ਤਰਨਤਾਰਨ : ਨਾਮਜ਼ਦਗੀ ਪੱਤਰ ਭਰਨ ਦੌਰਾਨ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਝੜਪ, ਚੱਲੀ ਗੋਲੀ

09/07/2018 4:23:07 PM

ਤਰਨਤਾਰਨ,(ਰਾਜੂ, ਰਮਨ)—ਪੰਜਾਬ 'ਚ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਨਾਮਜ਼ਦਗੀ ਕਾਗਜ਼ ਭਰਨ ਦਾ ਆਖਰੀ ਦਿਨ ਸੀ। ਵਿਧਾਨ ਸਭਾ ਹਲਕਾ ਤਰਨਤਾਰਨ ਦੇ ਐੱਸ. ਡੀ. ਐੱਮ. ਦਫ਼ਤਰ 'ਚ ਚੋਣਾਂ ਦੇ ਇਛੁੱਕ ਲੋਕ ਆਪਣੇ ਨਾਮਜ਼ਦਗੀ ਕਾਗਜ਼ ਜਮ੍ਹਾ ਕਰਵਾਉਣ ਲਈ ਪੁੱਜੇ। ਤਰਨਤਾਰਨ ਵਿਖੇ ਨਾਮਜ਼ਦਗੀ ਕਾਗਜ਼ ਭਰਦੇ ਸਮੇਂ ਅਕਾਲੀ ਦਲ (ਬ) ਅਤੇ ਕਾਂਗਰਸ ਪਾਰਟੀ ਨਾਲ ਸਬੰਧਤ ਵਰਕਰਾਂ ਵਿਚਕਾਰ ਤਕਰਾਰ ਹੋ ਗਈ।

ਜਾਣਕਾਰੀ ਮੁਤਾਬਕ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ ਅਤੇ ਹੋਰ ਪਾਰਟੀ ਨੇਤਾ ਜਦੋਂ ਐੱਸ. ਡੀ. ਐੱਮ. ਦਫ਼ਤਰ 'ਚ ਨਾਮਜ਼ਦਗੀ ਪੱਤਰ ਭਰਨ ਗਏ ਤਾਂ ਉਥੇ ਉਨ੍ਹਾਂ ਦੀ ਕੁੱਝ ਕਾਂਗਰਸੀ ਸਮਰਥਕਾਂ ਨਾਲ ਤਕਰਾਰ ਹੋ ਗਈ। ਕੁੱਝ ਲੋਕਾਂ ਨੇ ਭੁਪਿੰਦਰ ਸਿੰਘ ਖੇੜਾ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁੱਟ-ਮਾਰ ਦੌਰਾਨ ਉਨ੍ਹਾਂ ਦੀ ਪੱਗ ਲੱਥ ਗਈ। ਇਸ ਮੌਕੇ ਕਿਸੇ ਸਿਆਸੀ ਵਿਅਕਤੀ ਨੇ ਗੋਲੀ ਚਲਾ ਦਿੱਤੀ। ਇਸ ਗੋਲੀਬਾਰੀ 'ਚ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।

ਤਰਨਤਾਰਨ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਇਸ ਘਟਨਾਕ੍ਰਮ ਦੇ ਪਿੱਛੇ ਤਰਨਤਾਰਨ ਦੇ ਮੌਜੂਦਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਸੰਧੂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ 'ਚ ਕਾਂਗਰਸੀ ਵਰਕਰ ਜੰਮ ਕੇ ਗੁੰਡਾਗਰਦੀ ਕਰ ਰਹੇ ਹਨ ਤੇ ਆਉਣ ਵਾਲੇ ਸਮੇਂ 'ਚ ਅਸੀਂ ਕਾਂਗਰਸੀ ਵਰਕਰਾਂ ਦਾ ਇਸ ਤੋਂ ਵੱਧ ਬੁਰਾ ਹਾਲ ਕਰਾਂਗੇ। ਡੀ. ਐੱਸ. ਪੀ. ਸੁੱਚਾ ਸਿੰਘ ਦਾ ਕਹਿਣਾ ਹੈ ਕਿ ਇਸ ਘਟਨਾ 'ਚ ਜਿਹੜਾ ਵੀ ਵਿਅਕਤੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਸਰਪੰਚ ਸੋਨੂੰ ਚੀਮਾ ਦਾ ਕਹਿਣਾ ਹੈ ਕਿ ਅਕਾਲੀ ਪੁਰਾਣੀ ਆਦਤ ਅਨੁਸਾਰ ਗੁੰਡਾਗਰਦੀ ਕਰਨ 'ਤੇ ਉਤਰ ਆਏ ਤੇ ਕਾਂਗਰਸੀ ਵਰਕਰਾਂ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕੀਤੀ। ਖਬਰ ਲਿਖੇ ਜਾਣ ਤੱਕ ਮਿਲੀ ਜਾਣਕਾਰੀ ਅਨੁਸਾਰ ਦੋ ਧਿਰਾਂ 'ਚ ਹੋਏ ਤਕਰਾਰ ਸਬੰਧੀ ਮੌਕੇ 'ਤੇ ਮੌਜੂਦ ਡਿਊਟੀ ਅਫਸਰ ਏ. ਐੱਸ. ਆਈ. ਕੇਵਲ ਸਿੰਘ ਦੇ ਬਿਆਨਾਂ 'ਤੇ ਥਾਣਾ ਸਿਟੀ ਵਿਖੇ ਅਕਾਲੀ ਦਲ ਬਾਦਲ ਨਾਲ ਸਬੰਧਤ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ, ਨਵਰੂਪ ਸਿੰਘ ਸੰਧਾਵਾਲੀਆ ਕੌਂਸਲਰ, ਭਗਵਾਨ ਸਿੰਘ ਕਾਜੀਕੋਟ, ਲਖਬੀਰ ਸਿੰਘ ਲੱਖਾ ਹਵੇਲੀਆਂ, ਰਣਜੀਤ ਸਿੰਘ ਚੀਮਾ ਨੰਬਰਦਾਰ ਤੋਂ ਇਲਾਵਾ ਇਕ ਦਰਜਨ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਦੇ ਹੋਏ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।