ਗੈਸ ਦੀ ਨਾਲੀ ਨੂੰ ਅੱਗ ਲੱਗਣ ਕਾਰਨ ਘਰ ਦਾ ਸਾਮਾਨ ਸੜ ਕੇ ਹੋਇਆ ਸੁਆਹ

05/06/2019 10:23:21 AM

ਤਰਨਤਾਰਨ (ਰਮਨ) : ਗੈਸ ਸਿਲੰਡਰ ਦੀ ਨਾਲੀ ਤੋਂ ਗੈਸ ਲੀਕ ਹੋਣ ਨਾਲ ਇਕ ਗਰੀਬ ਦੇ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗਰੀਬ ਪਰਿਵਾਰ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਸਰਹਾਲੀ ਰੋਡ ਵਿਖੇ ਕਿਰਾਏ ਦੇ ਮਕਾਨ 'ਚ ਰਹਿੰਦੀ ਸ਼ਾਂਤੀ ਨੇ ਦੱਸਿਆ ਕਿ ਅੱਜ ਉਹ ਆਪਣੀ ਨੂੰਹ ਨਾਲ ਘਰ 'ਚ ਮੌਜੂਦ ਸੀ ਤੇ ਕਰੀਬ 1.30 ਵਜੇ ਦੁਪਹਿਰ ਉਹ ਜਦੋਂ ਚਾਹ ਬਣਾਉਣ ਲੱਗੀ ਤਾਂ ਰਸੋਈ 'ਚ ਮੌਜੂਦ ਗੈਸ ਸਿਲੰਡਰ ਦੀ ਨਾਲੀ ਤੋਂ ਗੈਸ ਲੀਕ ਹੋਣ ਨਾਲ ਅੱਗ ਲੱਗ ਗਈ, ਜਿਸ ਨਾਲ ਉਹ ਜ਼ਖਮੀ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਅੱਗ ਨਾਲ ਘਰ 'ਚ ਮੌਜੂਦ ਸਾਰੇ ਕੱਪੜੇ, ਟਰੰਕ, ਮੰਜੇ, ਨਕਦੀ ਤੋਂ ਇਲਾਵਾ ਉਸ ਦੀਆਂ ਨੂੰਹਾਂ ਦੇ ਸੋਨੇ ਚਾਂਦੀ ਦੇ ਗਹਿਣੇ ਤੱਕ ਸੜ ਕੇ ਸੁਆਹ ਹੋ ਗਏ। ਸ਼ਾਂਤੀ ਨੇ ਦੱਸਿਆ ਕਿ ਉਸ ਦਾ ਪਤੀ ਕੁਲਚੇ ਛੋਲੇ ਦੀ ਰੇਹੜੀ ਲਾਉਂਦਾ ਹੈ। ਅੱਗ ਨਾਲ ਘਰ ਦੀ ਕਾਨਿਆਂ ਵਾਲੀ ਛੱਤ ਸੜ ਗਈ ਤੇ ਲੋਹੇ ਦਾ ਗਾਡਰ ਵਿੰਗਾ ਹੋ ਗਿਆ। 

ਇਸ ਸਬੰਧੀ ਸ਼ਾਂਤੀ ਤੇ ਉਸ ਦੇ ਪਤੀ ਨੇ ਜ਼ਿਲਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਜੇ ਇਸ ਗੈਸ ਸਿਲੰਡਰ ਨੂੰ ਅੱਗ ਲੱਗਣ ਨਾਲ ਧਮਾਕਾ ਹੋ ਜਾਂਦਾ ਤਾਂ ਆਸ-ਪਾਸ ਦੇ ਇਲਾਕੇ ਤੇ ਘਰ 'ਚ ਮੌਜੂਦ ਬੱਚਿਆਂ ਸਮੇਤ ਸਾਰੇ ਮੈਂਬਰਾਂ ਦਾ ਭਾਰੀ ਨੁਕਸਾਨ ਹੋ ਸਕਦਾ ਸੀ। ਇਸ ਸਬੰਧੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਸ ਸਬੰਧੀ ਕਿਸੇ ਅਧਿਕਾਰੀ ਤੋਂ ਜਾਂਚ ਕਰਵਾਉਣ ਉਪਰੰਤ ਬਣਦੀ ਸਹਾਇਤਾ ਕੀਤੀ ਜਾਵੇਗੀ।

Baljeet Kaur

This news is Content Editor Baljeet Kaur