ੍ਰਤਾਪ ਸਿੰਘ ਨਾਲ ਮਿਲ ਕੇ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਪੁਲਸ ਚੌਕੀ ਕੈਰੋਂ ਵਿਖੇ ਦਰਖਾਸਤ ਦਿੱਤੀ ਪਰ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਉਸ ਨੇ ਕਿਹਾ ਕਿ ਪੁਲਸ ਲੋਕਾਂ ਦੀ ਸੁਰੱਖਿਆ ਲਈ ਹੈ ਪਰ ਅਜਿਹੇ ਪੁਲਸ ਅਫਸਰ ਲੋਕਾਂ 'ਤੇ ਆਪਣੀ ਵਰਦੀ ਦਾ ਰੋਹਬ ਪਾ ਕੇ ਜ਼ਿਆਦਤੀਆਂ ਕਰ ਰਹੇ ਹਨ। ਪੀੜਤਾ ਨੇ ਐੱਸ. ਐੱਸ. ਪੀ. ਤਰਨਤਾਰਨ ਤੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਖਿਲਾਫ ਸਖ਼ਤ ਕਾਰਵਾਈ ਕਰ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ।

ਕੀ ਕਹਿਣਾ ਏ.ਐੱਸ.ਆਈ. ਦਾ
ਇਸ ਸਬੰਧੀ ਏ. ਐੱਸ. ਆਈ. ਪ੍ਰਤਾਪ ਸਿੰਘ ਨੇ ਕਿਹਾ ਕਿ ਉਕਤ ਔਰਤ ਅਤੇ ਜਸਪਾਲ ਸਿੰਘ ਦੀ ਪਹਿਲੀ ਪਤਨੀ ਵਿਚਕਾਰ ਝਗੜਾ ਹੋਇਆ ਸੀ ਜਦ ਕਿ ਮੇਰਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੇਰੇ 'ਤੇ ਲਾਏ ਜਾ ਰਹੇ ਦੋਸ਼ ਬਿੱਲਕੁਲ ਬੇਬੁਨਿਆਦ ਹਨ।

ਇਸ ਸਬੰਧੀ ਪੁਲਸ ਚੌਕੀ ਕੈਰੋਂ ਦੇ ਇੰਚਾਰਜ ਏ. ਐੱਸ. ਆਈ. ਸਤਪਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਝਗੜੇ ਸਬੰਧੀ ਦੋਵਾਂ ਪਾਰਟੀਆਂ ਨੂੰ ਅੱਜ ਸ਼ਾਮ 4 ਵਜੇ ਦਾ ਟਾਈਮ ਦਿੱਤਾ ਗਿਆ ਸੀ, ਏ. ਐੱਸ. ਆਈ. ਪ੍ਰਤਾਪ ਸਿੰਘ ਵਾਲੀ ਪਾਰਟੀ ਤਾਂ ਹਾਜ਼ਰ ਹੋਈ ਜਦ ਕਿ ਮੁੱਦਈ ਧਿਰ ਨਹੀਂ ਪਹੁੰਚੀ।

ਇਸ ਸਬੰਧੀ ਐੱਸ. ਐੱਸ. ਪੀ. ਧਰੁਵ ਦਹੀਆ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਲਈ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਤਰਨਤਾਰਨ ਦੀ ਡਿਊਟੀ ਲਾਈ ਗਈ ਹੈ ਅਤੇ ਜਾਂਚ 'ਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਦਾ ਵੀ ਲਿਹਾਜ਼ ਨਹੀਂ ਹੋਵੇਗਾ।

Baljeet Kaur

This news is Content Editor Baljeet Kaur