ਟਾਰਗੈੱਟ ਕਿਲਿੰਗ ਮਾਮਲੇ ਦੇ ਦੋਸ਼ਾਂ ਦੀ ਹੋਵੇਗੀ ਜਾਂਚ : ਕੈਨੇਡੀਅਨ ਐੱਮ. ਪੀ.

02/23/2018 7:17:25 PM

ਚੰਡੀਗੜ੍ਹ (ਸ਼ਰਮਾ) : ਕੈਨੇਡਾ ਦੇ ਸੰਸਦ ਮੈਂਬਰ ਰਾਜਵਿੰਦਰ ਸਿੰਘ ਗਰੇਵਾਲ ਨੇ ਪੰਜਾਬ 'ਚ ਟਾਰਗੈੱਟ ਕਿਲਿੰਗ ਮਾਮਲੇ 'ਚ ਲੱਗ ਰਹੇ ਦੋਸ਼ਾਂ ਦੀ ਕੈਨੇਡਾ ਸਰਕਾਰ ਵੱਲੋਂ ਜਾਂਚ ਦਾ ਭਰੋਸਾ ਦਿੱਤਾ ਹੈ। ਗਰੇਵਾਲ ਬੀਤੀ ਰਾਤ ਇੰਡੀਅਨ ਫੈੱਡਰੇਸ਼ਨ ਆਫ ਯੂਨਾਈਟਿਡ ਨੇਸ਼ਨਜ਼ ਐਸੋਸੀਏਸ਼ਨ ਵਲੋਂ ਉਨ੍ਹਾਂ ਦੇ ਸਨਮਾਨ 'ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਗੱਲਬਾਤ ਕਰ ਰਹੇ ਸਨ।
ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਨੇਡਾ ਦੀ ਧਰਤੀ ਨੂੰ ਵੱਖਵਾਦੀ ਤਾਕਤਾਂ ਵਲੋਂ ਭਾਰਤ 'ਚ ਖਾਸ ਕਰਕੇ ਪੰਜਾਬ 'ਚ ਅਸ਼ਾਂਤੀ ਫੈਲਾਉਣ ਦੀਆਂ ਸ਼ੰਕਾਵਾਂ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਗੰਭੀਰਤਾ ਨਾਲ ਲਏ ਜਾਣ ਅਤੇ ਜਾਂਚ ਦਾ ਭਰੋਸਾ ਦਿੱਤਾ ਹੈ। ਇਸ ਲਈ ਇਸ ਮੁੱਦੇ 'ਤੇ ਹੋਰ ਜ਼ਿਆਦਾ ਕੁਝ ਨਹੀਂ ਕਹਿ ਸਕਦੇ।
ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਯੂਨਾਈਟਿਡ ਇੰਡੀਆ ਦੀ ਨੀਤੀ 'ਤੇ ਕਾਇਮ ਹੈ ਅਤੇ ਉਥੇ ਦੀ ਸਰਕਾਰ ਭਾਰਤ ਦੇ ਨਾਲ ਵਪਾਰਕ ਸਮੇਤ ਹੋਰਨਾਂ ਖੇਤਰਾਂ 'ਚ ਸਹਿਯੋਗ ਦੀ ਚਾਹਵਾਨ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਦਾ ਜਨਮ ਕੈਨੇਡਾ 'ਚ ਹੋਇਆ ਹੈ ਪਰ ਉਨ੍ਹਾਂ ਦਾ ਆਪਣੇ ਮਾਤਾ-ਪਿਤਾ ਦੇ ਜਨਮ ਸਥਾਨ ਪੰਜਾਬ ਨਾਲ ਡੂੰਘਾ ਭਾਵਨਾਤਮਕ ਰਿਸ਼ਤਾ ਹੈ।